ਪੰਜਾਬ ਸਿਰੋਂ ਲੱਥਾ ਸੱਭ ਤੋਂ ਵੱਧ ਕਣਕ ਖ਼ਰੀਦ ਕਰਨ ਦਾ ਤਾਜ਼, ਮੱਧ ਪ੍ਰਦੇਸ਼ ਨੇ ਮਾਰ ਬਾਜ਼ੀ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖ਼ਰਾਬ ਮੌਸਮ ਅਤੇ ਕਰੋਨਾ ਵਾਇਰਸ ਕਾਰਨ ਪ੍ਰਭਾਵਤ ਹੋਈ ਖ਼ਰੀਦ

Wheat

ਚੰਡੀਗੜ੍ਹ : ਕਰੋਨਾ ਵਾਇਰਸ ਕਾਰਨ ਵਿਗੜੇ ਹਾਲਾਤਾਂ ਨੇ ਹਰ ਖੇਤਰ ਅਤੇ ਹਰ ਤਬਕੇ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਕਰੋਨਾ ਤੋਂ ਬਾਅਦ ਦੀ ਦੁਨੀਆਂ ਉਹ ਨਹੀਂ ਰਹੀ, ਜੋ ਇਸ ਤੋਂ ਪਹਿਲਾਂ ਵਾਲੀ ਸੀ। ਇਸ ਨੇ ਕਈ ਵੱਡੇ ਖਿਡਾਰੀਆਂ ਨੂੰ ਪਛਾੜ ਦਿਤਾ ਹੈ ਅਤੇ ਕਈਆਂ ਨੂੰ ਇਨ੍ਹਾਂ ਮਾੜੇ ਹਾਲਾਤਾਂ ਦਰਮਿਆਨ ਵੀ ਖੁਦ ਨੂੰ ਅੱਗੇ ਲਿਆਉਣ ਦਾ ਮੌਕਾ ਦਿਤਾ ਹੈ। ਕਰੋਨਾ ਕਾਰਨ ਪੈਦਾ ਹੋਈਆਂ ਮਾੜੀਆਂ ਪ੍ਰਸਥਿਤੀਆਂ ਦੇ ਬਾਵਜੂਦ ਮੱਧ ਪ੍ਰਦੇਸ਼ ਵਰਗੇ ਸੂਬੇ ਨੇ ਸਮਰਥਨ ਮੁੱਲ 'ਤੇ ਕਣਕ ਖ਼ਰੀਦ ਮਾਮਲੇ 'ਚ ਪੰਜਾਬ ਨੂੰ ਪਛਾੜ ਦਿਤਾ ਹੈ।

ਮੱਧ ਪ੍ਰਦੇਸ਼ ਸਰਕਾਰ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਸੂਬੇ ਵਿਚ ਹੁਣ ਤਕ ਸਮਰਥਨ ਮੁੱਲ 'ਤੇ 1 ਕਰੋੜ 27 ਲੱਖ 67 ਹਜ਼ਾਰ 628 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਦੂਜੇ ਪਾਸੇ ਪੰਜਾਬ ਨੇ ਇਸ ਵਾਰ 1 ਕਰੋੜ  27 ਲੱਖ 67 ਹਜ਼ਾਰ 473 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਹੈ।  ਇਸ ਹਿਸਾਬ ਨਾਲ ਭਾਵੇਂ ਪੰਜਾਬ ਅਤੇ ਮੱਧ ਪ੍ਰਦੇਸ਼ ਵਲੋਂ ਕਣਕ ਦੀ ਕੀਤੀ ਗਈ ਖ਼ਰੀਦ ਵਿਚਲਾ ਅੰਤਰ ਕੋਈ ਬਹੁਤਾ ਜ਼ਿਆਦਾ ਨਹੀਂ ਹੈ, ਪਰ ਖ਼ਰੀਦ ਮਾਮਲੇ 'ਚ ਦੂਜੇ ਨੰਬਰ 'ਤੇ ਆਉਣ ਕਾਰਨ ਪੰਜਾਬ ਸਿਰੋਂ ਸਭ ਤੋਂ ਵੱਧ ਕਣਕ ਖ਼ਰੀਦ ਕਰਨ ਦਾ ਤਾਜ ਉਤਰ ਗਿਆ ਹੈ।

ਮੱਧ ਪ੍ਰਦੇਸ਼ ਸਰਕਾਰ ਅਨੁਸਾਰ ਸਾਰੇ ਸੂਬਿਆਂ ਵਲੋਂ ਕੀਤੀ ਗਈ ਕੁੱਲ ਕਣਕ ਦੀ ਖ਼ਰੀਦ ਦੇ ਹਿਸਾਬ ਨਾਲ ਇਕੱਲੇ ਮੱਧ ਪ੍ਰਦੇਸ਼ ਦਾ ਹਿੱਸਾ 33 ਫ਼ੀ ਸਦੀ ਬਣਦਾ ਹੈ। ਸਰਕਾਰ ਅਨੁਸਾਰ ਸੂਬੇ ਵਿਚ ਇਸ ਵਾਰ ਕਣਕ ਦੀ ਖ਼ਰੀਦ ਵਿਚ 74 ਫ਼ੀ ਸਦੀ ਤਕ ਦਾ ਵਾਧਾ ਦਰਜ ਕੀਤਾ ਗਿਆ ਹੈ।

ਸਰਕਾਰ ਅਨੁਸਾਰ ਸੂਬੇ ਅੰਦਰ ਪਿਛਲੇ ਸਾਲ ਸਮਰਥਨ ਮੁੱਲ 'ਤੇ ਕੇਵਲ 73.69 ਲੱਖ ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਸੀ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਪ੍ਰਾਪਤੀ ਲਈ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਨਾਲ ਨਾਲ ਸੁਬੇ ਦੇ ਕਿਸਾਨਾਂ ਨੂੰ ਵਧਾਈ ਦਿਤੀ ਹੈ ਜਿਨ੍ਹਾਂ ਦੀ ਮਿਹਨਤ ਸਦਕਾ ਸੂਬਾ ਇਹ ਮੁਕਾਮ ਹਾਸਲ ਕਰਨ ਵਿਚ ਕਾਮਯਾਬ ਰਿਹਾ ਹੈ।

ਦੂਜੇ ਪਾਸੇ ਪੰਜਾਬ ਅੰਦਰ ਇਸ ਵਾਰ ਪਈਆਂ ਬੇਮੌਸਮੀ ਬਰਸਾਤਾਂ ਨੇ ਵੀ ਇਸ ਖੇਡ ਨੂੰ ਵਿਗਾੜਨ 'ਚ ਵੱਡਾ ਹਿੱਸਾ ਪਾਇਆ ਹੈ। ਕਣਕ ਦੀ ਬਿਜਾਈ ਤੋਂ ਲੈ ਕੇ ਪੱਕਣ ਤਕ ਮੀਂਹ ਨੇ ਛਹਿਬਰ ਲਾਈ ਰੱਖੀ ਹੈ। ਇਸ ਤੋਂ ਇਲਾਵਾ ਕਣਕ ਦੇ ਨਸਾਰੇ ਸਮੇਂ ਕਈ ਇਲਾਕਿਆਂ ਵਿਚ ਚੱਲੇ ਝੱਖੜ ਅਤੇ ਹੋਈ ਗੜ੍ਹੇਮਾਰੀ ਨੇ ਵੀ ਕਣਕ ਦੀ ਫ਼ਸਲ ਨੂੰ ਪ੍ਰਭਾਵਿਤ ਕੀਤਾ। ਕਣਕ ਦੀ ਵਾਢੀ ਸਮੇਂ ਕਰੋਨਾ ਵਾਇਰਸ ਕਾਰਨ ਸਾਰੀ ਫ਼ਸਲ ਇਕ ਵਾਰ ਹੀ ਮੰਡੀਆਂ ਵਿਚ ਨਹੀਂ ਆ ਸਕੀ। ਇਸ ਤੋਂ ਇਲਾਵਾ ਕੁੱਝ ਵੱਡੇ ਸਰਦੇ-ਪੁਜਦੇ ਕਿਸਾਨਾਂ ਨੇ ਕਣਕ ਸਟੋਰ ਵੀ ਕਰ ਲਈ ਹੈ, ਜਿਸ ਦਾ ਅਸਰ ਸਮਰਥਨ ਮੁੱਲ 'ਤੇ ਖ਼ਰੀਦੀ ਗਈ ਕਣਕ ਦੀ ਮਿਕਦਾਰ 'ਤੇ ਪਿਆ ਹੋ ਸਕਦਾ ਹੈ। ਇਸੇ ਤਰ੍ਹਾਂ ਮੱਧ ਪ੍ਰਦੇਸ਼ 'ਚ ਕਣਕ ਖ਼ਰੀਦ 'ਚ 74 ਫ਼ੀਸਦੀ ਤਕ ਹੋਏ ਵੱਡੇ ਵਾਧੇ ਨੇ ਵੀ ਇਸ ਖੇਡ ਨੂੰ ਵਿਗਾੜਨ 'ਚ ਵੱਡਾ ਯੋਗਦਾਨ ਪਾਇਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।