ਪਠਾਨਕੋਟ ’ਚ ਵੱਡੀ ਵਾਰਦਾਤ : ਤੇਜ਼ਧਾਰ ਹਥਿਆਰਾਂ ਨਾਲ ਪਤੀ-ਪਤਨੀ ਦਾ ਕਤਲ
ਰਾਤ ਦੇ ਸਮੇਂ ਹਮਲਾਵਰਾਂ ਨੇ ਘਰ ’ਚ ਵੜ ਕੇ ਵਾਰਦਾਤ ਨੂੰ ਦਿਤਾ ਅੰਜਾਮ
ਪਠਾਨਕੋਟ : ਪੰਜਾਬ ਦੇ ਸ਼ਹਿਰ ਪਠਾਨਕੋਟ ਵਿਚ ਇੱਕ ਜੋੜੇ ਦਾ ਕਤਲ ਕਰ ਦਿਤਾ ਗਿਆ ਹੈ। ਇਹ ਘਟਨਾ ਮਨਵਾਲ ਬਾਗ ਦੀ ਹੈ। ਕਤਲ ਬੇਰਹਿਮੀ ਨਾਲ ਕੀਤਾ ਗਿਆ ਸੀ। ਦੋਵੇਂ ਪਤੀ-ਪਤਨੀ ਦੀਆਂ ਲਾਸ਼ਾਂ ਖੂਨ ਨਾਲ ਲੱਥਪੱਥ ਮਿਲੀਆਂ। ਇਸ ਦੇ ਨਾਲ ਹੀ ਔਰਤ ਦੇ ਮੂੰਹ 'ਚ ਪਲਾਸਟਿਕ ਦੇ ਲਿਫਾਫੇ ਭਰ ਦਿਤੇ ਗਏ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਇਸ ਮਾਮਲੇ ਦੀ ਜਾਂਚ ਦੁਸ਼ਮਣੀ ਜਾਂ ਲੁੱਟ ਦੇ ਦੋਵੇਂ ਪਹਿਲੂਆਂ ਤੋਂ ਕੀਤੀ ਜਾ ਰਹੀ ਹੈ।
ਡੀਐਸਪੀ ਰਜਿੰਦਰ ਮਨਹਾਸ ਨੇ ਦਸਿਆ ਕਿ ਮ੍ਰਿਤਕਾਂ ਦੀ ਪਛਾਣ 62 ਸਾਲਾ ਰਾਜਕੁਮਾਰ ਅਤੇ ਉਸ ਦੀ 57 ਸਾਲਾ ਪਤਨੀ ਚੰਪਾ ਦੇਵੀ ਵਜੋਂ ਹੋਈ ਹੈ। ਮ੍ਰਿਤਕ ਜੋੜਾ ਘਰ ਵਿੱਚ ਇਕੱਲਾ ਰਹਿੰਦਾ ਸੀ। ਉਨ੍ਹਾਂ ਦੇ 2 ਬੇਟੇ ਅਤੇ ਇਕ ਬੇਟੀ ਹੈ। ਦੋਵੇਂ ਪੁੱਤਰ ਇੰਗਲੈਂਡ 'ਚ ਹਨ ਅਤੇ ਬੇਟੀ ਚੰਡੀਗੜ੍ਹ 'ਚ ਪੜ੍ਹ ਰਹੀ ਹੈ। ਕਤਲ ਵੀਰਵਾਰ ਸ਼ਾਮ ਨੂੰ ਹੋਇਆ ਸੀ ਪਰ ਘਟਨਾ ਦਾ ਦੇਰ ਰਾਤ ਨੂੰ ਪਤਾ ਲੱਗਾ।
ਡੀਐਸਪੀ ਨੇ ਦਸਿਆ ਕਿ ਚੰਪਾ ਦੇਵੀ ਨੂੰ ਪਲਾਸਟਿਕ ਦੇ ਲਿਫ਼ਾਫ਼ੇ ਮੂੰਹ ਵਿਚ ਪਾ ਕੇ ਮਾਰਿਆ ਗਿਆ ਤਾਂ ਜੋ ਚੀਕਣ ਦੀ ਆਵਾਜ਼ ਨਾ ਆਵੇ। ਇਸ ਘਟਨਾ ਨੂੰ ਕਿਸੇ ਰੰਜਿਸ਼ ਕਾਰਨ ਅੰਜਾਮ ਦਿਤਾ ਗਿਆ ਜਾਂ ਫਿਰ ਲੁੱਟ ਦੀ ਵਾਰਦਾਤ ਹੈ, ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲਗੇਗਾ। ਪੁਲਿਸ ਮਾਮਲੇ ਦੀ ਦੋਵਾਂ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਬੱਚਿਆਂ ਨੂੰ ਸੂਚਿਤ ਕਰ ਦਿਤਾ ਗਿਆ ਹੈ।