ਵਿਸ਼ਵ ਸਿਹਤ ਸੰਗਠਨ ਦੀ ਚਿਤਾਵਨੀ ਅਜੇ ਹੋਰ ਖ਼ਤਰਨਾਕ ਰੂਪ ਧਾਰ ਸਕਦੈ ਕੋਰੋਨਾ

ਏਜੰਸੀ

ਖ਼ਬਰਾਂ, ਪੰਜਾਬ

ਵਿਸ਼ਵ ਸਿਹਤ ਸੰਗਠਨ ਦੀ ਚਿਤਾਵਨੀ ਅਜੇ ਹੋਰ ਖ਼ਤਰਨਾਕ ਰੂਪ ਧਾਰ ਸਕਦੈ ਕੋਰੋਨਾ

ਨਵੀਂ ਦਿੱਲੀ ਦੇ ਇਕ ਸਰਕਾਰੀ ਹਸਪਤਾਲ 'ਚ ਸਿਹਤ ਵਿਭਾਗ ਦੇ ਮੁਲਾਜ਼ਮ ਕੋਰੋਨਾ ਵਾਇਰਸ ਸ਼ੱਕੀਆਂ ਦੇ ਨਮੂਨਿਆਂ ਨੂੰ ਜਾਂਚ ਲਈ ਲਿਜਾਂਦੇ ਹੋਏ। ਪੀਟੀਆਈ

ਨਵੀਂ ਦਿੱਲੀ, 9 ਜੂਨ : ਵਿਸ਼ਵ ਸਿਹਤ ਸੰਗਠਨ ਨੇ ਇਕ ਚਿਤਾਵਨੀ ਜਾਰੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ 'ਚ ਕੋਰੋਨਾ ਹੋਰ ਵੀ ਖ਼ਤਰਨਾਕ ਰੂਪ ਧਾਰ ਸਕਦਾ ਹੈ। ਸੰਗਠਨ ਅਨੁਸਾਰ ਦੱਖਣੀ ਏਸ਼ੀਆ ਵਿਚ ਕੋਰੋਨਾਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਡਬਲਯੂਐਚਓ ਦੇ ਡਾਇਰੈਕਟਰ ਜਨਰਲ ਟੈਡਰਸ ਐਡਨਾਮ ਅਨੁਸਾਰ ਪਿਛਲੇ 3 ਦਿਨਾਂ ਵਿਚ ਰਿਪੋਰਟ ਕੀਤੇ ਗਏ ਕੋਰੋਨਾ ਵਾਇਰਸ ਦੇ ਸਾਰੇ ਨਵੇਂ ਕੇਸਾਂ ਵਿਚੋਂ 75 ਫ਼ੀ ਸਦੀ ਕੇਸ ਦੱਖਣੀ ਏਸ਼ੀਆ ਅਤੇ ਯੂਐਸ-ਬ੍ਰਾਜ਼ੀਲ ਦੇ ਹਨ। ਐਤਵਾਰ ਨੂੰ ਇਕ ਦਿਨ ਵਿਚ 1.36 ਲੱਖ ਤੋਂ ਵੱਧ ਮਰੀਜ਼ ਪਾਏ ਗਏ ਸਨ, ਜਿਨ੍ਹਾਂ ਵਿਚੋਂ 75 ਫ਼ੀ ਸਦੀ ਦੱਖਣੀ ਏਸ਼ੀਆ ਅਤੇ ਅਮਰੀਕੀ ਮਹਾਂਦੀਪ ਦੇ 10 ਦੇਸ਼ਾਂ ਵਿਚੋਂ ਆਏ ਹਨ।


ਡਬਲਯੂਐਚਓ ਅਨੁਸਾਰ ਏਸ਼ੀਆ ਵਿਚ ਲਗਭਗ 14 ਲੱਖ ਕੋਰੋਨਾ ਸੰਕਰਮਣ ਦੇ ਮਾਮਲੇ ਸਾਹਮਣੇ ਆਏ ਹਨ, ਜੋ ਕਿ ਉਤਰੀ ਅਮਰੀਕਾ ਅਤੇ ਯੂਰਪ ਤੋਂ ਬਾਅਦ ਤੀਜੇ ਨੰਬਰ ਉਤੇ ਹਨ। ਸੱਭ ਤੋਂ ਖ਼ਤਰਨਾਕ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਮਾਮਲੇ ਪਿਛਲੇ 20 ਦਿਨਾਂ ਵਿਚ ਸਾਹਮਣੇ ਆਏ ਹਨ ਅਤੇ 35,639 ਮੌਤਾਂ ਹੋਈਆਂ ਹਨ। ਇਸ ਸਮੇਂ ਭਾਰਤ ਵਿਚ ਏਸ਼ੀਆ ਵਿਚ ਸੱਭ ਤੋਂ ਵੱਧ 2,66,000 ਤੋਂ ਵੱਧ ਕੇਸ ਹੋਏ ਹਨ ਅਤੇ 7400 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਵਿਚ ਹਰ ਦਿਨ ਤਕਰੀਬਨ 10,000 ਨਵੇਂ ਕੇਸ ਸਾਹਮਣੇ ਆ ਰਹੇ ਹਨ ਜਦਕਿ ਇਥੇ ਟੈਸਟਿੰਗ ਰੇਟ ਬਹੁਤ ਘੱਟ ਹੈ।


ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਮੁਖੀ ਨੇ ਕਿਹਾ ਕਿ ਭਾਵੇਂ ਦੁਨੀਆਂ ਦੇ ਕੁੱਝ ਦੇਸ਼ਾਂ ਵਿੱਚ ਪਹਿਲਾਂ ਨਾਲੋਂ ਇਨਫ਼ੈਕਸ਼ਨ ਦੇ ਮਾਮਲੇ ਘੱਟ ਰਹੇ ਹਨ ਪਰ ਇਹ ਵਿਸ਼ਵਵਿਆਪੀ ਰੂਪ ਵਿਚ ਹੋਰ ਖ਼ਤਰਨਾਕ ਹੁੰਦਾ ਜਾ ਰਿਹਾ ਹੈ। ਉਨ੍ਹਾਂ ਪੱਤਰਕਾਰਾਂ ਨੂੰ ਦਸਿਆ ਕਿ ਪਿਛਲੇ ਦਸ ਦਿਨਾਂ ਵਿਚੋਂ ਨੌਂ ਦਿਨਾਂ ਵਿਚ ਇਕ ਲੱਖ ਤੋਂ ਵੱਧ ਸੰਕਰਮਣ ਕੇਸਾਂ ਦੀ ਪੁਸ਼ਟੀ ਹੋਈ ਹੈ। ਅਤੇ ਕਲ ਸਾਹਮਣੇ ਆਏ ਸਾਰੇ ਮਾਮਲਿਆਂ ਵਿਚੋਂ 75 ਪ੍ਰਤੀਸ਼ਤ ਕੇਸ ਸਿਰਫ਼ ਦਸ ਦੇਸ਼ਾਂ ਵਿਚ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਕੇਸ ਅਮਰੀਕਾ ਅਤੇ ਦੱਖਣੀ ਏਸ਼ੀਆ ਦੇ ਹਨ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਸੰਕੇਤ ਦਿਤਾ ਕਿ ਕੁੱਝ ਦੇਸ਼ਾਂ ਦੀ ਸਥਿਤੀ ਵਿਚ ਸਕਾਰਾਤਮਕ ਤਬਦੀਲੀ ਆਈ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਅਧਿਐਨਾਂ ਤੋਂ ਇਹ ਸਪੱਸ਼ਟ ਹੈ ਕਿ ਵਿਸ਼ਵਵਿਆਪੀ ਤੌਰ 'ਤੇ ਵੱਡੀ ਆਬਾਦੀ ਅਜੇ ਵੀ ਲਾਗ ਦੀ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੈ।


ਉਨ੍ਹਾਂ ਮੁਤਾਬਕ ਭਾਰਤ ਤੋਂ ਇਲਾਵਾ ਸਾਊਦੀ ਅਰਬ ਅਤੇ ਪਾਕਿਸਤਾਨ ਵੀ ਕੋਰੋਨਾ ਦੀ ਲਾਗ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਹਨ। ਸਾਊਦੀ ਅਰਬ ਵਿਚ 1,05,283 ਮਾਮਲੇ ਸਾਹਮਣੇ ਆਏ ਹਨ ਜਦਕਿ 746 ਮੌਤਾਂ ਹੋਈਆਂ ਹਨ। ਪਾਕਿਸਤਾਨ ਵਿਚ 1,03,600 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ 2,067 ਮੌਤਾਂ ਹੋਈਆਂ ਹਨ। ਸਾਊਦੀ ਅਰਬ ਵਿਚ ਟੈਸਟਿੰਗ ਦਰ ਲਗਭਗ 28000 ਮੁਕਾਬਲੇ ਕਾਫ਼ੀ ਬਿਹਤਰ ਹੈ ਜਦਕਿ ਪਾਕਿਸਤਾਨ ਵਿਚ ਇਹ ਸਿਰਫ਼ 3200 ਹੈ। (ਏਜੰਸੀ)