ਗੁਰਦਵਾਰਿਆਂ ਅਤੇ ਹੋਰ ਧਾਰਮਕ ਅਸਥਾਨਾਂ 'ਚ ਪ੍ਰਸ਼ਾਦ ਵੰਡਣ ਤੇ ਲੰਗਰ 'ਤੇ ਲੱਗੀ ਰੋਕ ਹਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਨੇ ਕੇਂਦਰ ਦੀ ਪ੍ਰਵਾਨਗੀ ਤੋਂ ਬਾਅਦ ਜਾਰੀ ਕੀਤਾ ਹੁਕਮ

1

ਚੰਡੀਗੜ੍ਹ, 9 ਜੂਨ (ਗੁਰਉਪਦੇਸ਼ ਭੁੱਲਰ): ਐਸ.ਜੀ.ਪੀ.ਸੀ. ਅਤੇ ਹੋਰ ਸਿੱਖ ਸੰਸਥਾਵਾਂ ਵਲੋਂ ਗੁਰਦਵਾਰਿਆਂ ਅਤੇ ਹੋਰ ਧਾਰਮਕ ਅਸਥਾਨਾਂ ਨੂੰ ਖੋਲ੍ਹੇ ਜਾਣ ਦੇ ਬਾਵਜੂਦ ਪ੍ਰਸ਼ਾਦ ਵੰਡਣ ਅਤੇ ਲੰਗਰ 'ਤੇ ਲਾਈ ਪਾਬੰਦੀ ਵਿਰੁਧ ਇਤਰਾਜ਼ ਪ੍ਰਗਟ ਕੀਤਾ ਜਾ ਰਿਹਾ ਸੀ। ਇਸੇ ਦੌਰਾਨ ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰ ਕੇ ਇਹ ਰੋਕ ਹਟਾ ਦਿਤੀ ਹੈ। ਹੁਣ ਧਾਰਮਕ ਅਸਥਾਨਾਂ 'ਚ ਪ੍ਰਸ਼ਾਦ ਅਤੇ ਲੰਗਰ ਵਰਤਾਇਆ ਜਾ ਸਕੇਗਾ।

ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਇਹ ਹੁਕਮ ਕੇਂਦਰੀ ਹਦਾਇਤਾਂ 'ਚ ਮਿਲੀ ਜਾਣਕਾਰੀ ਮਗਰੋਂ ਹੀ ਅੱਜ ਜਾਰੀ ਕੀਤਾ ਹੈ। ਜਾਰੀ ਹੁਕਮਾਂ ਅਨੁਸਾਰ ਹੁਣ ਪ੍ਰਸ਼ਾਦ ਅਤੇ ਲੰਗਰ 'ਤੇ ਰੋਕ ਸ਼ਰਤਾਂ ਨਾਲ ਹਟਾਈ ਗਈ ਹੈ। ਕੋਰੋਨਾ ਸਾਵਧਾਨੀ ਤਹਿਤ ਪ੍ਰਸ਼ਾਦ ਵੰਡਣ ਅਤੇ ਲੰਗਰ ਲਾਉਣ ਸਮੇਂ ਸਮਾਜਕ ਦੂਰੀ ਰਖਣੀ ਹੋਵੇਗੀ ਅਤੇ ਸੈਨੇਟਾਈਜੇਸ਼ਨ ਦੇ ਪੂਰੇ ਪ੍ਰਬੰਧ ਕਰਨੇ ਹੋਣਗੇ। ਜ਼ਿਕਰਯੋਗ ਹੈ ਕਿ ਪ੍ਰਸ਼ਾਦ ਅਤੇ ਲੰਗਰ 'ਤੇ ਰੋਕ ਦੇ ਮੁੱਦੇ ਤੇ ਸਿਆਸਤ ਵੀ ਗਰਮਾ ਗਈ ਸੀ। ਹਰਸਿਮਰਤ ਕੌਰ ਬਾਦਲ ਦੇ ਬਿਆਨ ਦੇ ਜਵਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਮੋੜਵਾਂ ਪਲਟਵਾਰ ਕਰਦਿਆਂ ਇਸ ਨੂੰ ਕੇਂਦਰ ਦਾ ਫ਼ੈਸਲਾ ਦਸਿਆ ਸੀ।