ਦਿੱਲੀ ਵਿਚ ਜੁਲਾਈ ਤਕ ਹੋ ਸਕਦੇ ਹਨ 5.5 ਲੱਖ ਮਾਮਲੇ : ਸਿਸੋਦੀਆ

ਏਜੰਸੀ

ਖ਼ਬਰਾਂ, ਪੰਜਾਬ

ਕਿਹਾ, ਅਜੇ ਤਕ ਰਾਜਧਾਨੀ 'ਚ ਕਮਿਊਨਿਟੀ ਲਾਗ ਨਹੀਂ ਸ਼ੁਰੂ ਹੋਈ

1

ਨਵੀਂ ਦਿੱਲੀ, 9 ਜੂਨ: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਕੇਂਦਰ ਦੇ ਅਧਿਕਾਰੀਆਂ ਨੇ ਜਾਣਕਾਰੀ ਦਿਤੀ ਹੈ ਕਿ ਦਿੱਲੀ ਵਿਚ ਕਮਿਊਨਿਟੀ ਲਾਗ ਨਹੀਂ ਹੋਇਆ।


ਮੰਨਿਆ ਜਾ ਰਿਹਾ ਹੈ ਕਿ 31 ਜੁਲਾਈ ਤਕ ਲਾਗ ਦੇ ਮਾਮਲੇ ਵੱਧ ਕੇ 5.5 ਲੱਖ ਤਕ ਪਹੁੰਚ ਸਕਦੇ ਹਨ। ਦਿੱਲੀ ਆਫ਼ਤ ਪ੍ਰਬੰਧ ਅਥਾਰਟੀ ਨਾਲ ਬੈਠਕ ਮਗਰੋਂ ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਦਿੱਲੀ ਵਿਚ ਜੁਲਾਈ ਅੰਤ ਤਕ 80 ਹਜ਼ਾਰ ਬਿਸਤਰਿਆਂ ਦੀ ਲੋੜ ਪਵੇਗੀ। ਬੈਠਕ ਦੀ ਪ੍ਰਧਾਨਗੀ ਉਪ ਰਾਜਪਾਲ ਅਨਿਲ ਬੈਜਲ ਕਰ ਰਹੇ ਸਨ ਜਿਹੜੇ ਦਿੱਲੀ ਆਫ਼ਤ ਪ੍ਰਬੰਧ ਅਥਾਰਟੀ ਦੇ ਮੁਖੀ ਵੀ ਹਨ।


ਸਿਸੋਦੀਆ ਨੇ ਮੀਡੀਆ ਨੂੰ ਕਿਹਾ, 'ਕੇਂਦਰ ਦੇ ਅਧਿਕਾਰੀਆਂ ਨੇ ਬੈਠਕ ਵਿਚ ਦਸਿਆ ਕਿ ਦਿੱਲੀ ਵਿਚ ਕੋਵਿਡ-19 ਦਾ ਕਮਿਊਨਿਟੀ ਫੈਲਾਅ ਨਹੀਂ ਹੈ।' ਉਨ੍ਹਾਂ ਕਿਹਾ ਕਿ ਦਿੱਲੀ ਦੇ ਸਰਕਾਰੀ ਤੇ ਨਿਜੀ ਹਸਪਤਾਲਾਂ ਨੂੰ ਦਿੱਲੀ ਦੇ ਲੋਕਾਂ ਲਈ ਰਾਖਵਾਂ ਕਰਨ ਦੇ ਦਿੱਲੀ ਸਰਕਾਰ ਦੇ ਫ਼ੈਸਲੇ ਨੂੰ ਰੱਦ ਕਰਨ ਦੇ ਅਪਣੇ ਫ਼ੈਸਲੇ 'ਤੇ ਵਿਚਾਰ ਕਰਨ ਤੋਂ ਉਪ ਰਾਜਪਾਲ ਨੇ ਇਨਕਾਰ ਕਰ ਦਿਤਾ ਹੈ।  (ਏਜੰਸੀ)