ਵੋਟਾਂ ਵੇਲੇ ਹੀ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੀ ਯਾਦ ਕਿਉਂ ਆਈ : ਰੰਧਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੇਲ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰ ਸਰਕਾਰ ਵਲੋਂ ਸਾਉਣੀ ਦੀਆਂ ਫਸਲਾਂ ਦੇ ਸਮਰਥਨ ਮੁੱਲ ਵਿਚ ਕੀਤੇ ਵਾਧੇ ਨੂੰ ਵੋਟਾਂ ਲਈ ਕਿਸਾਨਾਂ...

Sukhjinder Singh Randhawa

ਚੰਡੀਗੜ੍ਹ, ਜੇਲ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ  ਕੇਂਦਰ ਸਰਕਾਰ ਵਲੋਂ ਸਾਉਣੀ ਦੀਆਂ ਫਸਲਾਂ ਦੇ ਸਮਰਥਨ ਮੁੱਲ ਵਿਚ ਕੀਤੇ ਵਾਧੇ ਨੂੰ ਵੋਟਾਂ ਲਈ ਕਿਸਾਨਾਂ ਨੂੰ ਵਰਗਲਾਉਣ ਦਾ ਯਤਨ ਕਰਾਰ ਦਿੱਤਾ ਹੈ।ਉਨ੍ਹਾਂ ਸਵਾਲ ਕੀਤਾ ਕਿ ਪਿਛਲੇ ਚਾਰ ਸਾਲ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਚਿੰਤਾ ਕਿਉਂ ਨਹੀਂ ਹੋਈ? ਜਦ ਕਿਸਾਨ ਦਿੱਲੀ ਵਿਚ ਧਰਨੇ ਲਾ ਕੇ  ਮੋਦੀ ਸਰਕਾਰ ਦੇ ਤਰਲੇ ਕੱਢ ਰਹੇ ਸਨ, ਉਸ ਵੇਲੇ ਪ੍ਰਧਾਨ ਮੰਤਰੀ ਦਾ ਕਿਸਾਨਾਂ ਵੱਲ ਧਿਆਨ ਨਹੀਂ ਗਿਆ ਜਦਕਿ ਹੁਣ ਜਦੋਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਭਾਜਪਾ ਨੇ ਕਿਸਾਨਾਂ ਦੇ ਵੋਟ ਬੈਂਕ ਨੂੰ ਕੈਸ਼ ਕਰਨ ਲਈ ਇਹ ਡਰਾਮਾ ਕੀਤਾ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਹੁਣ ਕਿਸਾਨ ਜਾਗ ਚੁਕਾ ਹੈ ਅਤੇ ਉਹ ਇਨ੍ਹਾਂ ਦੀਆਂ ਚਾਲਾਂ ਵਿਚ ਨਹੀਂ ਆਵੇਗਾ।ਰੰਧਾਵਾ ਨੇ ਕਿਹਾ ਕਿ ਮਨਮੋਹਨ ਸਰਕਾਰ ਵੇਲੇ  ਪਹਿਲੇ ਪੰਜ ਸਾਲਾਂ ਵਿਚ ਝੋਨੇ ਦੀ ਫਸਲ ਦਾ ਸਮਰਥਨ ਮੁੱਲ 61ਪ੍ਰਤੀਸ਼ਤ ਅਤੇ ਦੂਸਰੇ ਪੰਜ ਸਾਲਾਂ ਵਿਚ 38 ਪ੍ਰਤੀਸ਼ਤ ਵਧਿਆ ਸੀ ਜਦਕਿ ਮੋਦੀ ਸਰਕਾਰ ਵਲੋਂ ਹੁਣ ਤੱਕ ਇਹ ਵਾਧਾ ਸਿਰਫ 29 ਪ੍ਰਤੀਸ਼ਤ ਹੋਇਆ ਹੈ ਜੋ ਕਿ ਇਹ ਸਿੱਧ ਕਰਨ ਲਈ ਕਾਫੀ ਹੈ ਕਿ ਇਹ ਸਰਕਾਰ ਕਿਸਾਨਾਂ ਨਾਲ ਸਿਰਫ ਧੋਖਾ ਕਰ ਰਹੀ ਹੈ।

ਪ੍ਰਧਾਨ ਮੰਤਰੀ ਆਪਣੇ ਹਰ ਇਕ ਭਾਸ਼ਣ ਵਿਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕਰਦੇ ਹਨ ਜਦਕਿ ਅਜੇ ਤੱਕ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੇ ਸਹੀ ਮੁੱਲ ਤੱਕ ਨਹੀਂ ਦੇ ਸਕੇ। ਪ੍ਰਧਾਨ ਮੰਤਰੀ ਸਣੇ ਭਾਜਪਾ ਦੇ ਨੇਤਾ ਜੋ ਇਹ ਪ੍ਰਚਾਰ ਕਰ ਰਹੇ ਹਨ ਕਿ ਫਸਲਾਂ ਦੇ ਰੇਟ ਡੇਢ ਗੁਣਾ ਵਧਾ ਦਿੱਤੇ ਹਨ, ਉਹ ਵੀ ਝੂਠ ਬੋਲ ਰਹੇ ਹਨ ਜਦਕਿ ਸਰਕਾਰ ਅਜੇ ਵੀ ਕਿਸਾਨ ਨੂੰ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਭਾਅ ਦੇਣ ਤੋਂ ਅਸਮਰੱਥ ਹੈ।

ਉਨ੍ਹਾਂ ਕਿਹਾ ਕਿ ਪਿਛਲੀਆਂ ਚੋਣਾਂ ਤੋਂ ਪਹਿਲਾਂ ਮੋਦੀ ਬਠਿੰਡੇ ਆ ਕੇ ਕਿਸਾਨਾਂ ਨਾਲ ਝੂਠੇ ਵਾਅਦੇ ਕਰ ਕੇ ਗਏ ਸਨ ਅਤੇ ਹੁਣ ਫੇਰ ਵੋਟਾਂ ਨੇੜੇ ਦੇਖਦੇ ਹੋਏ ਉਹ ਪੰਜਾਬ ਆ ਰਹੇ ਹਨ ਅਤੇ ਉਸੇ ਤਰਾਂ ਕਿਸਾਨਾਂ ਨੂੰ ਝੂਠ ਬੋਲ ਕੇ ਵਰਗਲਾਉਣ ਦਾ ਯਤਨ ਕਰਨਗੇ।