ਗੈਂਗਸਟਰ ਵਿਕਾਸ ਦੁਬੇ ਦਾ ਸਾਥੀ ਮੁਕਾਬਲੇ ’ਚ ਹਲਾਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਨਪੁਰ ਦੇ ਬਿਕਰੂ ਕਾਂਡ ਮਾਮਲੇ ਵਿਚ ਬੁਧਵਾਰ ਨੂੰ ਪੁਲਿਸ ਨੇ ਮੁੱਖ ਮੁਲਜ਼ਮ ਵਿਕਾਸ ਦੁਬੇ ਦਾ ਬਾਡੀਗਾਰਡ

File Photo

ਕਾਨਪੁਰ, 8 ਜੁਲਾਈ  : ਕਾਨਪੁਰ ਦੇ ਬਿਕਰੂ ਕਾਂਡ ਮਾਮਲੇ ਵਿਚ ਬੁਧਵਾਰ ਨੂੰ ਪੁਲਿਸ ਨੇ ਮੁੱਖ ਮੁਲਜ਼ਮ ਵਿਕਾਸ ਦੁਬੇ ਦਾ ਬਾਡੀਗਾਰਡ ਕਹੇ ਜਾਣ ਵਾਲੇ ਬਦਮਾਸ਼ ਨੂੰ ਹਮੀਰਪੁਰ ਵਿਚ ਮੁਕਾਬਲੇ ਦੌਰਾਨ ਹਲਾਕ ਕਰ ਦਿਤਾ ਅਤੇ ਛੇ ਹੋਰ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਧਿਕਾਰੀ ਪ੍ਰਸ਼ਾਂਤ ਕੁਮਾਰ ਨੇ ਦਸਿਆ ਕਿ ਬੁਧਵਾਰ ਸਵੇਰੇ ਹਮੀਰਪੁਰ ਦੇ ਮੌਦਹਾ ਵਿਚ ਦੁਬੇ ਦਾ ਸਾਥੀ ਅਮਰ ਦੁਬੇ ਐਸਟੀਐਫ਼ ਅਤੇ ਸਥਾਨਕ ਪੁਲਿਸ ਨਾਲ ਮੁਕਾਬਲੇ ਵਿਚ ਮਾਰਿਆ ਗਿਆ। ਅਮਰ ’ਤੇ 50 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਹੋਇਆ ਸੀ ਅਤੇ ਉਸ ਕੋਲੋਂ ਨਾਜਾਇਜ਼ ਸੈਮੀ ਆਟੋਮੈਟਿਕ ਪਿਸਟਲ ਤੇ ਕਾਰਤੂਸ ਬਰਾਮਦ ਹੋਇਆ ਹੈ।

ਹਮੀਰਪੁਰ ਦੇ ਐਸਐਸਪੀ ਸ਼ਲੋਕ ਕੁਮਾਰ ਨੇ ਦਸਿਆ ਕਿ ਮੁਖ਼ਬਰ ਦੀ ਸੂਚਨਾ ’ਤੇ ਐਸਟੀਐਫ਼ ਅਤੇ ਸਥਾਨਕ ਪੁਲਿਸ ਨੇ ਅਮਰ ਨੂੰ ਘੇਰ ਲਿਆ ਸੀ। ਇਸ ਦੌਰਾਨ ਉਸ ਨੇ ਪੁਲਿਸ ’ਤੇ ਗੋਲਬਾਰੀ ਕੀਤੀ ਜਿਸ ਵਿਚ ਮੌਦਹਾ ਦੇ ਇੰਸਪੈਕਟਰ ਅਤੇ ਐਸਟੀਐਫ਼ ਦਾ ਕਾਂਸਟੇਬਲ ਜ਼ਖ਼ਮੀ ਹੋ ਗਏ। ਜਵਾਬੀ ਕਾਰਵਾਈ ਵਿਚ ਅਮਰ ਨੂੰ ਗੋਲੀਆਂ ਵੱਜੀਆਂ ਅਤੇ ਹਸਪਤਾਲ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਅਮਰ ਵਿਕਾਸ ਦੁਬੇ ਗੈਂਗ ਦਾ ਤੀਜਾ ਮੈਂਬਰ ਹੈ ਜੋ ਮੁਕਾਬਲੇ ਵਿਚ ਮਾਰਿਆ ਗਿਆ।

ਇਸ ਤੋਂ ਪਹਿਲਾਂ ਉਸ ਦੇ ਸਾਥੀ ਪ੍ਰੇਮ ਪ੍ਰਕਾਸ਼ ਪਾਂਡੇ ਅਤੇ ਅਤੁਲ ਦੁਬੇ ਪਿਛਲੇ ਸ਼ੁਕਰਵਾਰ ਨੂੰ ਵਾਰਦਾਤ ਮਗਰੋਂ ਮੁਕਾਬਲੇ ਵਿਚ ਮਾਰੇ ਗਏ ਸਨ। ਉਨ੍ਹਾਂ ਇਹ ਵੀ ਦਸਿਆ ਕਿ ਪੁਲਿਸ ਨੇ ਫ਼ਰੀਦਾਬਾਦ ਵਿਚ ਮੁਕਾਬਲੇ ਦੌਰਾਨ ਦੁਬੇ ਦੇ ਸਾਥੀ ਕਾਰਤੀ ਉਰਫ਼ ਪ੍ਰਭਾਤ, ਅੰਕੁਰ ਅਤੇ ਉਸ ਦੇ ਪਿਤਾ ਸ਼ਰਵਣ ਨੂੰ ਗ੍ਰਿਫ਼ਤਾਰ ਕੀਤਾ ਹੈ। 
ਅਧਿਕਾਰੀ ਨੇ ਦਸਿਆ ਕਿ ਮੰਗਲਵਾਰ ਰਾਤ 50 ਹਜ਼ਾਰ ਰੁਪਏ ਦਾ ਇਕ ਹੋਰ ਨਾਮਜ਼ਦ ਅਪਰਾਧੀ ਸ਼ਿਆਮੂ ਵਾਜਾਪਾਈ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਨਾਲ ਹੀ ਇਕ ਹੋਰ ਮੁਲਜ਼ਮ ਜਹਾਨ ਯਾਦਵ ਤੇ ਉਸ ਦੇ ਸਾਥੀ ਸੰਜੀਵ ਦੁਬੇ ਨੂੰ ਕਾਨਪੁਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।

ਮੰਗਲਵਾਰ ਰਾਤ ਨੂੰ ਹੀ ਵੱਖ ਵੱਖ ਇਲਾਕਿਆਂ ਵਿਚ ਪੁਲਿਸ ਨੇ ਕਾਰਵਾਈ ਕੀਤੀ ਜਿਥੇ ਕਈ ਬਦਮਾਸ਼ ਜ਼ਖ਼ਮੀ ਹਾਲਤ ਵਿਚ ਗ੍ਰਿਫ਼ਤਾਰ ਕੀਤੇ ਗਏ ਹਨ। ਬੁਲੰਦਸ਼ਹਿਰ ਵਿਚ ਕਈ ਇਨਾਮੀ ਬਦਮਾਸ਼ ਗ੍ਰਿਫ਼ਤਾਰ ਕੀਤੇ ਗਏ ਹਨ। ਇਸੇ ਦੌਰਾਨ ਪੁਲਿਸ ਨੇ ਮੁਕਾਬਲੇ ਤੋਂ ਪਹਿਲਾਂ ਬਦਮਾਸ਼ਾਂ ਨੂੰ ਜਾਣਕਾਰੀ ਦੇਣ ਦੇ ਦੋਸ਼ ਹੇਠ ਚੌਬੇਪੁਰ ਥਾਣੇ ਦੇ ਸਾਬਕਾ ਇੰਚਾਰਜ ਵਿਨੇ ਤਿਵਾੜੀ ਅਤੇ ਬਿਕਰੂ ਇਲਾਕੇ ਦੇ ਬੀਟ ਇੰਚਾਰਜ ਕੇ ਕੇ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਹੈ।     (ਏਜੰਸੀ)