ਕੋਰੋਨਾ ਯੋਧਿਆਂ ਤੋਂ ਕਰਵਾਈ 3.90 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦੀ ਸ਼ੁਰੂਆਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ੀਰਾ ਗੇਟ ਤੋਂ ਮੱਲਾਂਵਾਲਾ ਤਕ 9 ਕਿਲੋਮੀਟਰ ਲੰਬੀ ਸੜਕ ਦੇ ਬਣਨ ਨਾਲ ਲੱਖਾਂ ਲੋਕਾਂ ਨੂੰ ਹੋਵੇਗਾ

1

ਫ਼ਿਰੋਜ਼ਪੁਰ, 9 ਜੂਨ (ਜਗਵੰਤ ਸਿੰਘ ਮੱਲ੍ਹੀ): ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ 3.90 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਜ਼ੀਰਾ ਗੇਟ ਤੋਂ ਮੱਲਾਂਵਾਲਾ ਤਕ ਦੀ 9 ਕਿਲੋਮੀਟਰ ਲੰਬੀ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੋਰੋਨਾ ਵਾਇਰਸ ਦੇ ਵਿਰੁਧ ਲੜਾਈ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀ ਸਮਾਜ ਸੇਵੀ ਸੰਸਥਾਵਾਂ ਤੋਂ ਕਰਵਾਈ। ਵਿਧਾਇਕ ਪਿੰਕੀ ਨੇ ਦਸਿਆ ਕਿ ਇਨ੍ਹਾਂ ਸੰਸਥਾਵਾਂ ਨੇ ਕਰਫ਼ਿਊ ਅਤੇ ਤਾਲਾਬੰਦੀ ਦੇ ਦੌਰਾਨ ਅਪਣਾ ਯੋਗਦਾਨ ਦੇ ਕੇ ਹਜ਼ਾਰਾਂ ਲੋਕਾਂ ਦੀ ਸੇਵਾ ਕੀਤੀ ਹੈ।


   ਉਨ੍ਹਾਂ ਕਿਹਾ ਕਿ ਮਿਸ਼ਨ ਫ਼ਤਿਹ ਦਾ ਮਕਸਦ ਹੀ ਇਸ ਲੜਾਈ ਨੂੰ ਫ਼ਰੰਟ ਲਾਈਨ ਵਰਕਰਾਂ ਤੋਂ ਅੱਗੇ ਲੈ ਜਾ ਕੇ ਇਸ ਲੜਾਈ ਵਿਚ ਯੋਗਦਾਨ ਪਾਉਣ ਵਾਲੇ ਹਰ ਵਿਅਕਤੀ ਦੇ ਨਾਲ ਜੋੜਨਾ ਹੈ।  ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਫ਼ਿਰੋਜ਼ਪੁਰ ਵਿਚ ਰੋਜ਼ਾਨਾ ਇਨ੍ਹਾਂ ਸਮਾਜ ਸੇਵੀ ਸੰਸਥਾਵਾਂ ਵਲੋਂ 30 ਹਜ਼ਾਰ ਦੇ ਕਰੀਬ ਲੋਕਾਂ ਨੂੰ ਲੰਗਰ ਖੁਆਇਆ ਗਿਆ। ਇਸ ਤੋਂ ਇਲਾਵਾ ਹਜ਼ਾਰਾਂ ਦੀ ਤਾਦਾਦ ਵਿਚ ਲੋਕਾਂ ਨੂੰ ਰੋਜ਼ਾਨਾ ਰਾਸ਼ਨ ਵੀ ਵੰਡਿਆ ਗਿਆ।


  ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦਸਿਆ ਕਿ ਇਹ ਸੜਕ ਬਣਾਉਣ ਦੇ ਲਈ ਲੋਕਾਂ ਦੀ ਇਕ ਪੁਰਾਣੀ ਮੰਗ ਪੂਰੀ ਹੋ ਜਾਵੇਗੀ। ਜ਼ੀਰਾ ਗੇਟ ਤੋਂ ਮੱਲਾਂਵਾਲਾ ਨੂੰ ਜਾਣ ਵਾਲੀ ਇਹ ਸੜਕ ਸਾਰੇ ਸ਼ਹਿਰ ਨੂੰ ਸਬਜ਼ੀ ਮੰਡੀ ਅਤੇ ਦਾਣਾ ਮੰਡੀ ਨਾਲ ਜੋੜਦੀ ਹੈ। ਫ਼ਿਰੋਜ਼ਪੁਰ ਸ਼ਹਿਰ ਤੋਂ ਹੋ ਕੇ ਮਖੂ ਤਕ ਜਾਣ ਵਾਲੇ ਲੋਕ ਇਸ ਸੜਕ ਦੀ ਵਰਤੋਂ ਕਰਦੇ ਹਨ। ਇਸ ਸੜਕ ਦੇ ਨਿਰਮਾਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।