ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਵਲੋਂ ਸੁਖਦੇਵ ਸਿੰਘ ਢੀਂਡਸਾ ਦੀ ਹਮਾਇਤ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਮਸੰਦ ਬਣੇ ਬਾਦਲਾਂ ਤੋਂ ਸ਼੍ਰੋਮਣੀ ਕਮੇਟੀ ਤੇ ਸਿੱਖ ਸੰਗਠਨ ਅਜ਼ਾਦ ਕਰਵਾ0ਉਣ ਦਾ ਸਮਾਂ ਆ ਗਿਆ

Sukhdev Singh Dhindsa

ਚੰਡੀਗੜ੍ਹ, 8 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ)  :  ਸ਼੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਸ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਨ ਤੇ ਉਨਾ ਨੂੰ ਹਿਮਾਇਤ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਹਮ-ਖ਼ਿਆਲੀ ਪਾਰਟੀਆਂ ਦੇ ਸਹਿਯੋਗ ਨਾਲ ਬਾਦਲਾਂ ਤੋਂ ਸਿੱਖ ਕੌਮ ਦੇ ਮੁਕੱਦਸ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ  ਅਜ਼ਾਦ ਕਰਵਾਉਣ ਉਪਰੰਤ ਸਿੱਖ ਕੌਮ ਨੂੰ ਸਮਰਪਿਤ ਕੀਤੇ ਜਾਣਗੇ ।  

ਸ. ਰਵੀਇੰਦਰ ਸਿੰਘ ਨੇ ਜਾਰੀ ਬਿਆਨ ’ਚ ਸੁਖਦੇਵ ਸਿੰਘ ਢੀਂਡਸਾ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ 1978 ਤੋਂ ਪਾਰਟੀ ਨੂੰ ਖੋਰਾ ਲਾਉਣਾ ਸ਼ੁਰੂ ਕੀਤਾ ਜੋ ਹੁਣ ਤਕ ਜਾਰੀ ਹੈ।  ਸ ਰਵੀਇੰਦਰ ਸਿੰਘ ਨੇ ਕਿਹਾ ਕਿ ਬਾਦਲ ਵਰਗੇ ਮਸੰਦਾਂ ਪਾਸੋਂ ਗੁਰੂ ਘਰ ਤੇ ਸਿੱਖਾਂ ਦੀ ਮਿੰਨੀ ਸੰਸਦ ਸ਼੍ਰੋਮਣੀ ਕਮੇਟੀ ਮੁਕਤ ਕਰਵਾਉਣੀ ਜ਼ਰੂਰੀ ਹੈ, ਜਿਨ੍ਹਾਂ ਨੇ ਇਸ ਨੂੰ ਘੱਪਲਿਆਂ ਦਾ ਸਥਾਨ ਬਣਾ ਦਿਤਾ ਹੈ ।

ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪਰ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਲਈ ਸਾਂਝਾ ਮਹਾਜ਼ ਬਣਾਇਆ ਜਾਵੇਗਾ ਤੇ ਸਮੂਹ  ਬਾਦਲ ਵਿਰੋਧੀਆਂ ਨੂੰ ਨਾਲ ਲੈ ਕੇ ਸਿੱਖ ਮਸਲਿਆਂ ਲਈ ਘੋਲ ਕੀਤਾ ਜਾਵੇਗਾ।  ਉਨ੍ਹਾਂ ਦੋਸ਼ ਲਾਇਆ ਕਿ ਬਾਦਲਾਂ ਗੁਰਧਾਮ ਵੀ ਨਹੀ ਬਖ਼ਸ਼ੇ ਸਗੋ ਦੋਹਾਂ ਹੱਥਾਂ ਨਾਲ ਲੁੱਟ ਕੀਤੀ ਗਈ ਹੈ । ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਦਲ ਸਰਕਰ ਸਮੇਂ ਹੋਈ, ਦੋ ਸਿੱਖ ਨੌਜੁਆਨ ਪੁਲਿਸ ਗੋਲੀ ਨਾਲ ਸ਼ਹੀਦ ਹੋ ਗਏ ਪਰ ਬਾਦਲਾਂ ਇਨਸਾਫ਼ ਦੀ ਥਾਂ ਵੋਟਾਂ ਖਾਤਰ ਸੌਦਾ-ਸਾਧ ਰਾਮ ਰਹੀਮ ਅੱਗੇ ਗੋਡੇ ਟੇਕਦਿਆਂ , ਉਸ ਨੂੰ ਬਿਨਾ ਪੇਸ਼ੀ ਦੇ, ਜਥੇਦਾਰਾਂ ਤੋਂ ਮਾਫ਼ੀ ਦਵਾਈ ਗਈ। 

ਸ. ਰਵੀਇੰਦਰ ਸਿੰਘ ਮੁਤਾਬਕ ਹੈਰਾਨੀ ਤਾਂ ਇਹ ਹੈ ਕਿ ਸੌਦਾ-ਸਾਧ ਲਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਚੰਡੀਗੜ੍ਹ ਸਰਕਾਰੀ ਕੋਠੀ ਸੱਦੇ ਗਏ, ਜੋ ਸਿੱਖ ਇਤਹਾਸ ਚ ਪਹਿਲੀ ਵਾਰ ਹੋਇਆ। ਉਨ੍ਹਾਂ ਕਿਹਾ ਕਿਹਾ ਕਿ ਜੇਕਰ ਹੁਣ ਸਿੱਟ ਨੇ ਸੌਦਾ ਸਾਧ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਲਈ ਨਾਮਜ਼ਦ ਕੀਤਾ ਹੈ ਤਾਂ ਬਾਦਲਾਂ ਅਪਣੀ ਹਕੂਮਤ ਸਮੇ ਕਿਉ ਘੇਸ ਮਾਰ ਛੱਡੀ ? ਰਵੀਇੰਦਰ ਸਿੰਘ ਨੇ ਦਾਅਵੇ ਨਾਲ ਕਿਹਾ ਕਿ ਸਮੂਹ ਪੰਥਕ ਸੰਗਠਨਾਂ ਨੂੰ ਨਾਲ ਲੈ ਕੇ ਸਾਂਝਾ ਫਰੰਟ ਸਿੱਖ ਕੌਮ ਦੇ ਹਿੱਤਾਂ ਲਈ ਬਣਾਇਆ ਜਾਵੇਗਾ।

ਸ. ਰਵੀਇੰਦਰ ਸਿੰਘ ਨੇ ਨਿਧੱੜਕ ਸਿੰਘ ਬਰਾੜ ਸਮੇਤ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਉਣ ਉਪਰੰਤ ਸੁਖਦੇਵ ਸਿੰਘ ਢੀਂਡਸਾ ਵੱਲੋ ਬਣਾਏ ਗਏ ਅਕਾਲੀ ਦਲ ਚ ਸ਼ਾਮਲ ਹੋਣ ਵਾਲੇ ਆਗੂਆਂ ਦੇ ਫ਼ੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਬਾਦਲ ਦਲ ਚ ਬੈਠੇ ਹੋਰ ਅਕਾਲੀ ਨੇਤਾਵਾਂ ਤੇ ਵਰਕਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਬਾਦਲ ਪ੍ਰਵਾਰ ਤੋਂ ਅਕਾਲੀ ਦਲ ਤੇ ਸ੍ਰੋਮਣੀ ਕਮੇਟੀ ਨੂੰ ਅਜਾਦ ਕਰਾਉਣ ਲਈ  ਅੱਗੇ ਆਉਣ ।