ਸਿੰਧੀਆ ਨੇ MP ਅਰੋੜਾ ਨੂੰ ਦਿਤਾ ਜਵਾਬ, ਦੁਨੀਆ ਦੇ ਕਿਸੇ ਵੀ ਹਿੱਸੇ 'ਚ ਉਡਾਣ ਭਰਨ ਵਾਸਤੇ ਅੱਡੇ ਲਈ ਸਾਰੀਆਂ ਮਨਜ਼ੂਰੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ ਹਵਾਈ ਅੱਡੇ ਤੋਂ ਏਅਰ ਇੰਡੀਆ ਸ਼ਾਰਜਾਹ ਲਈ ਹਰ ਹਫਤੇ 2 ਉਡਾਣਾਂ ਅਤੇ ਇੰਡੀਗੋ ਦੁਬਈ ਹਵਾਈ ਅੱਡੇ ਲਈ ਹਰ ਹਫਤੇ 7 ਉਡਾਣਾਂ ਦਾ ਸੰਚਾਲਨ ਕਰਦਾ ਹੈ।

photo

 

ਮੁਹਾਲੀ: ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਐੱਮ. ਸਿੰਧੀਆ ਨੇ ਚੰਡੀਗੜ੍ਹ ਹਵਾਈ ਅੱਡੇ ਨੂੰ ਹੋਰ ਗਲੋਬਲ ਟਿਕਾਣਿਆਂ ਨਾਲ ਜੋੜ ਕੇ ਅੰਤਰਰਾਸ਼ਟਰੀ ਸੰਪਰਕ ਵਧਾਉਣ ਦੇ ਮੁੱਦੇ 'ਤੇ ਲੁਧਿਆਣਾ ਤੋਂ 'ਆਪ' ਸੰਸਦ (ਰਾਜ ਸਭਾ) ਸੰਜੀਵ ਅਰੋੜਾ ਨੂੰ ਜਵਾਬ ਦਿਤਾ ਹੈ। ਕੇਂਦਰੀ ਮੰਤਰੀ ਨੇ ਵਰਣਨ ਕੀਤਾ ਕਿ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਮੌਜੂਦਾ ਸਮੇਂ 'ਚ ਚੰਡੀਗੜ੍ਹ ਹਵਾਈ ਅੱਡੇ ਤੋਂ ਏਅਰ ਇੰਡੀਆ ਸ਼ਾਰਜਾਹ ਲਈ ਹਰ ਹਫਤੇ 2 ਉਡਾਣਾਂ ਅਤੇ ਇੰਡੀਗੋ ਦੁਬਈ ਹਵਾਈ ਅੱਡੇ ਲਈ ਹਰ ਹਫਤੇ 7 ਉਡਾਣਾਂ ਦਾ ਸੰਚਾਲਨ ਕਰਦਾ ਹੈ।

 ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ : ਮਨੀਲਾ ਗਏ ਪੰਜਾਬੀ ਨੌਜੁਆਨ ਦੀ ਸ਼ੱਕੀ ਹਾਲਾਤ ਚ ਮੌਤ, 4 ਸਾਲ ਪਹਿਲਾਂ ਗਿਆ ਸੀ ਨੌਜੁਆਨ 

ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਅਰੋੜਾ ਨੂੰ ਆਪਣੇ ਜਵਾਬ ਵਿਚ ਅੱਗੇ ਲਿਖਿਆ ਕਿ ਇੰਡੀਅਨ ਡੈਜ਼ਿਗਨੇਟਿਡ ਕਰੀਅਰਸ ਆਪਸੀ ਤੌਰ 'ਤੇ ਸਹਿਮਤ ਸਮਰੱਥਾ ਹੱਦ ਅਨੁਸਾਰ ਵਿਦੇਸ਼ਾਂ ਨਾਲ ਭਾਰਤ ਵਲੋਂ ਸੰਪੰਨ ਦੋ-ਧਿਰੀ ਏਅਰ ਸਰਵਿਸਿਜ਼ ਐਗਰੀਮੈਂਟ (ਏ. ਐੱਸ. ਏ.) ਦੇ ਘੇਰੇ 'ਚ ਚੰਡੀਗੜ੍ਹ ਸਮੇਤ ਕਿਸੇ ਵੀ ਕੌਮਾਂਤਰੀ ਹਵਾਈ ਅੱਡੇ ਤੋਂ ਕਿਸੇ ਵੀ ਵਿਦੇਸ਼ੀ ਮੰਜ਼ਿਲ ਲਈ ਸੰਚਾਲਨ ਕਰਨ ਲਈ ਸੁਤੰਤਰ ਹੈ। ਹਾਲਾਂਕਿ ਭਾਰਤ ਵਿਚ ਕਿਸੇ ਵੀ ਥਾਂ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨਾ ਰਸਤੇ ਦੀ ਆਰਥਿਕ ਵਿਹਾਰਕਤਾ ਤੇ ਹੋਰ ਸਬੰਧਤ ਕਾਰਨਾਂ ਦੇ ਆਧਾਰ 'ਤੇ ਸ਼ੁੱਧ ਤੌਰ 'ਤੇ ਏਅਰਲਾਈਨਜ਼ ਦਾ ਕਾਰੋਬਾਰੀ ਫੈਸਲਾ ਹੈ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਨੇ ਲਿਖਿਆ ਕਿ ਸਰਕਾਰ ਨੇ ਸ਼ਹਿਰੀ ਹਵਾਬਾਜ਼ੀ ਖੇਤਰ ਦੇ ਵਿਕਾਸ ਲਈ ਇਕ ਸਮਰੱਥ ਮਾਹੌਲ ਦਿਤਾ ਹੈ ਪਰ ਏਅਰਲਾਈਨ ਦੀਆਂ ਆਪ੍ਰੇਸ਼ਨਲ ਯੋਜਨਾਵਾਂ ਵਿਚ ਦਖਲਅੰਦਾਜ਼ੀ ਨਹੀਂ ਕਰਦੀ। ਆਪਣੀ ਚਿੱਠੀ ਦੇ ਅਖੀਰ 'ਚ ਉਨ੍ਹਾਂ ਲਿਖਿਆ ਕਿ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਜਲਦੀ ਹੀ ਭਾਰਤੀ ਕਰੀਅਰਜ਼ ਦੇ ਸਹਿਯੋਗ ਨਾਲ ਚੰਡੀਗੜ੍ਹ ਲਈ ਅਤੇ ਉੱਥੋਂ ਕੌਮਾਂਤਰੀ ਆਪ੍ਰੇਸ਼ਨ ਵਧਾਉਣ ਲਈ ਵਚਨਬੱਧ ਹੈ।

 ਇਹ ਵੀ ਪੜ੍ਹੋ: ਪਹਿਲਵਾਨਾਂ ਵਿਰੁਧ ਨਫ਼ਰਤੀ ਭਾਸ਼ਣ ਦਾ ਕੋਈ ਮਾਮਲਾ ਨਹੀਂ ਬਣਦਾ: ਦਿੱਲੀ ਪੁਲਿਸ ਨੇ ਅਦਾਲਤ ਨੂੰ ਕਿਹਾ

ਦੱਸ ਦੇਈਏ ਕਿ ਅਰੋੜਾ ਨੇ ਇਸ ਸਾਲ 12 ਮਈ ਨੂੰ ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਸੰਬੋਧਿਤ ਆਪਣੇ ਪੱਤਰ ਵਿਚ ਜ਼ਿਕਰ ਕੀਤਾ ਸੀ ਕਿ ਪੰਜਾਬ ਤੋਂ ਇੱਕ ਸੰਸਦ ਮੈਂਬਰ ਹੋਣ ਦੇ ਨਾਤੇ, ਉਹ ਰਾਜ ਲਈ ਆਲਮੀ ਮੰਜ਼ਿਲਾਂ ਬਾਰੇ ਵਧੇਰੇ ਐਕਸਪੋਜਰ ਦੀ ਜ਼ਰੂਰਤ ਵੱਲ ਉਨ੍ਹਾਂ ਦਾ ਧਿਆਨ ਖਿੱਚਣਾ ਚਾਹੁੰਦੇ ਹਨ। ਜਦੋਂ ਕਿ ਲੁਧਿਆਣਾ ਵਿਚ ਨਵਾਂ ਹਵਾਈ ਅੱਡਾ ਇਕ ਮਹੱਤਵਪੂਰਨ ਕਦਮ ਹੈ, ਪੰਜਾਬ ਦੇ ਹੋਰ ਵੱਡੇ ਸ਼ਹਿਰਾਂ ਨੂੰ ਅੰਤਰਰਾਸ਼ਟਰੀ ਹੱਬ ਜਿਵੇਂ ਕਿ ਫਰੈਂਕਫਰਟ, ਲੰਡਨ, ਸਿੰਗਾਪੁਰ, ਹਾਂਗਕਾਂਗ ਆਦਿ ਨਾਲ ਜੁੜਨਾ ਮੁਸ਼ਕਲ ਲੱਗਦਾ ਹੈ।

 ਇਹ ਵੀ ਪੜ੍ਹੋ: ਸੌਦਾ ਸਾਧ ਦੇ ਨਕਲੀ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਨੂੰ ਹਾਈਕੋਰਟ ਤੋਂ ਮਿਲੀ ਰਾਹਤ 

ਅਰੋੜਾ ਨੇ ਦਸਿਆ ਕਿ ਚੰਡੀਗੜ੍ਹ ਨੂੰ ਇਨ੍ਹਾਂ ਪ੍ਰਮੁੱਖ ਹੱਬਾਂ ਨਾਲ ਜੋੜਨ ਨਾਲ ਅੰਤਰਰਾਸ਼ਟਰੀ ਖਰੀਦਦਾਰਾਂ ਅਤੇ ਨਿਵੇਸ਼ਕਾਂ ਲਈ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਖੇਤਰ ਦਾ ਦੌਰਾ ਕਰਨਾ ਆਸਾਨ ਹੋ ਸਕਦਾ ਹੈ। ਇਸ ਨਾਲ ਨਾ ਸਿਰਫ ਖੇਤਰ ਦੀ ਆਰਥਿਕਤਾ ਨੂੰ ਫਾਇਦਾ ਹੋਵੇਗਾ ਸਗੋਂ ਦੇਸ਼ ਦੇ ਸਰਵਪੱਖੀ ਵਿਕਾਸ ਵਿੱਚ ਵੀ ਯੋਗਦਾਨ ਹੋਵੇਗਾ। ਇਸ ਲਈ ਅਰੋੜਾ ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਹੋਰ ਆਲਮੀ ਮੰਜ਼ਿਲਾਂ ਨਾਲ ਜੋੜਨ ਲਈ ਉਨ੍ਹਾਂ ਦੀ ਬੇਨਤੀ ‘ਤੇ ਵਿਚਾਰ ਕਰਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਮੰਤਰੀ ਦੇ ਨਿਰੰਤਰ ਯਤਨਾਂ ਨਾਲ ਇਲਾਕੇ ਵਿੱਚ ਹੋਰ ਤਰੱਕੀ ਅਤੇ ਵਿਕਾਸ ਹੋਵੇਗਾ।
ਕੇਂਦਰੀ ਮੰਤਰੀ ਵੱਲੋਂ ਉਨ੍ਹਾਂ ਨੂੰ ਦਿੱਤੇ ਸਕਾਰਾਤਮਕ ਹੁੰਗਾਰੇ ਦੀ ਸ਼ਲਾਘਾ ਕਰਦਿਆਂ ਅਰੋੜਾ ਨੇ ਕਿਹਾ ਕਿ ਉਹ ਸਾਰੇ ਤੱਥਾਂ ਦੇ ਨਾਲ ਉਨ੍ਹਾਂ ਦੇ ਪੱਤਰ ਦਾ ਜਵਾਬ ਦੇਣ ਲਈ ਅਤੇ ਛੇਤੀ ਹੀ ਭਾਰਤੀ ਕੈਰੀਅਰਾਂ ਦੇ ਸਹਿਯੋਗ ਨਾਲ ਚੰਡੀਗੜ੍ਹ ਤੱਕ ਅੰਤਰਰਾਸ਼ਟਰੀ ਸੰਚਾਲਨ ਵਧਾਉਣ ਲਈ ਉਨ੍ਹਾਂ ਦੀ ਵਚਨਬੱਧਤਾ ਲਈ ਸਿੰਧੀਆ ਦੀ ਸ਼ਲਾਘਾ ਕਰਦੇ ਹਨ। ਅਰੋੜਾ ਨੇ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਇਸ ਦਿਸ਼ਾ ਵਿੱਚ ਕੁਝ ਠੋਸ ਅਤੇ ਸਕਾਰਾਤਮਕ ਨਤੀਜੇ ਸਾਹਮਣੇ ਆਉਣਗੇ।