ਸੜਕ ਹਾਦਸੇ ਵਿਚ ਦੋ ਦੀ ਮੌਤ, ਇਕ ਗੰਭੀਰ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫ਼ਿਰੋਜ਼ਪੁਰ ਦੇ ਪਿੰਡ ਮੋਹਰੇ ਵਾਲਾ ਵਿਖੇ ਨਜ਼ਦੀਕ ਸਟਾਰ ਪੈਲੇਸ ਕੋਲ ਹੋਏ ਸੜਕ ਹਾਦਸੇ ਵਿਚ ਦੋ ਦੀ ਮੌਤ ਅਤੇ ਇਕ ਗੰਭੀਰ

File Photo

ਫ਼ਿਰੋਜ਼ਪੁਰ, 8 ਜੂਨ (ਸੁਭਾਸ਼ ਕੱਕੜ): ਫ਼ਿਰੋਜ਼ਪੁਰ ਦੇ ਪਿੰਡ ਮੋਹਰੇ ਵਾਲਾ ਵਿਖੇ ਨਜ਼ਦੀਕ ਸਟਾਰ ਪੈਲੇਸ ਕੋਲ ਹੋਏ ਸੜਕ ਹਾਦਸੇ ਵਿਚ ਦੋ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਪੁਲਿਸ ਨੂੰ ਦਿਤੇ ਬਿਆਨਾਂ ਵਿਚ ਜਗਸੀਰ ਸਿੰਘ ਪੁੱਤਰ ਕਾਲਾ ਰਾਮ ਬਸਤੀ ਬਾਗ ਵਾਲੀ ਅਲੀ ਕੇ ਰੋਡ ਸਿਟੀ ਫ਼ਿਰੋਜ਼ਪੁਰ ਨੇ ਦਸਿਆ ਕਿ ਉਹ ਬੀਤੇ ਦਿਨ ਅਪਣੇ ਸਾਲੇ ਵਰਿੰਦਰ ਸਿੰਘ (28), ਸੱਸ ਜੋਗਿੰਦਰ ਕੌਰ (65) ਤੇ ਵੱਡੇ ਸਾਲੇ ਦੀ ਲੜਕੀ ਦਿਲਕਸ਼ ਨਾਲ ਵੱਖ-ਵੱਖ ਮੋਟਰਸਾਈਕਲਾਂ 'ਤੇ ਵਰਿੰਦਰ ਸਿੰਘ ਦੇ ਰਿਸ਼ਤੇ ਸਬੰਧੀ ਮੁਕਤਸਰ ਨੂੰ ਜਾ ਰਹੇ ਸੀ।

ਜਦ ਉਹ ਸਟਾਰ ਪੈਲੇਸ ਕੋਲ ਪਹੁੰਚੇ ਤਾਂ ਮੁਲਜ਼ਮ ਗੁਰਮੇਲ ਸਿੰਘ ਪੁੱਤਰ ਜਵਾਹਰ ਸਿੰਘ ਬਸਤੀ ਅਮਰਪੁਰਾ, ਗਲੀ ਨੰਬਰ 3 ਬਠਿੰਡਾ ਡਰਾਈਵਰ ਮੈਕਸੀ ਟਰੱਕ ਮਹਿੰਦਰ ਨੰਬਰ ਪੀਬੀ 03 ਏਐਕਸ 6073 ਨੇ ਅਪਣੀ ਗੱਡੀ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਵਰਿੰਦਰ ਸਿੰਘ ਦੇ ਮੋਟਰਸਾਈਕਲ ਵਿਚ ਮਾਰੀ। ਇਸ ਹਾਦਸੇ ਵਿਚ ਜੋਗਿੰਦਰ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਵਰਿੰਦਰ ਸਿੰਘ ਦੀ ਇਲਾਜ ਲਈ ਅੰਮ੍ਰਿਤਸਰ ਲਿਜਾਂਦੇ ਸਮੇਂ ਰਸਤੇ ਵਿਚ ਮੌਤ ਹੋ ਗਈ। ਜਗਸੀਰ ਸਿੰਘ ਨੇ ਦਸਿਆ ਕਿ ਇਸ ਹਾਦਸੇ ਵਿਚ ਲੜਕੀ ਦਿਲਕਸ਼ ਗੰਭੀਰ ਸੱਟਾਂ ਲੱਗਣ ਕਰ ਕੇ ਸਿਵਲ ਹਸਪਤਾਲ ਫ਼ਿਰੋਜ਼ਪੁਰ 'ਚ ਦਾਖ਼ਲ ਹੈ। ਥਾਣਾ ਮਮਦੋਟ ਦੇ ਏਐੱਸਆਈ ਲਖਵਿੰਦਰ ਸਿੰਘ ਨੇ ਦਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ 304-ਏ, 279, 337, 338, 427 ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ ਹੈ।