ਪੰਜਾਬ ਬੀਜੇਪੀ ਦੀ ਕੋਰ ਕਮੇਟੀ ਵੀ ਕਿਸਾਨਾਂ ਬਾਰੇ ਹੋਈ ਗੰਭੀਰ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਬੀਜੇਪੀ ਦੀ ਕੋਰ ਕਮੇਟੀ ਵੀ ਕਿਸਾਨਾਂ ਬਾਰੇ ਹੋਈ ਗੰਭੀਰ

image


ਕਿਸਾਨ ਨੇਤਾਵਾਂ ਨੂੰ  ਭਰੋਸੇ 'ਚ ਲੈ ਕੇ ਕੇਂਦਰ ਨੂੰ  ਮਨਾਵਾਂਗੇ : ਮਦਨ ਮੋਹਨ ਮਿੱਤਲ

ਚੰਡੀਗੜ੍ਹ, 8 ਜੂਨ (ਜੀ.ਸੀ. ਭਾਰਦਵਾਜ) : ਕਿਸਾਨ ਮੁੱਦਿਆਂ 'ਤੇ ਪਿਛਲੇ 7 ਮਹੀਨੇ ਤੋਂ ਛਿੜੇ ਜ਼ਬਰਦਸਤ ਅੰਦੋਲਨ ਤੇ ਇਸ ਦੇ ਨਤੀਜੇ ਵਜੋਂ ਬੀ.ਜੇ.ਪੀ. ਨੇਤਾਵਾਂ ਤੇ ਪੰਜਾਬ ਦੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਦੇ ਦਫ਼ਤਰ, ਰਿਹਾਇਸ਼ 'ਤੇ ਦੌਰੇ ਸਮੇਂ ਕਿਸਾਨਾਂ ਵਲੋਂ ਕੀਤੇ ਜਾਂਦੇ ਘਿਰਾਉ ਤੋਂ ਨੁਕਰੇ ਲੱਗੀ ਪੰਜਾਬ ਬੀ.ਜੇ.ਪੀ. ਨੇ ਅਪਣੀ ਕੋਰ ਕਮੇਟੀ ਬੈਠਕ 'ਚ ਪੂਰਾ ਦਿਨ ਕਿਸਾਨੀ ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਬਾਰੇ ਚਰਚਾ ਕੀਤੀ |
ਭਾਵੇਂ ਇਤਿਹਾਸ 'ਚ ਪਹਿਲੀ ਵਾਰੀ, ਪੰਜਾਬ ਦੀ ਬੀ.ਜੇ.ਪੀ. ਇਕੱਲਿਆਂ 117 ਸੀਟਾਂ 'ਤੇ ਚੋਣਾਂ ਲੜਨ ਲਈ ਕਾਫ਼ੀ ਜੋਸ਼ 'ਚ ਹੈ, ਨਵੇਂ ਵਰਕਰ ਤੇ ਨੇਤਾ ਵੀ ਨਾਲ ਜੁੜ ਰਹੇ ਹਨ, ਦਲਿਤ ਮੁੱਖ ਮੰਤਰੀ ਬਣਾਉਣ ਦਾ ਐਲਾਨ ਵੀ ਕੀਤਾ ਹੈ ਪਰ ਅੰਦਰੋਂ ਇਸ ਭਗਵਾਂ ਪਾਰਟੀ ਦੇ ਨੇਤਾ ਇਸ ਗੰਭੀਰ ਚਿੰਤਾ 'ਚ ਵੀ ਹਨ ਕਿ ਜੇ ਛੇਤੀ ਕਿਸਾਨਾਂ ਨਾਲ ਸਮਝੌਤੇ ਦੀ ਗੱਲ ਨਾ ਚਲਾਈ ਗਈ ਤਾਂ ਚੋਣ ਨਤੀਜੇ ਮਾੜੇ ਨਿਕਲ ਸਕਦੇ ਹਨ |
ਰੋਜ਼ਾਨਾ ਸਪੋਕਸਮੈਨ ਵਲੋਂ ਉਨ੍ਹਾਂ ਦੀ ਰਿਹਾਇਸ਼ 'ਤੇ ਜਾ ਕੇ ਇਸ ਬਾਰੇ ਵੇਰਵੇ ਸਹਿਤ ਗੱਲਬਾਤ ਕੀਤੀ ਤਾਂ ਸੀਨੀਅਰ ਨੇਤਾ ਤੇ ਸਾਬਕਾ ਪਾਰਟੀ ਪ੍ਰਧਾਨ ਮਦਨ ਮੋਹਨ ਮਿੱਤਲ ਨੇ ਦਸਿਆ ਕਿ ਕੋਰ ਕਮੇਟੀ ਬੈਠਕ 'ਚ ਹੋਰ ਗੰਭੀਰ ਨੁਕਤਿਆਂ ਤੋਂ ਇਲਾਵਾ ਕਿਸਾਨੀ ਅੰਦੋਲਨ ਤੇ ਬੀ.ਜੇ.ਪੀ. ਹਾਈ ਕਮਾਂਡ ਦੇ ਰਵੱਈਏ 'ਤੇ ਵੀ ਚਰਚਾ ਹੋਈ | ਇਹ ਵੀ ਕਿਹਾ ਗਿਆ, ਪੰਜਾਬ ਦੇ ਅਰਥਚਾਰੇ 'ਚ ਸਾਲਾਨਾ 65-70,000 ਕਰੋੜ ਰੁਪਏ ਦਾ ਯੋਗਦਾਨ ਪਾਉਣ ਵਾਲੇ ਲੱਖਾਂ ਕਿਸਾਨ ਪਰਵਾਰਾਂ ਅਤੇ ਜੁੜੇ ਹੋਰ ਧੰਦਿਆਂ ਦੀ ਉੱਨਤੀ ਬਾਰੇ ਵੀ ਹੱਲ ਕੱਢੇ ਜਾਣ | ਮਦਨ ਮੋਹਨ ਮਿੱਤਲ ਨੇ ਕਿਹਾ, ਸਾਰੇ ਬੀ.ਜੇ.ਪੀ. ਨੇਤਾਵਾਂ ਨੇ ਪਹਿਲਾਂ ਕਿਸਾਨ ਨੇਤਾਵਾਂ ਨਾਲ ਮਸ਼ਵਰਾ ਕਰ ਕੇ ਫ਼ੈਸਲਾ ਲੈਣ ਲਈ ਖਾਕਾ ਤਿਆਰ ਕਰ ਕੇ ਫਿਰ ਕੇਂਦਰੀ ਨੇਤਾਵਾਂ ਤੋਂ ਗੱਲਬਾਤ ਕਰਨ ਦਾ ਸਮਾਂ ਤੇ ਥਾਂ ਤੈਅ ਕੀਤਾ ਜਾਵੇ | ਮਿੱਤਲ ਦਾ ਕਹਿਣਾ ਹੈ ਕਿ ਕਿਸਾਨੀ ਅੰਦੋਲਨ ਦਾ ਹੱਲ ਕੱਢਣ ਲਈ ਛੇਤੀ ਹੀ ਗੱਲਬਾਤ ਲਈ ਕੇਂਦਰੀ ਨੇਤਾਵਾਂ ਨੂੰ  ਮਨਾਵਾਂਗੇ ਅਤੇ ਚੋਣਾਂ ਸਮੇਂ ਕੋਈ ਬਦਮਜ਼ਗੀ ਪੈਦਾ ਹੋਣ ਤੋਂ ਗੁਰੇਜ਼ ਕੀਤਾ ਜਾਵੇਗਾ |
ਸੱਤਾਧਾਰੀ ਕਾਂਗਰਸ, 'ਆਪ', ਅਕਾਲੀ ਦਲ ਤੇ ਹੋਰ ਸਿਆਸੀ ਪਾਰਟੀਆਂ ਦੇ ਮੁਕਾਬਲੇ 6 ਮਹੀਨੇ ਬਾਅਦ ਚੋਣ ਮੈਦਾਨ ਭਖਣ ਅਤੇ ਬੀ.ਜੇ.ਪੀ. ਵਲੋਂ ਇਕੱਲਿਆਂ ਮੈਦਾਨ 'ਚ ਉਤਰਨ ਦੇ ਸਬੰਧ 'ਚ ਇਸ 81 ਸਾਲਾ ਜੋਸ਼ੀਲੇ ਨੇਤਾ ਨੇ ਕਿਹਾ, ਹਜ਼ਾਰਾਂ ਵਰਕਰ ਨਵੇਂ ਪੁਰਾਣੇ ਜੁੜ ਰਹੇ ਹਨ, ਜੋਸ਼ 'ਚ ਹਨ, ਲੱਖਾਂ ਵੋਟਰਾਂ ਨਾਲ ਲਗਾਤਾਰ ਸੰਪਰਕ ਕਰਦੇ ਹਨ ਅਤੇ ਜ਼ਿਆਦਾ ਧਿਆਨ ਦਲਿਤ ਉਮੀਦਵਾਰਾਂ ਤੇ ਪਿਛੜੇ ਵਰਗ ਦੇ ਨੇਤਾਵਾਂ, ਸਾਬਕਾ ਵਿਧਾਇਕਾਂ ਅਤੇ ਨੌਜਵਾਨ ਨੇਤਾਵਾਂ ਵਲ ਦਿਤਾ ਜਾ ਰਿਹਾ ਹੈ | ਮਿੱਤਲ ਨੇ ਕਿਹਾ ਕਿ ਬੀ.ਜੇ.ਪੀ. ਦਾ ਚੋਖਾ ਵਕਤ, ਸ਼ਕਤੀ, ਦਿਲਚਸਪੀ ਜ਼ਿਆਦਾ ਕਿਸਾਨ, ਵਪਾਰੀ, ਦੁਕਾਨਦਾਰ, ਮਜ਼ਦੂਰਾਂ, ਮੁਲਾਜ਼ਮਾਂ, ਆਮ ਵੋਟਰਾਂ ਵਿਸ਼ੇਸ਼ ਕਰ ਕੇ ਮਹਿਲਾਵਾਂ ਦੀਆਂ ਮੁਸ਼ਕਲਾਂ ਤੇ ਸਮੱਸਿਆਵਾਂ ਹੱਲ ਕਰਨ ਵਲ ਦਿਤਾ ਜਾਵੇਗਾ |
ਸੀਨੀਅਰ ਬੀ.ਜੇ.ਪੀ. ਨੇਤਾ ਦਾ ਮੰਨਣਾ ਹੈ ਕਿ ਕਾਂਗਰਸ ਤੇ ਹੋਰ ਪਾਰਟੀਆਂ 'ਚੋਂ ਨਵੇਂ ਪੁਰਾਣੇ ਲੀਡਰ ਕਾਫ਼ੀ ਗਿਣਤੀ 'ਚ ਪਾਰਟੀ ਦੇ ਸੰਪਰਕ 'ਚ ਹਨ ਅਤੇ ਸ਼ਾਮਲ ਹੋਣ ਦੀ ਇੱਛਾ ਪ੍ਰਗਟ ਕਰ ਚੁੱਕੇ ਹਨ | 

ਉਨ੍ਹਾਂ ਕਿਹਾ ਕਿ ਬੀ.ਜੇ.ਪੀ. ਵਲੋਂ ਦਲਿਤ ਮੁੱਖ ਮੰਤਰੀ ਬਣਾਉਣ ਦੇ ਕੀਤੇ ਐਲਾਨ ਨੇ ਪੰਜਾਬ ਦੀਆਂ ਬਾਕੀ ਸਿਆਸੀ ਪਾਰਟੀਆਂ 'ਚ ਕੰਬਣੀ ਛੇੜੀ ਹੋਈ ਹੈ ਪਰ ਉਨ੍ਹਾਂ ਸਾਵਧਾਨ ਕੀਤਾ ਕਿ ਮੌਕਾਪ੍ਰਸਤ ਤੇ ਮਾੜੇ ਕਿਰਦਾਂਰ ਵਾਲੇ ਨੇਤਾਵਾਂ ਨੂੰ  ਬੀ.ਜੇ.ਪੀ. 'ਚ ਸ਼ਮੂਲੀਅਤ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ |
ਕੋਰ ਕਮੇਟੀ ਦੀ ਇਸ ਮਹਤਵਪੂਰਨ ਬੈਠਕ 'ਚ ਪ੍ਰਧਾਨ ਅਸ਼ਵਨੀ ਸ਼ਰਮਾ ਤੋਂ ਇਲਾਵਾ ਮਦਨ ਮੋਹਨ ਮਿੱਤਲ, ਅਵਿਨਾਸ਼ ਖੰਨਾ, ਰਾਜਿੰਦਰ ਭੰਡਾਰੀ, ਮਨੋਰੰਜਨ ਕਾਲੀਆ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਤਰੁਣ ਚੁੱਘ, ਡਾ. ਨਰਿੰਦਰ ਸਿੰਘ, ਇਕਬਾਲ ਸਿੰਘ ਲਾਲਪੁਰਾ, ਦਿਨੇਸ਼ ਸ਼ਰਮਾ, ਤੀਕਸ਼ਣ ਸੂਦ ਤੇ ਹੋਰ ਨੇਤਾ ਸ਼ਾਮਲ ਸਨ |