ਵਿਜੀਲੈਂਸ ਵਲੋਂ ਮਿੱਤਲ ਭਰਾਵਾਂ ਦੇ ਟਿਕਾਣਿਆਂ 'ਤੇ ਛਾਪੇ, ਬੀਡੀਪੀਓ ਢਿੱਲੋਂ ਦੇ ਘਰ ਦੀ ਤਲਾਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਜੀਲੈਂਸ ਬਿਊਰੋ ਨੇ ਬਲਾਕ ਸੰਮਤੀ ਖਰੜ ਦੇ ਫ਼ੰਡਾਂ ਵਿਚ 50 ਲੱਖ ਰੁਪਏ ਦੇ ਗ਼ਬਨ ਦੇ ਮਾਮਲੇ ਵਿਚ ਅੱਜ ਜੇ.ਆਰ. ਪ੍ਰਿੰਟਰਜ਼ ਦੇ ਭਾਈਵਾਲਾਂ......

The Vigilance officials carry the accused for a hearing.

ਐਸ.ਏ.ਐਸ. ਨਗਰ,   (ਗੁਰਮੁਖ ਵਾਲੀਆ) ਪੰਜਾਬ ਵਿਜੀਲੈਂਸ ਬਿਊਰੋ ਨੇ ਬਲਾਕ ਸੰਮਤੀ ਖਰੜ ਦੇ ਫ਼ੰਡਾਂ ਵਿਚ 50 ਲੱਖ ਰੁਪਏ ਦੇ ਗ਼ਬਨ ਦੇ ਮਾਮਲੇ ਵਿਚ ਅੱਜ ਜੇ.ਆਰ. ਪ੍ਰਿੰਟਰਜ਼ ਦੇ ਭਾਈਵਾਲਾਂ ਪੁਨੀਤ ਮਿੱਤਲ, ਰਾਜਿੰਦਰਪਾਲ ਮਿੱਤਲ ਅਤੇ ਜੀਤਪਾਲ ਮਿੱਤਲ ਦੇ ਪਟਿਆਲਾ ਤੇ ਸੰਗਰੂਰ ਵਿਚ ਸਥਿਤ ਰਿਹਾਇਸ਼ੀ 'ਤੇ ਕਾਰੋਬਾਰੀ ਟਿਕਾਣਿਆਂ 'ਤੇ ਛਾਪੇ ਮਾਰੇ। ਇਸ ਤੋਂ ਇਲਾਵਾ ਖਰੜ ਦੇ ਬੀਡੀਪੀਓ ਰਹੇ ਜਤਿੰਦਰ ਸਿੰਘ ਢਿੱਲੋਂ ਦੇ ਘਰ ਦੀ ਵੀ ਤਲਾਸ਼ੀ ਲਈ।

ਇਸੇ ਦੌਰਾਨ ਇਸ ਕੇਸ ਵਿਚ ਦੋਸ਼ੀ ਬਲਾਕ ਸੰਮਤੀ ਦੇ ਚੇਅਰਮੈਨ ਰੇਸ਼ਮ ਸਿੰਘ ਦਾ ਐਸ.ਏ.ਐਸ. ਨਗਰ ਦੀ ਅਦਾਲਤ ਤੋਂ ਤਿੰਨ ਦਿਨਾਂ ਪੁਲੀਸ ਰੀਮਾਂਡ ਹਾਸਲ ਕੀਤਾ ਹੈ। ਇਸ ਦਾ ਪ੍ਰਗਟਾਵਾ ਕਰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਕਿਹਾ ਕਿ ਬਿਊਰੋ ਵਲੋਂ ਉਪਰੋਕਤ ਮੁਲਜ਼ਮਾਂ ਵਿਰੁਧ 7 ਜੂਨ 2018 ਨੂੰ ਦਰਜ ਐਫ਼ਆਈਆਰ ਨੰਬਰ 6 ਦੀ ਜਾਂਚ ਦੌਰਾਨ ਛਾਪੇ ਮਾਰਨ ਲਈ ਵੱਖ-ਵੱਖ ਟੀਮਾਂ ਭੇਜੀਆਂ ਗਈਆਂ।

ਇਸ ਤੋਂ ਇਲਾਵਾ ਬੀਡੀਪੀਓ ਖਰੜ ਅਤੇ ਬਲਾਕ ਸੰਮਤੀ ਖਰੜ ਦੇ ਦਫ਼ਤਰਾਂ ਤੋਂ ਪੰਚਾਇਤਾਂ ਦੀ ਵਰਤੋਂ ਲਈ ਵੱਖ ਵੱਖ ਸਟੇਸ਼ਨਰੀ ਵਸਤਾਂ ਦੀ ਖ਼ਰੀਦ ਨਾਲ ਸਬੰਧਤ ਰੀਕਾਰਡ ਵੀ ਕਬਜ਼ੇ ਵਿਚ ਲਿਆ ਗਿਆ। ਇਸ ਮਾਮਲੇ ਵਿਚ ਕਰੀਬ 50 ਲੱਖ ਰੁਪਏ ਦਾ ਘਪਲਾ ਪਾਇਆ ਗਿਆ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦਸਿਆ ਕਿ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਸ਼ੇਸ਼ ਜੱਜ ਦੀ ਅਦਾਲਤ ਵਿਚ ਬਹਿਸ ਦੌਰਾਨ ਬਿਊਰੋ ਨੇ ਅਪਣੇ ਪੱਖ ਨੂੰ ਮਜ਼ਬੂਤੀ ਨਾਲ ਰੱਖਿਆ ਅਤੇ ਦੋਸ਼ੀ ਬਲਾਕ ਸੰਮਤੀ ਚੇਅਰਮੈਨ ਰੇਸ਼ਮ ਸਿੰਘ ਦਾ ਤਿੰਨ ਦਾ ਰੀਮਾਂਡ ਪੁਲਿਸ ਰੀਮਾਂਡ ਹਾਸਲ ਕਰ ਲਿਆ ਹੈ

ਤਾਂ ਜੋ ਇਸ ਕੇਸ ਦੀ ਹੋਰ ਤਫ਼ਤੀਸ਼ ਕੀਤੀ ਜਾ ਸਕੇ। ਬੁਲਾਰੇ ਨੇ ਕਿਹਾ ਕਿ ਇਸ ਉਪਰੰਤ ਵਿਜੀਲੈਂਸ ਦੀ ਵਿਸ਼ੇਸ਼ ਟੀਮ ਨੇ ਚੇਅਰਮੈਨ ਰੇਸ਼ਮ ਸਿੰਘ ਨੂੰ ਬੀਡੀਪੀਓ ਖਰੜ ਅਤੇ ਬਲਾਕ ਸੰਮਤੀ ਖਰੜ ਦੇ ਦਫ਼ਤਰਾਂ ਵਿਚ ਲਿਜਾ ਕੇ ਇਸ ਘਪਲੇ ਨਾਲ ਸਬੰਧਤ ਲੋੜੀਂਦਾ ਰੀਕਾਰਡ ਵੀ ਜ਼ਬਤ ਕਰ ਲਿਆ ਹੈ।

ਬੁਲਾਰੇ ਨੇ ਦਸਿਆ ਕਿ ਤਫ਼ਤੀਸ਼ ਦੌਰਾਨ ਚੇਅਰਮੈਨ ਰੇਸ਼ਮ ਸਿੰਘ ਨੇ ਕਈ ਤੱਥ ਉਜਾਗਰ ਕੀਤੇ ਹਨ ਕਿ ਬੀਡੀਪੀਓ ਢਿੱਲੋਂ ਅਤੇ ਜੇਆਰ ਪਿੰਟਰ ਦੇ ਮਾਲਕ ਮਿੱਤਲ ਬ੍ਰਦਰਜ਼ ਹੀ ਇਸ ਕੇਸ ਦੇ ਮੁੱਖ ਸਾਜ਼ਿਸ਼ਕਰਤਾ ਸਨ। ਉਸ ਨੇ ਤਫ਼ਤੀਸ਼ ਦੌਰਾਨ ਇਹ ਵੀ ਮੰਨਿਆ ਹੈ ਕਿ ਬੀਡੀਪੀਓ ਢਿੱਲੋਂ ਉਸ ਨੂੰ ਅਪਣੇ ਦਫ਼ਤਰ ਵਿਚ ਬੁਲਾ ਕੇ ਜੇਆਰ ਪ੍ਰਿੰਟਰਜ਼ ਨੂੰ ਕੰਮ ਦੇ ਆਰਡਰ ਦੇਣ ਲਈ ਦਸਤਖ਼ਤ ਕਰਵਾਉਣ ਬਦਲੇ ਨਕਦ ਵਿਚ ਰਿਸ਼ਵਤ ਦਿੰਦਾ ਸੀ।