ਗੁਜਰਾਤ ਅਤੇ ਮੱਧ ਪ੍ਰਦੇਸ਼ ਮਗਰੋਂ ਭਾਜਪਾ ਸਰਕਾਰ ਨੇ ਯੂ.ਪੀ. ਵਿਚ ਵੀ ਰੰਗ ਵਿਖਾਉਣਾ ਕੀਤਾ ਸ਼ੁਰੂ

ਏਜੰਸੀ

ਖ਼ਬਰਾਂ, ਪੰਜਾਬ

ਪਿਛਲੇ 70 ਸਾਲਾਂ ਤੋਂ ਯੂ.ਪੀ. 'ਚ ਵਸਦੇ ਪੰਜਾਬੀਆਂ ਨੂੰ ਉਜਾੜਨ ਦੀ ਤਿਆਰੀ

1

600 ਪੰਜਾਬੀ ਪ੍ਰਵਾਰਾਂ ਦੇ ਸਿਰ 'ਤੇ ਮੰਡਰਾਉਣ ਲੱਗੀ ਖ਼ਤਰੇ ਦੀ ਤਲਵਾਰ!
ਬਾਦਲ ਬਿਨਾ ਦੇਰੀ ਮੋਦੀ ਤੋਂ ਕਰਾਉਣ ਉਕਤ ਸਮੱਸਿਆ ਦਾ ਹੱਲ : ਰਾਮੂਵਾਲੀਆ




ਕੋਟਕਪੂਰਾ, 9 ਜੂਨ (ਗੁਰਿੰਦਰ ਸਿੰਘ): ਪਹਿਲਾਂ ਗੁਜਰਾਤ ਅਤੇ ਫਿਰ ਮੱਧ ਪ੍ਰਦੇਸ਼ 'ਚ ਭਾਜਪਾ ਸਰਕਾਰਾਂ ਨੇ ਪੰਜਾਬੀ ਪ੍ਰਵਾਰਾਂ ਨੂੰ ਤੰਗ-ਪ੍ਰੇਸ਼ਾਨ ਅਤੇ ਜ਼ਲੀਲ ਹੀ ਨਾ ਕੀਤਾ ਬਲਕਿ ਉਜਾੜਨ ਵਾਲੀ ਕੋਈ ਕਸਰ ਬਾਕੀ ਨਾ ਛੱਡੀ ਪਰ ਹੁਣ ਉੱਤਰ ਪ੍ਰਦੇਸ਼ 'ਚ ਲਗਭਗ 600 ਪੰਜਾਬੀ ਪ੍ਰਵਾਰਾਂ ਦੇ ਸਿਰ 'ਤੇ ਭਾਜਪਾ ਸਰਕਾਰ ਨੇ ਖ਼ਤਰੇ ਦੀ ਘੰਟੀ ਵਜਾ ਦਿਤੀ ਹੈ। ਉਕਤ ਪ੍ਰਵਾਰ ਕੋਰੋਨਾ ਦੀ ਮਹਾਂਮਾਰੀ ਦਾ ਵਾਸਤਾ ਪਾ ਕੇ ਅਪਣੇ ਹੀ ਘਰਾਂ 'ਚ ਰਹਿਣ ਦੀ ਮੋਹਲਤ ਮੰਗ ਰਹੇ ਹਨ ਪਰ ਉਨ੍ਹਾਂ 'ਤੇ ਤਰਸ ਕਰਨ ਵਾਲਾ ਕੋਈ ਵੀ ਵਿਖਾਈ ਨਹੀਂ ਦੇ ਰਿਹਾ, ਉਹ ਹੈਰਾਨ ਹਨ ਕਿ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਹੁਣ ਜਾਣ ਤਾਂ ਕਿੱਥੇ? ਸਿੱਖ ਸੰਗਠਨ ਉੱਤਰ ਪ੍ਰਦੇਸ਼ ਦੇ ਪ੍ਰਧਾਨ ਜਸਵੀਰ ਸਿੰਘ ਵਿਰਕ ਅਤੇ ਪਾਲ ਸਿੰਘ ਦੀ ਅਗਵਾਈ 'ਚ ਪੀੜਤ ਪਰਿਵਾਰ ਜਿੱਥੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਵਿਧਾਇਕਾਂ ਨੂੰ ਮਿਲਣ ਤੋਂ ਬਾਅਦ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਤਕ ਵੀ ਪਹੁੰਚ ਕਰ ਚੁੱਕੇ ਹਨ ਅਤੇ ਪੰਜਾਬ ਦੇ ਸਿਆਸਤਦਾਨਾਂ ਨੂੰ ਮਦਦ ਲਈ ਅਪੀਲਾਂ ਕਰ ਰਹੇ ਹਨ ਪਰ ਉਨ੍ਹਾਂ ਦੀ ਬਾਂਹ ਕੋਈ ਨਹੀਂ ਫੜ ਰਿਹਾ। ਜਸਵੀਰ ਸਿੰਘ ਵਿਰਕ ਨੇ ਦਸਿਆ ਕਿ ਦੇਸ਼ ਦੀ ਅਜਾਦੀ ਤੋਂ ਬਾਅਦ ਸਾਲ 1950 'ਚ ਕੁਝ ਪੰਜਾਬੀ ਪਰਿਵਾਰਾਂ ਨੇ ਪਿੰਡ ਚੰਪਤਪੁਰ ਤਹਿਸੀਲ ਨਗੀਨਾ ਜਿਲਾ ਬਿਜ਼ਨੋਰ ਅਤੇ ਪਿੰਡ ਰਣ ਨਗਰ ਜ਼ਿਲ੍ਹਾ ਲਖੀਮਪੁਰ ਖੀਰੀ 'ਚ ਬੇਅਬਾਦ ਜਮੀਨਾ ਖਰੀਦੀਆਂ, ਜ਼ਹਿਰੀਲੇ ਜੰਗਲੀ ਜੀਵਾਂ ਦੀ ਬਹੁਤਾਤ ਦੇ ਬਾਵਜੂਦ ਬੀਆਬਾਨ ਜੰਗਲਾਂ ਨੂੰ ਵਾਹੀਯੋਗ ਬਣਾਇਆ, ਪੱਕੇ ਮਕਾਨ, ਹਰ ਤਰਾਂ ਦੇ ਕੁਨੈਕਸ਼ਨ, ਬੈਂਕ ਖਾਤਿਆਂ ਅਤੇ ਮੁਕੰਮਲ ਦਸਤਾਵੇਜਾਂ ਦੇ ਬਾਵਜੂਦ ਵੀ 70 ਸਾਲਾਂ ਬਾਅਦ ਉਨਾਂ ਦੀ ਤੀਜੀ ਪੀੜ੍ਹੀ ਨੂੰ ਭਾਜਪਾ ਸਰਕਾਰ ਉਜਾੜਨ ਦੇ ਰਾਹ ਪਾਉਣ ਲਈ ਤੁਲੀ ਹੋਈ ਹੈ। ਉਨਾ ਦੱਸਿਆ ਕਿ ਯੂ.ਪੀ. ਦੇ ਵਿੱਚ ਸਮੇਂ ਸਮੇਂ ਕਾਂਗਰਸ, ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੀਆਂ ਸਰਕਾਰਾਂ ਬਣੀਆਂ ਪਰ ਕਿਸੇ ਨੇ ਵੀ ਪੰਜਾਬੀ ਕਿਸਾਨਾਂ ਨਾਲ ਵਿਤਕਰਾ ਨਹੀਂ ਕੀਤਾ। ਹੁਣ ਭਾਜਪਾ ਸਰਕਾਰ ਵਲੋਂ ਵਿਤਕਰਾ ਹੀ ਨਹੀਂ ਬਲਕਿ ਪੰਜਾਬੀ ਕਿਸਾਨਾਂ ਨੂੰ ਜਲੀਲ ਵੀ ਕੀਤਾ ਜਾ ਰਿਹਾ ਹੈ। ਕਿਉਂਕਿ ਪੰਜਾਬੀ ਕਿਸਾਨਾਂ ਦੀ ਹਰੀ-ਭਰੀ ਗੰਨੇ ਦੀ ਫਸਲ ਨੂੰ ਜੇਸੀਬੀ ਮਸ਼ੀਨ ਅਤੇ ਦਰਜਨਾ ਟਰੈਕਟਰਾਂ ਦੀ ਮੱਦਦ ਨਾਲ ਵਾਹੁਣ ਲਈ ਪੁੱਜੀ ਵਣ ਵਿਭਾਗ ਦੀ ਟੀਮ ਨੂੰ ਜਦੋਂ ਉਕਤ ਜਮੀਨ ਦੇ ਮਾਲਕ ਕਿਸਾਨਾ ਨੇ ਰੋਕਣ ਦੀ ਕੌਸ਼ਿਸ਼ ਕੀਤੀ ਤਾਂ ਤਕਰਾਰ ਹੋ ਗਿਆ ਅਤੇ ਵਣ ਵਿਭਾਗ ਅਧਿਕਾਰੀ ਦੇ ਬਿਆਨਾ ਦੇ ਆਧਾਰ 'ਤੇ 35 ਕਿਸਾਨਾਂ ਖਿਲਾਫ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ।


              ਮੁੱਖ ਮੰਤਰੀ ਉੱਤਰ ਪ੍ਰਦੇਸ਼ ਨੂੰ ਭੇਜੀਆਂ ਲਿਖਤੀ ਸ਼ਿਕਾਇਤਾਂ 'ਚ ਪੰਜਾਬੀ ਕਿਸਾਨਾ ਨੇ ਦੱਸਿਆ ਕਿ 1950 'ਚ ਪੰਜਾਬੀਆਂ ਨੇ ਉੱਥੇ ਬੇਅਬਾਦ ਅਤੇ ਬੰਜਰ ਜਮੀਨਾਂ ਖਰੀਦ ਕੇ ਉਨਾਂ ਨੂੰ ਬੜੀ ਮੁਸ਼ਕਿਲ ਨਾਲ ਵਾਹੀਯੋਗ ਬਣਾਇਆ। ਸਾਲ 1964 ਤੱਕ ਉਹੀ ਜਮੀਨਾ ਵਾਹੁੰਦੇ ਰਹੇ ਅਤੇ ਉਸ ਤੋਂ ਬਾਅਦ ਹੋਰ ਬੇਅਬਾਦ ਤੇ ਬੰਜਰ ਜਮੀਨਾ ਖਰੀਦੀਆਂ ਗਈਆਂ, ਜਿੰਨਾ 'ਤੇ 1950 'ਚ ਆਏ ਪੰਜਾਬੀ ਕਿਸਾਨਾ ਦੀ ਤੀਜੀ ਪੀੜੀ ਕਾਸ਼ਤ ਕਰ ਰਹੀ ਹੈ। ਉਨਾ ਦੱਸਿਆ ਕਿ ਸਾਲ 1980 'ਚ ਚੱਕਬੰਦੀ ਐਕਟ ਤਹਿਤ ਸਰਕਾਰ ਨੇ ਕਾਬਜ ਕਿਸਾਨਾ ਨੂੰ ਮਾਲਕ ਮੰਨ ਲਿਆ, ਇੰਤਕਾਲ ਹੋ ਗਿਆ, ਬੈਂਕ ਖਾਤੇ ਖੁੱਲ ਗਏ, ਹਰ ਤਰਾਂ ਸਰਕਾਰਂ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਗਈਆਂ, ਪੰਜਾਬੀ ਪਰਿਵਾਰਾਂ ਨੇ ਆਪਣੇ ਪੱਕੇ ਮਕਾਨ ਬਣਾ ਲਏ ਪਰ ਹੁਣ ਉਕਤ ਜਮੀਨਾਂ 'ਤੇ ਵਣ ਵਿਭਾਗ ਨੇ ਆਪਣਾ ਹੱਕ ਦਰਸਾਉਣਾ ਸ਼ੁਰੂ ਕਰ ਦਿੱਤਾ ਹੈ। ਵਣ ਵਿਭਾਗ ਦੇ ਅਧਿਕਾਰੀ ਭਾਰੀ ਗਿਣਤੀ 'ਚ ਕਰਮਚਾਰੀਆਂ ਦੀ ਫੌਜ਼ ਸਮੇਤ ਜੇਸੀਬੀ ਮਸ਼ੀਨਾ ਅਤੇ ਦਰਜਨ ਤੋਂ ਜਿਆਦਾ ਟਰੈਕਟਰ ਲੈ ਕੇ ਆਏ ਤਾਂ ਆਪਣੀ ਪੁੱਤਾਂ ਵਾਂਗੂੰ ਪਾਲੀ ਫਸਲ ਦੀ ਰਾਖੀ ਲਈ ਪੰਜਾਬੀ ਕਿਸਾਨਾ ਵਲੋਂ ਵਿਰੋਧ ਕਰਨਾ ਸੁਭਾਵਿਕ ਸੀ ਪਰ ਵਣ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਜਦੋਂ ਪੰਜਾਬੀ ਕਿਸਾਨਾ ਦੇ ਘਰਾਂ 'ਚ ਵੜ ਕੇ ਔਰਤਾਂ ਦੀ ਬੇਇੱਜਤੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਬਰਦਾਸ਼ਤ ਕਰਨਾ ਔਖਾ ਹੋ ਗਿਆ ਤੇ ਉਸ ਸਮੇਂ ਵਣ ਵਿਭਾਗ ਦੇ ਕਰਮਚਾਰੀਆਂ ਨਾਲ ਪੰਜਾਬੀ ਕਿਸਾਨਾ ਦਾ ਤਕਰਾਰ ਹੋ ਗਿਆ ਤਾਂ ਦੋ ਦਿਨਾ ਬਾਅਦ 35 ਕਿਸਾਨਾ ਉੱਪਰ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਵੀ ਦਰਜ ਕਰ ਦਿੱਤਾ ਅਤੇ ਭਾਰੀ ਗਿਣਤੀ 'ਚ ਹਥਿਆਰਬੰਦ ਪੁਲਿਸ ਫੋਰਸ ਨਾਲ ਆਏ ਵਣ ਵਿਭਾਗ ਦੇ ਅਧਿਕਾਰੀਆਂ ਨੇ ਹਰੀ-ਭਰੀ ਗੰਨੇ ਦੀ ਫਸਲ ਉਜਾੜ ਦਿੱਤੀ, ਪੁਲਿਸ ਵਲੋਂ ਨਾਮਜਦ ਕੀਤੇ ਗਏ ਪੰਜਾਬੀ ਕਿਸਾਨਾ ਨੂੰ ਆਪਣੇ ਪਰਿਵਾਰਾਂ ਸਮੇਤ ਘਰੋਂ ਭੱਜਣ ਲਈ ਮਜਬੂਰ ਹੋਣਾ ਪਿਆ। ਉਨਾ ਦੱਸਿਆ ਕਿ ਪੰਜਾਬੀ ਕਿਸਾਨਾ ਵਲੋਂ ਅਬਾਦ ਕੀਤੀ ਗਈ ਲਗਭਗ 3 ਹਜਾਰ ਏਕੜ ਜਮੀਨ ਪਹਿਲਾਂ ਹੀ ਯੂ.ਪੀ. ਸਰਕਾਰ ਨੇ ਡੈਮ 'ਚ ਲਿਆ ਹੋਇਆ ਹੈ, ਉਸਦਾ ਅੱਜ ਤੱਕ ਪੰਜਾਬੀ ਕਿਸਾਨਾ ਨੂੰ ਕੋਈ ਮੁਆਵਜਾ ਨਹੀਂ ਮਿਲਿਆ ਪਰ ਹੁਣ 1 ਹਜਾਰ ਏਕੜ ਪਿੱਛੇ ਪੰਜਾਬੀ ਕਿਸਾਨਾ ਨੂੰ ਬਿਨਾ ਕਸੂਰੋਂ ਉਜਾੜਿਆ ਜਾ ਰਿਹਾ ਹੈ। ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਦੱਸਿਆ ਕਿ ਉਨਾਂ ਇਸ ਸਬੰਧੀ ਉੱਤਰ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਦਿਨੇਸ਼ ਚੰਦਰ ਨਾਲ ਗੱਲਬਾਤ ਕੀਤੀ ਹੈ ਕਿ 7 ਦਹਾਕਿਆਂ ਤੋਂ ਕਾਬਜ ਪੰਜਾਬੀ ਕਿਸਾਨਾ ਨੂੰ ਇਸ ਤਰਾਂ ਨਾ ਉਜਾੜਿਆ ਜਾਵੇ। ਉਨਾਂ ਤਖਤਾਂ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ, ਦਿੱਲੀ ਗੁਰਦਵਾਰਾ ਕਮੇਟੀ, ਅਕਾਲੀ ਦਲ ਦਿੱਲੀ ਸਮੇਤ ਸਮੂਹ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਨੂੰ ਪੰਜਾਬੀ ਕਿਸਾਨਾ ਦੀ ਮੱਦਦ ਦੀ ਅਪੀਲ ਕਰਦਿਆਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਸਵਾਲ ਕੀਤਾ ਕਿ ਉਹ ਆਪਣਾ ਅਸਰ ਰਸੂਖ ਵਰਤ ਕੇ ਪ੍ਰਧਾਨ ਮੰਤਰੀ ਤੋਂ ਪੰਜਾਬੀ ਕਿਸਾਨਾ ਦੇ ਉਜਾੜੇ ਵਾਲਾ ਮਸਲਾ ਹੱਲ ਕਿਉਂ ਨਹੀਂ ਕਰਵਾਉਂਦੇ?