ਅਜੀਬੋ-ਗਰੀਬ ਮਾਮਲਾ: ਬੈਂਕ ਮੈਨੇਜਰ ਨੇ ਔਰਤ ਦੇ ਕੱਪੜੇ ਪਹਿਨ ਕੇ ਕੀਤੀ ਖ਼ੁਦਕੁਸ਼ੀ
ਉਹ ਇੱਥੇ ਪਿਛਲੇ ਡੇਢ ਸਾਲ ਤੋਂ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ
ਲੁਧਿਆਣਾ : ਲੁਧਿਆਣਾ 'ਚ ਕੇਨਰਾ ਬੈਂਕ ਦੇ ਸੀਨੀਅਰ ਮੈਨੇਜਰ ਨੇ ਲੇਡੀਜ਼ ਕੱਪੜੇ ਪਾ ਕੇ ਸ਼ੱਕੀ ਹਾਲਾਤਾਂ 'ਚ ਫਾਹਾ ਲੈ ਲਿਆ। ਘਟਨਾ ਅਮਰਪੁਰਾ ਇਲਾਕੇ ਦੀ ਹੈ। ਮ੍ਰਿਤਕ ਦੀ ਪਛਾਣ ਵਿਨੋਦ ਮਸੀਹ ਵਜੋਂ ਹੋਈ ਹੈ। ਉਹ ਇੱਥੇ ਪਿਛਲੇ ਡੇਢ ਸਾਲ ਤੋਂ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ।
ਸ਼ੁੱਕਰਵਾਰ ਸਵੇਰੇ ਜਦੋਂ ਉਹ ਬਾਹਰ ਨਹੀਂ ਆਇਆ ਤਾਂ ਮਕਾਨ ਮਾਲਕ ਨੇ ਉਸ ਦਾ ਦਰਵਾਜ਼ਾ ਖੜਕਾਇਆ ਪਰ ਉਹ ਨਹੀਂ ਖੁੱਲ੍ਹਿਆ। ਸ਼ੱਕ ਪੈਣ ’ਤੇ ਉਨ੍ਹਾਂ ਇਲਾਕੇ ਦੇ ਕੌਂਸਲਰ ਗੁਰਦੀਪ ਸਿੰਘ ਨੀਟੂ ਤੇ ਹੋਰਨਾਂ ਨੂੰ ਸੂਚਿਤ ਕੀਤਾ। ਥਾਣਾ ਡਵੀਜ਼ਨ ਨੰਬਰ-2 ਦੇ ਐਸਐਚਓ ਅੰਮ੍ਰਿਤਪਾਲ ਸਿੰਘ ਵੀ ਟੀਮ ਨਾਲ ਪੁੱਜੇ।
ਜਿਸ ਤੋਂ ਬਾਅਦ ਫੋਰੈਂਸਿਕ ਟੀਮ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ। ਬਾਅਦ 'ਚ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿਤਾ। ਪੁਲਿਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਇਸ ਦੇ ਨਾਲ ਹੀ ਘਟਨਾ ਦੀ ਸੂਚਨਾ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦੇ ਦਿਤੀ ਗਈ ਹੈ।
ਮਕਾਨ ਮਾਲਕ ਨੇ ਦਸਿਆ ਕਿ 3 ਦਿਨ ਪਹਿਲਾਂ ਵਿਨੋਦ ਦਾ ਜਨਮ ਦਿਨ ਸੀ। ਵਿਨੋਦ ਮੂਲ ਰੂਪ ਵਿਚ ਫਿਰੋਜ਼ਪੁਰ ਦੀ ਟਾਂਕ ਵਾਲੀ ਬਸਤੀ ਦਾ ਰਹਿਣ ਵਾਲਾ ਸੀ। ਉਹ ਸ਼ਾਦੀਸ਼ੁਦਾ ਸੀ ਅਤੇ ਉਸ ਦਾ ਇੱਕ ਬੇਟਾ ਅਤੇ ਬੇਟੀ ਹੈ। ਉਹ ਈਸਾ ਨਗਰੀ ਵਿਚ ਆਪਣੇ ਰਿਸ਼ਤੇਦਾਰ ਸੁਲੇਮਾਨ ਦੇ ਘਰ ਖਾਣਾ ਖਾਂਦਾ ਸੀ।