ਸਰਕਾਰ ਦੱਸੇ ਨਿਜੀ ਸਕੂਲਾਂ ਦੇ ਵਿਦਿਆਰਥੀਆਂ ਅਤੇ ਪ੍ਰਬੰਧਕਾਂ ਦੀ ਮਦਦ ਲਈ ਕੀ ਕੀਤਾ? : 'ਆਪ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਲਾਕਡਾਊਨ ਕਾਰਨ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਪ੍ਰਬੰਧਕਾਂ ਅਤੇ ਸਟਾਫ਼

File Photo

ਚੰਡੀਗੜ੍ਹ, 8 ਜੂਨ (ਨੀਲ ਭਲਿੰਦਰ ਸਿੰਘ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਲਾਕਡਾਊਨ ਕਾਰਨ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਪ੍ਰਬੰਧਕਾਂ ਅਤੇ ਸਟਾਫ਼ ਕਰਮੀਆਂ ਨੂੰ ਦਰਪੇਸ਼ ਦਿੱਕਤਾਂ ਅਤੇ ਵਿੱਤੀ ਸੰਕਟ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਸਿੱਧੇ ਰੂਪ 'ਚ ਜ਼ਿੰਮੇਵਾਰ ਠਹਿਰਾਇਆ ਹੈ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੀ ਸੂਬਾ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁਧਰਾਮ,

ਮੁੱਖ ਬੁਲਾਰਾ ਪ੍ਰੋ. ਬਲਜਿੰਦਰ ਕੌਰ, ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਅਤੇ ਮਾਸਟਰ ਬਲਦੇਵ ਸਿੰਘ (ਸਾਰੇ ਵਿਧਾਇਕ) ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਖਾਤਿਬ ਹੁੰਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਅਪਣੇ ਮੁੱਖ ਮੰਤਰੀ ਕੋਲੋਂ ਜਾਣਨਾ ਚਾਹੁੰਦੀ ਹੈ ਕਿ ਲਾਕਡਾਊਨ ਦੀ ਇਸ ਮੁਸ਼ਕਲ ਦੀ ਘੜੀ 'ਚ ਪੰਜਾਬ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਸਕੂਲ ਪ੍ਰਬੰਧਕਾਂ ਅਤੇ ਟੀਚਰਾਂ-ਸਟਾਫ਼ ਕਰਮੀਆਂ ਦੀ ਕੀ ਮਦਦ ਕੀਤੀ ਹੈ?

ਕੀ ਮੁੱਖ ਮੰਤਰੀ ਇਹ ਭੇਦ ਖੋਲ੍ਹਣਗੇ ਕਿ ਪ੍ਰਾਈਵੇਟ ਸਕੂਲਾਂ ਕੋਲੋਂ ਸਕਿਉਰਿਟੀ/ਫ਼ੀਸ ਆਦਿ ਦੇ ਰੂਪ 'ਚ ਵਸੂਲੀ ਗਈ ਕਰੀਬ 650 ਕਰੋੜ ਰੁਪਏ ਦੀ ਰਾਖਵੀਂ ਰਾਸ਼ੀ ਕਿਥੇ ਖ਼ੁਰਦ-ਬੁਰਦ ਕਰ ਦਿਤੀ ਗਈ? ਕਿਉਂਕਿ ਇਸ ਔਖੀ ਘੜੀ 'ਚ ਸਰਕਾਰ ਪ੍ਰਾਈਵੇਟ ਸਕੂਲਾਂ ਦੀ ਇਕ ਧੇਲੇ ਦੀ ਵੀ ਮਾਲੀ ਮਦਦ ਨਹੀਂ ਕਰ ਸਕੀ ਅਤੇ ਪ੍ਰਾਈਵੇਟ ਸਕੂਲ ਮਾਪਿਆਂ 'ਤੇ ਦਬਾਅ ਪਾ ਰਹੇ ਹਨ।

ਪ੍ਰਿੰਸੀਪਲ ਬੁਧਰਾਮ ਅਤੇ ਬਲਜਿੰਦਰ ਕੌਰ ਨੇ ਚੁਨੌਤੀ ਦਿੰਦਿਆਂ ਕਿਹਾ ਕਿ ਲਾਕਡਾਊਨ ਦੇ ਇਨ੍ਹਾਂ ਢਾਈ ਤਿੰਨ ਮਹੀਨਿਆਂ ਦੌਰਾਨ ਸੂਬੇ ਦੇ ਸਾਰੇ ਨਿੱਕੇ-ਵੱਡੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਲੱਖਾਂ ਵਿਦਿਆਰਥੀਆਂ ਦੇ ਮਾਪਿਆਂ ਅਤੇ ਲੱਖਾਂ ਹੀ ਸਟਾਫ਼ ਕਰਮੀਆਂ ਦੇ ਹਿੱਤਾਂ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਇਕ ਪੈਸੇ ਦੀ ਵੀ ਵਿੱਤੀ ਮਦਦ ਨਹੀਂ ਕੀਤੀ।

'ਆਪ' ਆਗੂਆਂ ਨੇ ਸਿਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਪੁੱਛਿਆ ਕਿ ਕੀ ਉਹ ਦਸਣਗੇ ਕਿ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਫ਼ੀਸਾਂ ਭਰਨ 'ਚ ਆ ਰਹੀਆਂ ਮੁਸ਼ਕਲਾਂ ਦੇ ਠੋਸ ਹੱਲ ਲਈ ਉਨ੍ਹਾਂ ਕਿਹੜੇ ਕਦਮ ਚੁੱਕੇ। ਜਿੰਨਾ ਦਾ ਕੋਈ ਠੋਸ ਨਤੀਜਾ ਹੀ ਨਹੀਂ ਨਿਕਲਿਆ? ਇਥੇ ਇਹ ਦਸਣਾ ਜ਼ਰੂਰੀ ਹੈ ਕਿ ਸਿਖਿਆ ਮੰਤਰੀ ਹਰ ਵਾਰ ਮਾਪਿਆਂ ਨਾਲ ਕੀਤੀਆਂ ਬੈਠਕਾਂ 'ਚ ਇਹ ਕਹਿ ਕੇ ਉਨ੍ਹਾਂ ਤੋਂ ਅਪਣਾ ਪਿੱਛਾ ਛਡਾਉਂਦੇ ਦੇਖੇ ਗਏ ਹਨ ਕਿ ਇਹ ਮਾਮਲਾ ਸਰਕਾਰ ਦੇ ਹੱਥ ਵਿਚ ਨਹੀਂ ਹੈ ਬਲਕਿ ਕੋਰਟ ਦੇ ਵਿਚ ਹੈ, ਪਰੰਤੂ ਉਹ ਬੱਚਿਆਂ ਦੇ ਮਾਪਿਆਂ ਨੂੰ ਇਹ ਨਹੀਂ ਦੱਸਦੇ ਕਿ ਕੋਰਟ ਦੇ ਵਿਚ ਸਰਕਾਰ ਇਸ ਮਾਮਲੇ 'ਤੇ ਕੀ ਕਰ ਰਹੀ ਹੈ।