ਕੈਪਟਨ ਦੇ ਨਜ਼ਦੀਕੀ ਮੰਤਰੀ ਦੇ ਘਰ ਰਾਧਾ ਸੁਆਮੀ ਮੁਖੀ ਦੀ ਫੇਰੀ ਦੀ ਸਿਆਸੀ ਗਲਿਆਰਿਆਂ 'ਚ ਚਰਚਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਘਰ ਹੋਈ ਘੰਟਾ ਭਰ ਮੀਟਿੰਗ

1

ਬਠਿੰਡਾ, 9 ਜੂਨ (ਸੁਖਜਿੰਦਰ ਮਾਨ): ਹਰ ਚੋਣਾਂ ਸਮੇਂ ਚਰਚਾ ਵਿਚ ਰਹਿਣ ਵਾਲੇ ਰਾਧਾ ਸੁਆਮੀ ਸੰਤਸੰਗ ਬਿਆਸ ਡੇਰੇ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਦੀ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਇਕ ਅਤਿ ਨਜ਼ਦੀਕੀ ਮੰਤਰੀ ਦੇ ਘਰ ਹੋਈ ਮੀਟਿੰਗ ਸਿਆਸੀ ਹਲਕਿਆਂ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।


ਸੂਤਰਾਂ ਅਨੁਸਾਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਘਰ ਡੇਢ ਘੰਟੇ ਦੇ ਕਰੀਬ ਰਹੇ। ਹਾਲਾਂਕਿ ਇਸ ਦੌਰਾਨ ਕੀ ਵਿਚਾਰ-ਚਰਚਾਵਾਂ ਹੋਈਆਂ, ਇਸਦੇ ਵੇਰਵੇ ਨਹੀਂ ਮਿਲੇ ਪ੍ਰੰਤੂ ਕਾਂਗੜ ਦੇ ਨਜ਼ਦੀਕੀਆਂ ਮੁਤਾਬਕ ਮੀਟਿੰਗ ਦੌਰਾਨ ਸਿਆਸੀ ਮੁੱਦਿਆਂ 'ਤੇ ਵੀ ਗੱਲਬਾਤ ਚੱਲੀ। ਇਸ ਮੀਟਿੰਗ ਬਾਰੇ ਬਠਿੰਡਾ ਜ਼ਿਲ੍ਹੇ ਵਿਚ ਕਾਂਗੜ ਦੇ ਹਲਕੇ ਫੂਲ ਸਹਿਤ ਸਾਰੇ ਚਰਚਾ ਚਲਦੀ ਰਹੀ। ਪ੍ਰੰਤੂ ਫਿਰ ਵੀ ਇਸ ਮੀਟਿੰਗ ਨੂੰ ਗੁਪਤ ਰਖਣ ਦੀ ਕੋਸ਼ਿਸ਼ ਕੀਤੀ ਗਈ। ਇਹ ਵੀ ਪਤਾ ਲੱਗਾ ਹੈ ਕਿ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ 'ਚ ਹੋਈ ਇਸ ਮਿਲਣੀ ਦੌਰਾਨ ਕਾਂਗੜ ਪਰਵਾਰ ਤੋਂ ਇਲਾਵਾ ਹੋਰ ਕੋਈ ਸਿਆਸੀ ਆਗੂ ਹਾਜ਼ਰ ਨਹੀਂ ਸੀ। ਉਂਜ ਡੇਰਾ ਬਿਆਸ ਦੇ ਮੁਖੀ ਨੂੰ ਮਿਲੀ ਹੋਈ ਜ਼ੈੱਡ ਪਲੱਸ ਸੁਰੱਖਿਆ ਦੇ ਮੱਦੇਨਜ਼ਰ ਵੱਡੇ ਸੁਰੱਖਿਆ ਇੰਤਜਾਮ ਕੀਤੇ ਹੋਏ ਸਨ।


ਦਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਬਾਦਲ ਪ੍ਰਵਾਰ ਨੂੰ ਛੱਡ ਡੇਰਾ ਮੁਖੀ ਕਿਸੇ ਹੋਰ ਵੱਡੇ ਸਿਆਸੀ ਆਗੂ ਦੇ ਘਰ ਜਾਂਦੇ ਨਹੀਂ ਦਿਖੇ ਪ੍ਰੰਤੂ ਕੈਪਟਨ ਦੇ ਖ਼ਾਸ-ਮ-ਖ਼ਾਸ ਮੰਨੇ ਜਾਂਦੇ ਮਾਲਵਾ ਖੇਤਰ ਦੇ ਵੱਡੇ ਆਗੂ ਗੁਰਪ੍ਰੀਤ ਸਿੰਘ ਕਾਂਗੜ ਦੇ ਘਰ ਉਨ੍ਹਾਂ ਦੀ ਇਸ ਵਿਸੇਸ ਫੇਰੀ ਦੇ ਪ੍ਰਭਾਵ ਆਉਣ ਵਾਲੇ ਸਮੇਂ ਵਿਚ ਜ਼ਰੂਰ ਵੇਖਣ ਨੂੰ ਮਿਲ ਸਕਦੇ ਹਨ।


ਇਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਮਾਲਵਾ ਪੱਟੀ 'ਚ ਡੇਰਾ ਸਿਰਸਾ ਤੋਂ ਬਾਅਦ ਸੱਭ ਤੋਂ ਵੱਧ ਪ੍ਰਭਾਵ ਰਾਧਾਸੁਆਮੀਆਂ ਦਾ ਹੈ ਅਤੇ ਹੁਣ ਤੱਕ ਰਾਧਾ ਸੁਆਮੀਆਂ ਦੇ ਮੁਖੀ ਦੀ ਮਜੀਠਿਆ ਪ੍ਰਵਾਰ ਨਾਲ ਰਿਸ਼ਤੇਦਾਰੀ ਹੋਣ ਦੇ ਚਲਦੇ ਜ਼ਿਆਦਾ ਨੇੜਤਾ ਬਾਦਲ ਪ੍ਰਵਾਰ ਨਾਲ ਹੀ ਰਹੀ ਹੈ ਪ੍ਰੰਤੂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਹਿਤ ਦੂਜੇ ਸਿਆਸੀ ਆਗੂਆਂ ਨਾਲ ਵੀ ਨਿੱਘੇ ਸਬੰਧ ਰਹੇ ਹਨ। ਉਹ ਗਰਮਖਿਆਲੀ ਆਗੂ ਸਿਮਰਨਜੀਤ ਸਿੰਘ ਮਾਨ ਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਦੇ ਵੀ ਨਜਦੀਕੀ ਹਨ।


ਗੌਰਤਲਬ ਹੈ ਕਿ ਤਿੰਨ ਵਾਰ ਹਲਕਾ ਫ਼ੂਲ ਤੋਂ ਵਿਧਾਇਕ ਬਣਨ ਵਾਲੇ ਗੁਰਪ੍ਰੀਤ ਸਿੰਘ ਕਾਂਗੜ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਕੈਪਟਨ ਪਰਵਾਰ ਦੇ ਨਜ਼ਦੀਕੀ ਮੈਂਬਰ ਵਜੋਂ ਵਿਚਰ ਰਹੇ ਹਨ, ਜਿਸ ਦੇ ਚਲਦੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਅਪਣੇ ਕੋਟੇ ਵਿਚੋਂ ਕੈਬਨਿਟ ਵਿਚ ਸ਼ਾਮਲ ਕਰ ਕੇ ਪ੍ਰਭਾਵਸ਼ਾਲੀ ਵਜ਼ਾਰਤ ਦਿਤੀ ਹੋਈ ਹੈ।