AAP ਵਿਧਾਇਕਾ ਮਾਣੂੰਕੇ 'ਤੇ ਲੱਗੇ ਕੋਠੀ ’ਤੇ ਕਬਜ਼ਾ ਕਰਨ ਦੇ ਇਲਜ਼ਾਮ, MLA ਨੇ ਕਿਹਾ ਕੋਠੀ ਕਿਰਾਏ 'ਤੇ ਲਈ  

ਏਜੰਸੀ

ਖ਼ਬਰਾਂ, ਪੰਜਾਬ

ਕੈਨੇਡੀਅਨ ਔਰਤ ਅਮਰਜੀਤ ਕੌਰ ਨੇ ਵਿਧਾਇਕਾ ਮਾਣੂੰਕੇ ਖ਼ਿਲਾਫ਼ ਐਸਐਸਪੀ, ਮੰਤਰੀ ਕੁਲਦੀਪ ਧਾਲੀਵਾਲ ਅਤੇ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਨੂੰ ਸ਼ਿਕਾਇਤ ਭੇਜੀ ਹੈ। 

Sarvjit Kaur Manuke

ਜਗਰਾਓਂ - ਲੁਧਿਆਣਾ ਦੀ ਜਗਰਾਓਂ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ 'ਤੇ ਇੱਕ ਐਨਆਰਆਈ ਔਰਤ ਨੇ ਕੋਠੀ 'ਤੇ ਕਬਜ਼ਾ ਕਰਨ ਦੇ ਦੋਸ਼ ਲਗਾਏ ਹਨ। ਕੈਨੇਡੀਅਨ ਔਰਤ ਅਮਰਜੀਤ ਕੌਰ ਨੇ ਵਿਧਾਇਕਾ ਮਾਣੂੰਕੇ ਖ਼ਿਲਾਫ਼ ਐਸਐਸਪੀ, ਮੰਤਰੀ ਕੁਲਦੀਪ ਧਾਲੀਵਾਲ ਅਤੇ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਨੂੰ ਸ਼ਿਕਾਇਤ ਭੇਜੀ ਹੈ। 

ਅਮਰਜੀਤ ਨੇ ਕਿਹਾ- ਉਹ ਕਈ ਸਾਲਾਂ ਤੋਂ ਪੰਜਾਬ ਨਹੀਂ ਆਈ ਹੈ। ਇਸ ਦਾ ਫਾਇਦਾ ਉਠਾਉਂਦੇ ਹੋਏ ਵਿਧਾਇਕ ਮਾਣੂੰਕੇ ਨੇ ਹੀਰਾ ਬਾਗ ਦੀ ਗਲੀ ਨੰਬਰ 7 ਵਿਚ ਉਹਨਾਂ ਦੇ ਘਰ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਉਸ ਦੇ ਘਰ ਵਿਚ ਰੱਖਿਆ ਸਮਾਨ ਵੀ ਖੁਰਦਬੁਰਦ ਕੀਤਾ ਗਿਆ ਹੈ। ਜਦੋਂ ਉਨ੍ਹਾਂ ਨੂੰ ਮਾਮਲੇ ਦਾ ਪਤਾ ਲੱਗਿਆ ਤਾਂ ਉਨ੍ਹਾਂ ਵਿਧਾਇਕ ਮਾਣੂੰਕੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਧਮਕੀ ਦਿੱਤੀ ਕਿ ਉਹ ਮੇਰਾ ਕੁੱਝ ਨਹੀਂ ਵਿਗਾੜ ਸਕਦੀ, ਉਸ ਨੂੰ ਕਿਸੇ ਦਾ ਡਰ ਨਹੀਂ ਹੈ। ਸਰਕਾਰ ਤੇ ਪੁਲਿਸ ਸਾਡੀ ਹੈ। ਅਮਰਜੀਤ ਨੇ ਦੱਸਿਆ ਕਿ ਉਹ ਬਜ਼ੁਰਗ ਹੈ ਅਤੇ ਉਸ ਨੂੰ  ਉਸ ਦੇ ਘਰ ਵੜਨ ਤੋਂ ਰੋਕਿਆ ਜਾ ਰਿਹਾ ਹੈ। ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਜੇਕਰ ਉਹਨਾਂ ਨੇ ਘਰ ਨਾ ਛੱਡਿਆ ਤਾਂ ਝੂਠਾ ਕੇਸ ਦਰਜ ਕੀਤਾ ਜਾਵੇਗਾ।   

ਅਮਰਜੀਤ ਨੇ ਇਲਜ਼ਾਮ ਲਗਾਇਆ ਕਿ MLA ਮਾਣੂੰਕੇ ਨੇ ਮਾਲ ਵਿਭਾਗ ਦੀ ਸਹਿਮਤੀ ਲੈ ਕੇ ਉਹਨਾਂ ਤੋਂ ਬਿਨ੍ਹਾਂ ਪੁੱਛੇ ਮਕਾਨ 'ਤੇ ਕਬਜ਼ਾ ਕਰ ਲਿਆ। ਇਸ ਮਾਮਲੇ ਵਿਚ ਵਿਧਾਇਕਾ ਮਾਣੂੰਕੇ ਨੇ ਕਿਹਾ ਕਿ ਉਹਨਾਂ ਨੇ ਇਹ ਕੋਠੀ ਕਿਰਾਏ 'ਤੇ ਲਈ ਹੈ ਤੇ ਹੁਣ ਐਨਆਰਆਈ ਅਮਰਜੀਤ ਕੌਰ ਨੇ ਇਸ ’ਤੇ ਮਲਕੀਅਤ ਪ੍ਰਗਟਾਈ ਹੈ।

ਫਿਰ ਪਤਾ ਲੱਗਾ ਕਿ ਇਸ ਕੋਠੀ ਦੀ ਮਾਲਕੀ ਦਾ ਦਾਅਵਾ ਕਰਨ ਵਾਲੇ 2 ਵਿਅਕਤੀਆਂ ਨੇ ਵੀ ਐਸਐਸਪੀ ਜਗਰਾਉਂ ਨੂੰ ਸ਼ਿਕਾਇਤ ਦੇ ਕੇ ਜਾਂਚ ਦੀ ਮੰਗ ਕੀਤੀ ਹੈ। ਉਹ ਮੀਡੀਆ ਨੂੰ ਸਿਰਫ਼ ਇਹ ਦੱਸਣਾ ਚਾਹੁੰਦੀ ਹੈ ਕਿ ਇਨ੍ਹਾਂ ਦੋਵਾਂ ਮਾਲਕਾਂ ਵਿਚੋਂ ਜੇਕਰ ਐਨਆਰਆਈ ਔਰਤ ਮਾਲਕ ਹੈ ਤਾਂ ਜਦੋਂ ਉਹ ਕਹਿਣਗੇ ਤਾਂ ਉਹ ਚਾਬੀਆਂ ਸੌਂਪ ਦੇਣਗੇ। ਐਸਐਸਪੀ ਨਵਨੀਤ ਬੈਂਸ ਨੇ ਕੱਲ੍ਹ ਇੱਕ ਸ਼ਿਕਾਇਤ ਭੇਜ ਕੇ ਔਰਤ ’ਤੇ ਘਰ ’ਤੇ ਕਬਜ਼ਾ ਕਰਨ ਦੇ ਦੋਸ਼ ਲਾਏ ਹਨ। ਐਸਪੀ-ਡੀ ਮਾਮਲੇ ਦੀ ਜਾਂਚ ਕਰ ਰਹੇ ਹਨ।