ਜਥੇਦਾਰ ਅਕਾਲ ਤਖ਼ਤ ਵਲੋਂ ਸਾਬਕਾ ਜਥੇਦਾਰ ਪ੍ਰੋਫ਼ੈਸਰ ਮਨਜੀਤ ਸਿੰਘ ਨਾਲ ਕੀਤੀ ਗਈ ਗੁਪਤ ਬੈਠਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਥੇਦਾਰ ਦੀ ਸ੍ਰੀ ਅਨੰਦਪੁਰ ਸਾਹਿਬ ਫੇਰੀ ਨੂੰ ਲੈ ਕੇ ਸ਼ਸ਼ੋਪੰਜ ਵਿਚ ਰਿਹਾ ਖ਼ੁਫ਼ੀਆ ਵਿਭਾਗ

giani harpreet singh

ਸ੍ਰੀ ਆਨੰਦਪੁਰ ਸਾਹਿਬ, 8 ਜੂਨ (ਭਗਵੰਤ ਸਿੰਘ ਮਟੌਰ) : ਛੇ ਜੂਨ ਨੂੰ ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਖ਼ਾਲਿਸਤਾਨ ਬਣਾਏ ਜਾਣ ਦੇ ਬਿਆਨ ਤੋਂ ਬਾਅਦ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਅੱਜ ਘੰਟਿਆਂ ਤਕ ਚੱਲੀ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਪ੍ਰੋਫ਼ੈਸਰ ਮਨਜੀਤ ਸਿੰਘ ਨਾਲ ਬੈਠਕ ਨੇ ਪੰਥਕ ਹਲਕਿਆਂ ਵਿਚ ਹਲਚਲ ਪੈਦਾ ਕਰ ਦਿਤੀ ਹੈ ।

ਜਥੇਦਾਰ ਸ੍ਰੀ ਅਕਾਲ ਤਖ਼ਤ ਅੱਜ ਸਵੇਰੇ ਸਾਢੇ ਦਸ ਵਜੇ ਦੇ ਕਰੀਬ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਦੀ ਗੈਰ ਹਾਜ਼ਰੀ ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੇ  ਅਤੇ ਤਖ਼ਤ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਸਿੱਧੇ ਪ੍ਰੋਫੈਸਰ ਮਨਜੀਤ ਸਿੰਘ ਦੀ ਰਿਹਾਇਸ਼ ਗੁਰਮਤਿ ਸਾਗਰ ਟਰੱਸਟ ਵਿਖੇ ਗੁਪਤ ਮੁਲਾਕਾਤ ਲਈ ਚਲੇ ਗਏ । ਜਥੇਦਾਰ ਹਰਪ੍ਰੀਤ ਸਿੰਘ ਸਵੇਰ ਦੇ ਗਏ ਪ੍ਰੋ. ਮਨਜੀਤ ਸਿੰਘ ਕੋਲੋਂ ਬਾਅਦ ਦੁਪਹਿਰ ਵਾਪਸ ਪਰਤੇ ਹਾਲਾਂਕਿ ਦੋਵਾਂ ਮੌਜੂਦਾ ਤੇ ਸਾਬਕਾ ਜਥੇਦਾਰਾਂ ਦਰਮਿਆਨ ਹੋਈ ਇਸ ਗੁਪਤ ਮੁਲਾਕਾਤ ਬਾਰੇ ਕੋਈ ਸਥਿਤੀ ਸਪੱਸ਼ਟ ਨਹੀਂ ਹੋ ਸਕੀ

ਪਰ ਇਸ ਮੁਲਾਕਾਤ ਨੂੰ ਖ਼ਾਲਿਸਤਾਨ ਬਾਰੇ ਆਏ ਬਿਆਨ ਨਾਲ ਜੋੜ ਕੇ ਪੰਥਕ ਹਲਕਿਆਂ ਵਲੋਂ ਵੇਖਿਆ ਜਾ ਰਿਹਾ ਹੈ ।ਉਧਰ ਪੰਜਾਬ ਪੁਲਸ ਦਾ ਖੁਫੀਆ ਵਿੰਗ ਇਸ ਮੁਲਾਕਾਤ ਸਬੰਧੀ ਵੇਰਵੇ ਇਕੱਠੇ ਕਰਨ ਲਈ ਸਾਰਾ ਦਿਨ ਨੱਠ ਭੱਜ ਕਰਦਾ ਰਿਹਾ ਪਰ ਉਨ੍ਹਾਂ ਦੇ ਹੱਥ ਪੱਲੇ ਵੀ ਕੁਝ ਨਾ ਪਿਆ। ਇਸ ਮੁਲਾਕਾਤ ਬਾਰੇ ਤੱਕ ਸ੍ਰੀ ਕੇਸਗੜ੍ਹ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਨਾਲ ਜਦੋਂ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮੁਲਾਕਾਤ ਆਮ ਦੀ ਤਰ੍ਹਾਂ ਹੈ ਕਿਉਂਕਿ ਪਹਿਲਾਂ ਵੀ ਜਥੇਦਾਰ ਹਰਪ੍ਰੀਤ ਸਿੰਘ ਉਨ੍ਹਾਂ ਕੋਲ ਆਉਂਦੇ ਜਾਂਦੇ ਰਹਿੰਦੇ ਹਨ।ਉਨ੍ਹਾਂ ਮੰਨਿਆ ਕਿ ਅੱਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਗੁਰਮਤਿ ਅਤੇ ਪੰਥਕ ਵਿਚਾਰਾਂ ਜ਼ਰੂਰ ਕੀਤੀਆਂ ਗਈਆਂ ਪਰ ਉਨ੍ਹਾਂ ਇਸ ਸਬੰਧੀ ਜ਼ਿਆਦਾ ਜਾਣਕਾਰੀ ਸਾਂਝੀ ਨਹੀ ਕੀਤੀ।