ਪੰਜਾਬ ਦੇ ਨੌਜਵਾਨਾਂ ਦਾ ਸਰਕਾਰੀ ਨੌਕਰੀ ਤੋਂ ਚਾਅ ਮੁਕਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਰਾਜ ਕਰਦੀ ਕੈਪਟਨ ਅਮਰਿੰਦਰ ਸਿੰਘ ਦੀ ਸੂਬਾ ਸਰਕਾਰ ਘਰ ਘਰ ਰੋਜ਼ਗਾਰ ਯੋਜਨਾ ਤਹਿਤ ਭਾਵੇਂ ਸਮੁੱਚੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ...

No Youth Present in Government Job Interview

ਪਟਿਆਲਾ,  ਪੰਜਾਬ ਵਿਚ ਰਾਜ ਕਰਦੀ ਕੈਪਟਨ ਅਮਰਿੰਦਰ ਸਿੰਘ ਦੀ ਸੂਬਾ ਸਰਕਾਰ ਘਰ ਘਰ ਰੋਜ਼ਗਾਰ ਯੋਜਨਾ ਤਹਿਤ ਭਾਵੇਂ ਸਮੁੱਚੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਹੁਣ ਤਕ ਇਕ ਲੱਖ 72 ਹਜ਼ਾਰ ਨੌਕਰੀਆਂ ਦੇਣ ਦੇ ਦਾਅਵੇ ਕਰ ਰਹੀ ਹੈ ਪਰ ਕਲ ਲੁਧਿਆਣਾ ਵਿਖੇ ਇਸੇ ਸਕੀਮ ਅਧੀਨ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਣ ਲਈ ਲਗਾਏ ਕੈਂਪ ਵਿਚ ਭਾਵੇਂ ਸਥਾਨਕ ਉਦਯੋਗਪਤੀਆਂ ਨੂੰ 5000 ਬੰਦਿਆਂ ਦੀ ਜ਼ਰੂਰਤ ਸੀ ਉਥੇ ਇਸ ਕੈਂਪ ਵਿਚ ਨੌਕਰੀ ਹਾਸਲ ਕਰਨ ਲਈ ਸਿਰਫ਼ ਇਕ ਨੌਜਵਾਨ ਹੀ ਪਹੁੰਚਿਆ ਉਹ ਵੀ ਦੁਪਹਿਰ ਤੋਂ ਬਾਅਦ।

ਇਸ ਨੌਜਵਾਨ ਨੂੰ ਵੀ ਨੌਕਰੀ ਦੀ ਇੰਟਰਵਿਊ ਤੋਂ ਬਾਅਦ ਰੱਦ ਕਰ ਦਿਤਾ ਗਿਆ ਕਿਉਂਕਿ ਉਹ ਕੁੱਝ ਬੁਨਿਆਦੀ ਸਵਾਲਾਂ ਦੇ ਜਵਾਬ ਵੀ ਨਾ ਦੇ ਸਕਿਆ। ਕੈਂਪ ਦਾ ਆਯੋਜਨ ਫੋਕਲ ਪੁਆਇੰਟ ਲੁਧਿਆਣਾ ਦੇ ਫੇਜ਼-4 ਦੇ ਉਦਯੋਗਪਤੀਆਂ ਨੇ ਸਥਾਨਕ ਜ਼ਿਲ੍ਹਾ ਉਦਯੋਗ ਵਿਭਾਗ ਅਤੇ ਜ਼ਿਲ੍ਹਾ ਰੁਜ਼ਗਾਰ ਵਿਭਾਗ ਦੇ ਸਹਿਯੋਗ ਨਾਲ ਲਗਾਇਆ ਸੀ ਅਤੇ ਕੈਂਪ ਦਾ ਸਥਾਨ ਫੋਕਲ ਪੁਆਇੰਟ ਫੇਜ਼-4 ਦੇ ਰਜਨੀਸ਼ ਇੰਡਸਟਰੀ ਪ੍ਰਾਈਵੇਟ ਲਿਮਿਟਡ ਵਿਖੇ ਸਥਿਤ ਸੀ।

ਫੋਕਲ ਪੁਆਇੰਟ ਦੇ ਉਦਯੋਗਪਤੀਆਂ ਵਲੋਂ ਇਸ ਕੈਂਪ ਵਿੱਚ ਨੌਕਰੀਆ ਦੇ ਚਾਹਵਾਨਾਂ ਲਈ ਸੁਪਰਵਾਈਜਰਾਂ, ਮਸ਼ੀਨ ਉਪਰਟੇਰਾਂ, ਅਤੇ ਤਕਨੀਕੀ ਕਾਮਿਆਂ ਤੋਂ ਇਲਾਵਾ ਸਕਿੱਲਡ ਅਤੇ ਅਨਸਕਿੱਲਡ ਕੈਟੇਗਰੀਆਂ ਲਈ ਪ੍ਰਚਾਰ ਇਸ਼ਤਿਹਾਰ ਦਿਤਾ ਗਿਆ ਸੀ ਜਿਸ ਵਿੱਚ ਨੌਕਰੀ ਚਾਹਵਾਨਾਂ ਦੀ ਵਿੱਦਿਅਕ ਯੋਗਤਾ ਦਸਵੀਂ ਜਾਂ ਆਈ.ਟੀ.ਆਈ ਰੱਖੀ ਗਈ ਸੀ ਅਤੇ ਇਨ੍ਹਾਂ ਲਈ ਵੇਤਨਮਾਨ 8000 ਰੁਪਏ ਤੋਂ ਲੈ ਕੇ 15000 ਤਕ ਨਿਸ਼ਚਿਤ ਸੀ।  ਉਦਯੋਗਪਤੀਆਂ ਨੇ ਇਹ ਵੀ ਦੱਸਿਆ ਕਿ ਹਰ ਬੇਰੁਜ਼ਗਾਰ ਨੌਜਵਾਨ ਸਰਕਾਰੀ ਨੌਕਰੀ ਦਾ ਇਛੁੱਕ ਹੈ।

ਜਦੋਂ ਇਸ ਸਬੰਧੀ ਜ਼ਿਲ੍ਹਾ ਉਦਯੋਗ ਸਿਖਲਾਈ ਕੇਂਦਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਸਿਆ ਕਿ ਲੁਧਿਆਣੇ ਦੇ ਉਦਯੋਗਾਂ ਵਿੱਚ ਇਸ ਸਮੇਂ 40 ਫੀ ਸਦੀ ਕਾਮਿਆਂ ਦੀ ਘਾਟ ਹੈ ਪਰ ਜਦੋਂ ਇਸ ਸੰਬੰਧੀ ਡਿਪਟੀ ਡਾਇਰੈਕਰ ਰੁਜਗਾਰ ਕੇਂਦਰ ਲੁਧਿਆਣਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਅਸੀਂ ਨਿੱਜੀ ਤੌਰ ਤੇ 500 ਤੋਂ ਵੱਧ ਬੇਰੁਜਗਾਰਾਂ ਨਾਲ ਖੁਦ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਰੁਜਗਾਰ ਮੇਲੇ ਵਿੱਚ ਪਹੁੰਚਣ ਲਈ ਕਿਹਾ ਗਿਆ ਸੀ ਪਰ ਕੈਂਪ ਦੂਰ ਹੋਣ ਕਰ ਕੇ ਜਾਂ ਖਰਾਬ ਮੌਸਮ (ਗਰਮੀ) ਕਰ ਕੇ ਨੌਜਵਾਨ ਨਹੀਂ ਆਏ।