ਨਿਸ਼ਾਨਦੇਹੀ ਬਦਲੇ ਰਿਸ਼ਵਤ ਲੈਂਦਿਆਂ ਕਾਨੂੰਨਗੋ ਪ੍ਰਾਈਵੇਟ ਡਰਾਈਵਰ ਸਮੇਤ ਕਾਬੂ
ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਵਿਖੇ ਪਲਾਟ ਦੀ ਨਿਸ਼ਾਨਦੇਹੀ ਬਦਲੇ 2500
ਮੋਗਾ, 8 ਜੂਨ (ਜਸਵਿੰਦਰ ਸਿੰਘ ਧੱਲੇਕੇ): ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਵਿਖੇ ਪਲਾਟ ਦੀ ਨਿਸ਼ਾਨਦੇਹੀ ਬਦਲੇ 2500 ਰੁਪਏ ਰਿਸ਼ਵਤ ਲੈਂਦਿਆਂ ਕਾਨੂੰਨਗੋ ਚਮਕੌਰ ਸਿੰਘ ਨੂੰ ਉਸ ਦੇ ਪ੍ਰਾਈਵੇਟ ਡਰਾਈਵਰ ਗੁਰਚਰਨ ਸਿੰਘ ਸਮੇਤ ਵਿਜੀਲੈਂਸ ਵਲੋਂ ਕਾਬੂ ਕੀਤਾ ਗਿਆ। ਇਸ ਦੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਕੇਵਲ ਕ੍ਰਿਸ਼ਨ ਵਿਜੀਲੈਂਸ ਮੋਗਾ ਨੇ ਦਸਿਆ ਕਿ ਪਰਮਜੀਤ ਸਿੰਘ ਵਾਸੀ ਦੁੱਨੇਕੇ ਨੇ ਇਕ ਪਲਾਟ ਖ਼ਰੀਦਿਆ ਸੀ ਜਿਸ ਦੀ ਨਿਸ਼ਾਨਦੇਹੀ ਵਾਸਤੇ ਅਪਲਾਈ ਕੀਤਾ ਸੀ। ਇਸ ਬਦਲੇ ਕਾਨੂੰਨਗੋ ਚਮਕੌਰ ਸਿੰਘ ਨੇ 10 ਹਜ਼ਾਰ ਦੀ ਮੰਗ ਕੀਤੀ ਸੀ
ਅਤੇ ਇਹ ਸੌਦਾ 5 ਹਜ਼ਾਰ ਰੁਪਏ ਵਿਚ ਤੈਅ ਹੋਇਆ। ਇਸ ਦੀ ਪਿਛਲੇ ਹਫ਼ਤੇ ਨਿਸ਼ਾਨਦੇਹੀ ਕਰ ਕੇ ਇਨ੍ਹਾਂ ਨੇ 2500 ਰੁਪਏ ਲੈ ਲਏ ਅਤੇ ਕਿਹਾ ਕਿ ਰੀਪੋਰਟ ਫ਼ਾਈਨਲ ਤਦ ਹੋਵੇਗੀ ਜਦੋਂ ਬਾਕੀ ਰਕਮ ਦੇ ਦੇਵੋਗੇ। ਅੱਜ ਮੁਦਈ ਵਲੋਂ 2500 ਰੁਪਏ ਦੇਣ ਸਮੇਂ ਕਾਨੂੰਨਗੋ ਚਮਕੌਰ ਸਿੰਘ ਅਤੇ ਉਸ ਦੇ ਡਰਾਈਵਰ ਗੁਰਚਰਨ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਰੰਗੇ ਹੱਥੀਂ ਕਾਬੂ ਕਰ ਲਿਆ। ਮੁਲਜ਼ਮਾਂ ਵਿਰੁਧ ਕੁਰਪਸ਼ਨ ਐਕਟ ਅਧੀਨ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।