ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅਗਲੇ ਮਹੀਨੇ : ਰਾਣਾ ਕੇ.ਪੀ. ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕ ਸਭਾ ਸਪੀਕਰ ਓਮ ਬਿਰਲਾ ਵਲੋਂ ਬਣਾਈ 5 ਮੈਂਬਰੀ ਕਮੇਟੀ ਅੱਜ-ਕਲ ਮੁਲਕ ਦੀਆਂ ਵਿਧਾਨ ਸਭਾਵਾਂ ਦੇ

Rana KP Singh

ਚੰਡੀਗੜ੍ਹ, 8 ਜੁਲਾਈ (ਜੀ.ਸੀ. ਭਾਰਦਵਾਜ) : ਲੋਕ ਸਭਾ ਸਪੀਕਰ ਓਮ ਬਿਰਲਾ ਵਲੋਂ ਬਣਾਈ 5 ਮੈਂਬਰੀ ਕਮੇਟੀ ਅੱਜ-ਕਲ ਮੁਲਕ ਦੀਆਂ ਵਿਧਾਨ ਸਭਾਵਾਂ ਦੇ ਸੈਸ਼ਨ ਸੁਚਾਰੂ ਰੂਪ ਨਾਲ ਚਲਾਉਣ ਬਾਰੇ ਆਨਲਾਈਨ ਚਰਚਾ ਕਰ ਰਹੀ ਹੈ। ਯੂ.ਪੀ. ਦੇ ਸਪੀਕਰ ਹਿਰਦੇ ਨਾਰਾਇਣ ਦੀਕਸ਼ਿਤ ਦੀ ਅਗਵਾਈ 'ਚ ਇਸ 5 ਮੈਂਬਰੀ ਕਮੇਟੀ ਯਾਨੀ ਪੰਜਾਬ, ਗੁਜਰਾਤ, ਕਰਨਾਟਕ ਤੇ ਬਿਹਾਰ ਦੇ ਸਪੀਕਰਾਂ ਦੀ ਮਹਤਵਪੂਰਨ ਬੈਠਕ ਇਸ ਨਾਲ ਸਬੰਧਤ ਮੁੱਦਿਆਂ 'ਤੇ ਘੰਟਿਆਂਬੱਧੀ ਵੀਡੀਉ ਰਾਹੀਂ ਚਰਚਾ ਪਿਛਲੇ ਮਹੀਨੇ ਕਰ ਚੁੱਕੀ ਹੈ।

ਇਸ ਬੈਠਕ 'ਚ ਆਏ ਨੁਕਤਿਆਂ ਬਾਰੇ ਸੁਝਾਅ ਇਸੇ ਮਹੀਨੇ ਲੋਕ ਸਭਾ ਸਪੀਕਰ ਨੂੰ ਭੇਜੇ ਜਾ ਰਹੇ ਹਨ। ਰੋਜ਼ਾਨਾ ਸਪੋਕਸਮੈਨ ਨਾਲ ਅਪਣੀ ਰਿਹਾਇਸ਼ 'ਤੇ ਵਿਸ਼ੇਸ਼ ਗੱਲਬਾਤ ਕਰਦਿਆਂ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਦਸਿਆ ਕਿ ਲੋਕ ਸਭਾ ਦੇ ਮਾਨਸੂਨ ਇਜਲਾਸ ਦੀ ਤਰਜ਼ 'ਤੇ ਪੰਜਾਬ ਵਿਧਾਨ ਸਭਾ ਦਾ ਅਗਲਾ ਸੈਸ਼ਨ 15 ਅਗੱਸਤ ਤੋਂ ਮਗਰੋਂ ਤੀਜੇ ਜਾਂ ਚੌਥੇ ਹਫ਼ਤੇ ਸ਼ੁਰੂ ਹੋਵੇਗਾ।

ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਫਾਸਲਾ ਬਣਾਈ ਰੱਖਣ ਦੇ ਢੰਗ-ਤਰੀਕੇ ਅਪਣਾਉਣ ਖ਼ਾਤਰ, ਵਿਧਾਇਕਾਂ ਤੇ ਅਧਿਕਾਰੀਆਂ ਨੂੰ ਦੂਰ-ਦੂਰ ਬਿਠਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਦੇ ਪੰਜਾਬ ਵਾਲੇ ਪਾਸੇ ਦੇ ਵੱਡੇ ਹਾਲ 'ਚ 100 ਦੇ ਕਰੀਬ, ਬੈਂਚ ਹਨ ਅਤੇ 'ਇਕ ਬੈਂਚ 'ਤੇ ਇਕ ਵਿਧਾਇਕ' ਜਾਂ ਵਜ਼ੀਰ ਦੇ ਸਿਧਾਂਤ ਨੂੰ ਅਪਣਾਉਣ ਦੀ ਨੀਤੀ 'ਤੇ ਵਿਚਾਰ ਚਲ ਰਿਹਾ ਹੈ।

ਕੁਲ 117 ਮੈਂਬਰਾਂ 'ਚੋਂ ਸਪੀਕਰ ਦੀ ਕੁਰਸੀ ਪਹਿਲਾਂ ਹੀ ਉੱਚੇ ਥਾਂ 'ਤੇ ਹੁੰਦੀ ਹੈ, ਬਾਕੀ 16 ਸੀਟਾਂ ਲਾਉਣ ਅਤੇ ਉਨ੍ਹਾਂ 'ਤੇ ਮਾਈਕ ਫਿਟ ਕਰਨ ਬਾਰੇ ਜਾਂ ਵਜ਼ੀਰਾਂ ਨੂੰ ਆਪੋ-ਅਪਣੀ ਰਿਹਾਇਸ਼ ਤੋਂ ਆਨਲਾਈਨ ਸਵਾਲਾਂ ਦੇ ਜਵਾਬ ਦੇਣ ਦਾ ਬੰਦੋਬਸਤ ਕੀਤਾ ਜਾਵੇਗਾ। ਵਿਧਾਨ ਸਭਾ ਸਕੱਤਰੇਤ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲਾ ਬਜਟ ਸੈਸ਼ਨ 4 ਮਾਰਚ ਨੂੰ ਖ਼ਤਮ ਹੋਇਆ ਸੀ ਅਤੇ ਦੋ ਇਜਲਾਸਾਂ 'ਚ 6 ਮਹੀਨੇ ਦਾ ਅੰਤਰ ਦੀ ਸ਼ਰਤ 'ਤੇ ਆਧਾਰਤ ਨਿਯਮ ਦੀ ਪਾਲਣਾ ਕਰਦਿਆਂ ਇਹ ਮਾਨਸੂਨ ਸੈਸ਼ਨ 3 ਸਤੰਬਰ ਤੋਂ ਪਹਿਲਾਂ ਸ਼ੁਰੂ ਹੋਣਾ ਜ਼ਰੂਰੀ ਹੈ।

ਰੋਜ਼ਾਨਾ ਸਪੋਕਸਮੈਨ ਨੂੰ ਮਿਲੀ ਜਾਣਕਾਰੀ ਅਨੁਸਾਰ ਭਾਵੇਂ ਫ਼ਸਲਾਂ ਦੀ ਖਰੀਦ ਲਈ ਐਮ.ਐਸ.ਪੀ. ਵਾਲੇ ਕਿਸਾਨੀ ਮੁੱਦੇ ਅਤੇ ਧਾਰਮਕ ਬੇਅਦਬੀ ਦੇ ਮਾਮਲਿਆਂ ਦੇ ਸੁਲਗਦੇ ਮੁੱਦੇ, ਬਿਜਲੀ ਦਰਾਂ 'ਚ ਵਾਧੇ, ਪਟਰੌਲ-ਡੀਜ਼ਲ ਦੇ ਰੇਟਾਂ 'ਚ ਵਾਧੇ, ਨਕਲੀ ਸ਼ਰਾਬ ਬਣਾਉਣ ਦੇ ਨੁਕਤਿਆਂ 'ਤੇ ਸੱਤਾਧਾਰੀ ਤੇ ਵਿਰੋਧੀ ਧਿਰਾਂ 'ਚ ਟਕਰਾਅ ਹੋਣਾ ਤੈਅ ਹੈ, ਪਰ ਸਰਕਾਰ ਚਾਹੇਗੀ ਕਿ ਕੋਵਿਡ-19 ਦੇ ਬਹਾਨੇ, ਇਸ ਇਜਲਾਸ ਨੂੰ ਛੋਟਾ ਤੇ ਆਨਲਾਈਨ ਕਰ ਕੇ ਸੁਰਖਰੂ ਹੋ ਜਾਵੇ।