ਪੁਲਵਾਮਾ ’ਚ ਸ਼ਹੀਦ ਹੋਏ ਨਾਇਕ ਰਾਜਵਿੰਦਰ ਸਿੰਘ ਦਾ ਜੱਦੀ ਪਿੰਡ ’ਚ ਅੰਤਮ ਸਸਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਦੀ ਤਰਫ਼ੋ ਵਿਧਾਇਕ ਨਿਰਮਲ ਸਿੰਘ ਵਲੋਂ ਸ਼ਹੀਦ ਰਾਜਵਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ

Rajwinder Singh,

ਪਟਿਆਲਾ/ਸਮਾਣਾ, 8 ਜੁਲਾਈ (ਤੇਜਿੰਦਰ ਫ਼ਤਿਹਪੁਰ/ਚਮਕੌਰ ਮੋਤੀ ਫਾਰਮ): ਬੀਤੇ ਦਿਨ ਜੰਮੂ ਕਸ਼ਮੀਰ ਦੇ ਪੁਲਵਾਮਾ ਖੇਤਰ ਵਿਚ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਖਿਆ ਕਰਦਿਆਂ ਅਤਿਵਾਦੀਆਂ ਨਾਲ ਬਹਾਦਰੀ ਨਾਲ ਲੜਦਿਆਂ ਸ਼ਹੀਦ ਹੋਏ ਸਮਾਣਾ ਨੇੜਲੇ ਪਿੰਡ ਦੋਦੜਾ ਦੇ ਵਸਨੀਕ ਤੇ ਭਾਰਤੀ ਫ਼ੌਜ ਦੇ ਨੌਜਵਾਨ ਸੈਨਿਕ ਨਾਇਕ ਰਾਜਵਿੰਦਰ ਸਿੰਘ (29 ਸਾਲ) ਦੇ ਅੰਤਮ ਸਸਕਾਰ ਮੌਕੇ ਸਾਰਾ ਪਿੰਡ ਦੇਸ਼ ਭਗਤੀ ਦੇ ਰੰਗ ਵਿਚ ਰੰਗਿਆ ਗਿਆ।  

ਪਰਵਾਰ ਦੀ ਦੁਖ ਦੀ ਘੜੀ ’ਚ ਸ਼ਾਮਲ ਹੋਏ ਹਰ ਸ਼ਖ਼ਸ ਨੇ ਭਾਵੁਕ ਹੁੰਦਿਆਂ ਨਮ ਅੱਖਾਂ ਨਾਲ ਸ਼ਹੀਦ ਨੂੰ ਅੰਤਮ ਵਿਦਾਈ ਦਿਤੀ। ਜਦੋਂਕਿ ਸ਼ਹੀਦ ਦੇ ਪਿਤਾ ਸ. ਅਵਤਾਰ ਸਿੰਘ, ਮਾਤਾ ਸ੍ਰੀਮਤੀ ਮਹਿੰਦਰ ਕੌਰ, ਵੱਡੇ ਭਰਾ ਬਲਵੰਤ ਸਿੰਘ ਨੇ ਸ਼ਹੀਦ ਰਾਜਵਿੰਦਰ ਸਿੰਘ ਨੂੰ ਸਲਿਊਟ ਕਰ ਕੇ ਸਲਾਮੀ ਦਿਤੀ। ਅੱਜ ਕਸ਼ਮੀਰ ਤੋਂ ਭਾਰਤੀ ਫ਼ੌਜ ਦੇ ਵਿਸ਼ੇਸ਼ ਜਹਾਜ਼ ਰਾਹੀਂ ਨਾਇਕ ਰਾਜਵਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਚੰਡੀਗੜ੍ਹ ਲਿਆ ਕੇ ਅੱਗੇ ਪਟਿਆਲਾ ਮਿਲਟਰੀ ਸਟੇਸ਼ਨ ਲਿਆਂਦਾ ਗਿਆ, ਜਿਥੋਂ ਸੜਕ ਰਸਤੇ ਰਾਹੀਂ ਵੱਡੇ ਕਾਫ਼ਲੇ ਨਾਲ ਪਿੰਡ ਦੋਦੜਾ ਵਿਖੇ ਲਿਆਂਦਾ ਗਿਆ।

ਇਸ ਮਗਰੋਂ ਪੂਰੇ ਸਰਕਾਰੀ ਤੇ ਫ਼ੌਜੀ ਸਨਮਾਨਾਂ ਸਮੇਤ ਧਾਰਮਕ ਰਹੁ ਰੀਤਾਂ ਨਾਲ ਨਾਇਕ ਰਾਜਵਿੰਦਰ ਸਿੰਘ ਦੀ ਚਿਖਾ ਨੂੰ ਅਗਨੀ ਦਿਖਾਈ ਗਈ।
ਸ਼ਹੀਦ ਰਾਜਵਿੰਦਰ ਸਿੰਘ ਦੇ ਅੰਤਮ ਸਸਕਾਰ ਮੌਕੇ ਪੰਜਾਬ ਦੇ ਰਾਜਪਾਲ  ਵੀ.ਪੀ. ਸਿੰਘ ਬਦਨੌਰ ਦੀ ਤਰਫ਼ੋਂ ਐਸ.ਡੀ.ਐਮ. ਨਾਭਾ ਕਾਲਾ ਰਾਮ ਕਾਂਸਲ ਨੇ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫ਼ੋਂ ਹਲਕਾ ਸ਼ੁਤਰਾਣਾ ਦੇ ਵਿਧਾਇਕ ਸ. ਨਿਰਮਲ ਸਿੰਘ ਨੇ ਸ਼ਹੀਦ ਦੀ ਦੇਹ ’ਤੇ ਰੀਥ ਰੱਖ ਕੇ ਸ਼ਰਧਾ ਦੇ ਫ਼ੁੱਲ ਭੇਟ ਕੀਤੇ।  ਲੋਕ ਸਭਾ ਮੈਂਬਰ ਪਟਿਆਲਾ  ਪਰਨੀਤ ਕੌਰ ਦੀ ਤਰਫ਼ੋਂ ਉਨ੍ਹਾਂ ਦੇ ਨਿਜੀ ਸਕੱਤਰ ਸ੍ਰੀ ਬਲਵਿੰਦਰ ਸਿੰਘ ਨੇ ਰੀਥ ਰੱਖੀ।

ਭਾਰਤੀ ਫ਼ੌਜ ਦੇ ਮੁਖੀ ਜਨਰਲ ਐਮ.ਐਮ. ਨਰਵਾਣੇ ਦੀ ਤਰਫ਼ੋਂ ਪਟਿਆਲਾ ਸਟੇਸ਼ਨ ਦੇ ਕਮਾਂਡਰ ਬ੍ਰਿਗੇਡੀਅਰ ਪ੍ਰਤਾਪ ਸਿੰਘ ਰਾਣਾਵਤ ਨੇ ਰੀਥ ਰੱਖਕੇ ਸ਼ਰਧਾਂਜਲੀ ਅਰਪਿਤ ਕੀਤੀ। ਜਦੋਂਕਿ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸ. ਹਰਪਾਲ ਸਿੰਘ ਚੀਮਾ ਨੇ ਵੀ ਰੀਥ ਰੱਖੀ। 
   ਸ਼ਹੀਦ ਦੇ ਸਸਕਾਰ ਸਮੇਂ ਭਾਰਤੀ ਸੈਨਾ, ਪੰਜਾਬ ਸਰਕਾਰ, ਜ਼ਿਲ੍ਹਾ ਪਟਿਆਲਾ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਸਮੇਤ ਸਿਆਸੀ, ਸਮਾਜਕ, ਧਾਰਮਕ ਸੰਸਥਾਵਾਂ ਵਲੋਂ ਹਾਜ਼ਰ ਹੋਈਆਂ ਅਹਿਮ ਸਖ਼ਸ਼ੀਅਤਾਂ ਅਤੇ ਹਜ਼ਾਰਾਂ ਦੀ ਗਿਣਤੀ ’ਚ ਪੁੱਜੇ ਆਮ ਲੋਕਾਂ ਨੇ ਸ਼ਹੀਦ ਨੂੰ ‘ਦੇਸ਼ ਭਗਤੀ ਅਤੇ ਸ਼ਹੀਦ ਰਾਜਵਿੰਦਰ ਸਿੰਘ ਅਮਰ ਰਹੇ’’ ਦੇ ਨਾਅਰੇ. ਲਾਉਂਦਿਆਂ ਨਮ ਅੱਖਾਂ ਨਾਲ ਅੰਤਮ ਵਿਦਾਈ ਦਿਤੀ ਗਈ।