ਸਿੱਟ ਨੇ ਕੀਤੀ ਸਾਬਕਾ ਅਕਾਲੀ ਵਿਧਾਇਕ ਮਨਤਾਰ ਬਰਾੜ ਤੇ ਕੁੱਝ ਸਾਬਕਾ ਪੁਲਿਸ ਅਫ਼ਸਰਾਂ ਤੋਂ ਪੁਛਗਿਛ

ਏਜੰਸੀ

ਖ਼ਬਰਾਂ, ਪੰਜਾਬ

ਸਿੱਟ ਨੇ ਕੀਤੀ ਸਾਬਕਾ ਅਕਾਲੀ ਵਿਧਾਇਕ ਮਨਤਾਰ ਬਰਾੜ ਤੇ ਕੁੱਝ ਸਾਬਕਾ ਪੁਲਿਸ ਅਫ਼ਸਰਾਂ ਤੋਂ ਪੁਛਗਿਛ

image

ਦੋ ਦਿਨ ਤੋਂ ਚੰਡੀਗੜ੍ਹ ਵਿਚ ਬੈਠੀ ਹੈ ਸਿੱਟ ਦੀ ਟੀਮ
 

ਚੰਡੀਗੜ੍ਹ, 8 ਜੂਨ (ਭੁੱਲਰ) : ਹਾਈ ਕੋਰਟ ਦੇ ਹੁਕਮਾਂ ਤਹਿਤ ਪੰਜਾਬ ਸਰਕਾਰ ਵਲੋਂ ਕੋਟਕਪੂਰਾ ਗੋਲੀ ਕਾਂਡ ਨੂੰ ਲੈ ਕੇ ਗਠਤ ਐਲ.ਕੇ.ਯਾਦਵ ਦੀ ਅਗਵਾਈ ਵਾਲੀ ਸਿੱਟ ਵਲੋਂ ਅੱਜ ਦੂਜੇ ਦਿਨ ਵੀ ਚੰਡੀਗੜ੍ਹ ਬੈਠ ਕੇ ਸੁਣਵਾਈ ਜਾਰੀ ਰੱਖੀ ਗਈ। ਭਾਵੇਂ ਹਾਈ ਕੋਰਟ ਦੀ ਹਦਾਇਤ ਅਨੁਸਾਰ ਪੁਛ ਪੜਤਾਲ ਦਾ ਕੰਮ ਗੁਪਤ ਤਰੀਕੇ ਨਾਲ ਹੀ ਕੀਤਾ ਜਾ ਰਿਹਾ ਹੈ ਤੇ ਮੀਡੀਆ ਨੂੰ ਕਿਸੇ ਤਰ੍ਹਾਂ ਦੀ ਜਾਣਕਾਰੀ ਦੇਣ ਦੀ ਮਨਾਹੀ ਹੈ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਵਿਚ ਕੋਟਕਪੂਰਾ ਖੇਤਰ ਦੇ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਸਮੇਤ ਕਾਂਡ ਨਾਲ ਜੁੜੇ ਰਹੇ ਕਈ ਸਾਬਕਾ ਪੁਲਿਸ ਅਧਿਕਾਰੀਆਂ ਤੇ ਹੋਰ ਪੁਲਿਸ ਮੁਲਾਜ਼ਮਾਂ ਤੋਂ ਪੁਛਗਿੱਛ ਕੀਤੀ ਗਈ। ਅੱਜ ਉਸ ਸਮੇਂ ਦੇ ਸਾਬਕਾ ਐਸ.ਐਸ.ਪੀ. ਚਰਨਜੀਤ ਸ਼ਰਮਾ ਤੋਂ ਵੀ ਅੱਜ ਬਰਾੜ ਨਾਲ ਹੀ ਪੁਛਗਿੱਛ ਕੀਤੀ ਗਈ। ਬੀਤੇ ਦਿਨੀਂ ਵੀ ਚਰਨਜੀਤ ਸ਼ਰਮਾ ਤੋਂ ਇਲਾਵਾ ਸਾਬਕਾ ਡੀ.ਆਈ.ਜੀ. ਰਣਬੀਰ ਖਟੜਾ ਤੋਂ ਵੀ ਸਿੱਟ ਨੇ ਜਾਣਕਾਰੀਆਂ ਲਈਆਂ। 
ਭਾਵੇਂ ਖੱਟੜਾ ਬਰਗਾੜੀ ਬੇਅਦਬੀ ਦੇ ਮਾਮਲੇ ਦੀ ਜਾਂਚ ਕਰ ਚੁੱਕੇ ਹਨ ਪਰ ਕੋਟਕਪੂਰਾ ਗੋਲੀ ਕਾਂਡ ਵਾਲੇ ਦਿਨਾਂ ਵਿਚ ਉਸ ਖੇਤਰ ਵਿਚ ਮੌਜੂਦ ਸਨ, ਭਾਵੇਂ ਕਿ ਗੋਲੀ ਕਾਂਡ ਨਾਲ ਉਨ੍ਹਾਂ ਦਾ ਕੋਈ ਸਿੱਧਾ ਸਬੰਧ ਨਹੀਂ। ਮਨਤਾਰ ਬਰਾੜ ਵਲੋਂ ਕਾਂਡ ਵਾਲੇ ਦਿਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਕੀਤੇ ਫ਼ੋਨਾਂ ਆਦਿ ਦੀ ਜਾਂਚ ਕੀਤੀ ਜਾ ਰਹੀ ਹੈ।