'ਬੇਅਦਬੀ ਕਾਂਡ' : ਡੇਰੇ ਦੀ ਕੌਮੀ ਕਮੇਟੀ ਦੇ ਮੈਂਬਰਾਂ ਹਰਸ਼, ਪ੍ਰਦੀਪ ਅਤੇ ਸੰਦੀਪ ਦੇ ਵਾਰੰਟ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 ਵਿਸ਼ੇਸ਼ ਜਾਂਚ ਟੀਮ ਸੁਨਾਰੀਆ ਜੇਲ 'ਚ ਸੌਦਾ ਸਾਧ ਤੋਂ ਪੁਛਗਿਛ ਲਈ ਕਾਹਲੀ

Photo

ਫ਼ਰੀਦਕੋਟ, 8 ਜੁਲਾਈ (ਗੁਰਿੰਦਰ ਸਿੰਘ/ਲਖਵਿੰਦਰ ਹਾਲੀ) : ਲਗਭਗ 5 ਸਾਲ ਪਹਿਲਾਂ 1 ਜੂਨ 2015 ਨੂੰ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਕਰਨ ਅਤੇ ਫਿਰ ਬੇਅਦਬੀ ਦੀ ਸਾਜਸ਼ ਰਚਣ ਦੇ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਦੀ ਅਪੀਲ ਮੰਨਦਿਆਂ ਅਦਾਲਤ ਨੇ ਡੇਰਾ ਸਿਰਸਾ ਦੀ ਕੌਮੀ ਕਮੇਟੀ ਦੇ ਤਿੰਨ ਮੈਂਬਰਾਂ ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਦੇ 20 ਜੁਲਾਈ ਲਈ ਗ੍ਰਿਫ਼ਤਾਰੀ ਵਰੰਟ ਜਾਰੀ ਕਰ ਦਿਤੇ ਹਨ।

ਸੂਤਰਾਂ ਮੁਤਾਬਕ ਬੇਅਦਬੀ ਕਾਂਡ ਦੀ ਸਾਜਸ਼ ਰਚਣ ਵਾਲੇ 3 ਮੁਲਜ਼ਮਾਂ ਦੀ ਵਿਸ਼ੇਸ਼ ਜਾਂਚ ਟੀਮ ਨੇ ਕਾਫ਼ੀ ਸਮਾਂ ਪਹਿਲਾਂ ਸ਼ਨਾਖਤ ਕਰ ਲਈ ਸੀ। ਜਿਸ ਵਿਚ ਡੇਰਾ ਸਿਰਸਾ ਦੀ ਕੌਮੀ ਕਮੇਟੀ ਦੇ ਮੈਂਬਰਾਂ ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਨੇ ਅਹਿਮ ਭੂਮਿਕਾ ਨਿਭਾਈ ਸੀ, ਜਿਸ 'ਤੇ ਜਾਂਚ ਟੀਮ ਇਨ੍ਹਾਂ ਮੁਲਜ਼ਮਾਂ ਨੂੰ ਲੱਭ ਰਹੀ ਸੀ, ਜਿਸ ਕਰ ਕੇ ਜਾਂਚ ਟੀਮ ਵਲੋਂ ਅਦਾਲਤ ਨੂੰ ਲਿਖਤੀ ਤੌਰ 'ਤੇ ਸੂਚਿਤ ਕੀਤਾ ਕਿ ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਵਾਰ-ਵਾਰ ਛਾਪੇਮਾਰੀ ਦੇ ਬਾਵਜੂਦ ਨਹੀਂ ਲੱਭ ਰਹੇ,

ਇਸ ਲਈ ਜਾਂਚ ਟੀਮ ਨੇ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿਚ ਉਕਤ ਵਿਅਕਤੀਆਂ ਦੇ ਗ੍ਰਿਫ਼ਤਾਰੀ ਵਰੰਟ ਹਾਸਲ ਕਰਨ ਲਈ ਅਰਜ਼ੀ ਦਿਤੀ ਸੀ। ਜੁਡੀਸ਼ੀਅਲ ਮੈਜਿਸਟ੍ਰੇਟ ਸੁਰੇਸ਼ ਕੁਮਾਰ ਦੀ ਅਦਾਲਤ ਨੇ ਇਨ੍ਹਾਂ ਦੇ ਗ੍ਰਿਫ਼ਤਾਰੀ ਵਰੰਟ 20 ਜੁਲਾਈ ਲਈ ਜਾਰੀ ਕਰ ਦਿਤੇ ਹਨ। ਜਾਂਚ ਟੀਮ ਨੇ ਅਦਾਲਤ ਨੂੰ ਦਸਿਆ ਕਿ ਉਕਤ ਤਿੰਨ ਡੇਰਾ ਪ੍ਰੇਮੀਆਂ ਨੇ ਹੀ ਪਾਵਨ ਸਰੂਪ ਚੋਰੀ ਕਰਨ ਦੀ ਸਾਜਸ਼ ਰਚੀ, ਉਨ੍ਹਾਂ ਦੀਆਂ ਹਦਾਇਤਾਂ ਨਾਲ ਹੀ ਭੜਕਾਊ ਪੋਸਟਰ ਲੱਗੇ ਅਤੇ ਬੇਅਦਬੀ ਕਾਂਡ ਨੂੰ ਅੰਜਾਮ ਦਿਤਾ ਗਿਆ। ਜਾਂਚ ਟੀਮ ਨੂੰ ਭਰੋਸਾ ਹੈ ਕਿ ਉਕਤ ਡੇਰਾ ਪ੍ਰੇਮੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੁਨਾਰੀਆ ਜੇਲ 'ਚ ਸੌਦਾ ਸਾਧ ਅਰਥਾਤ ਡੇਰਾ ਮੁਖੀ ਦੀ ਪੁਛਗਿਛ ਕਰਨੀ ਅਸਾਨ ਹੋ ਜਾਵੇਗੀ ਅਤੇ ਇਸ ਨਾਲ ਕਾਫ਼ੀ ਤਸਵੀਰ ਸਪੱਸ਼ਟ ਹੋ ਜਾਣੀ ਸੁਭਾਵਿਕ ਹੈ।

ਜਿਕਰਯੋਗ ਹੈ ਕਿ ਬਰਗਾੜੀ ਬੇਅਦਬੀ ਕਾਂਡ ਸਮੇਤ ਪਿੰਡ ਮੱਲਕੇ ਅਤੇ ਗੁਰੂਸਰ ਭਗਤਾ ਵਿਖੇ ਵਾਪਰੀਆਂ ਬੇਅਦਬੀ ਕਾਂਡ ਦੀਆਂ ਘਟਨਾਵਾਂ 'ਚ ਵਿਸ਼ੇਸ਼ ਜਾਂਚ ਟੀਮ ਵਲੋਂ ਪਹਿਲਾਂ ਹੀ ਉਕਤ ਤਿੰਨਾਂ ਡੇਰਾ ਪ੍ਰੇਮੀਆਂ ਨੂੰ ਨਾਮਜਦ ਕੀਤਾ ਹੋਇਆ ਹੈ ਪਰ ਘਟਨਾ ਤੋਂ 5 ਸਾਲ ਬਾਅਦ ਵੀ ਜਾਂਚ ਟੀਮ ਉਕਤ ਮੁਲਜਮ ਡੇਰਾ ਪ੍ਰੇਮੀਆਂ ਨੂੰ ਲੱਭਣ 'ਚ ਕਾਮਯਾਬੀ ਹਾਸਲ ਨਹੀਂ ਕਰ ਸਕੀ। ਜਾਂਚ ਟੀਮ ਨੇ ਅਦਾਲਤ ਨੂੰ ਲਿਖਤੀ ਤੌਰ 'ਤੇ ਸੂਚਿਤ ਕੀਤਾ ਸੀ ਕਿ ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਵਾਰ ਵਾਰ ਛਾਪੇਮਾਰੀ ਦੇ ਬਾਵਜੂਦ ਵੀ ਨਹੀਂ ਮਿਲ ਰਹੇ।

ਭਾਵੇਂ ਜੁਡੀਸ਼ੀਅਲ ਮੈਜਿਸਟ੍ਰੇਟ ਫਰੀਦਕੋਟ ਦੀ ਅਦਾਲਤ ਨੇ ਜਾਂਚ ਟੀਮ ਨੂੰ ਉਕਤ ਡੇਰਾ ਪ੍ਰੇਮੀਆਂ ਦੇ ਗ੍ਰਿਫਤਾਰੀ ਵਰੰਟ ਜਾਰੀ ਕਰ ਦਿੱਤੇ ਹਨ ਪਰ ਉਕਤ ਡੇਰਾ ਪ੍ਰੇਮੀਆਂ ਦਾ ਜਾਂਚ ਟੀਮ ਇਸ ਤੋਂ ਪਹਿਲਾਂ ਵੀ 3 ਕੇਸਾਂ 'ਚ ਗ੍ਰਿਫਤਾਰੀ ਵਰੰਟ ਹਾਸਲ ਕਰ ਚੁੱਕੀ ਹੈ। ਪਿੰਡ ਗੁਰੂਸਰ ਭਗਤਾ ਅਤੇ ਮੱਲਕੇ ਵਿੱਚ ਪਾਵਨ ਸਰੂਪ ਦੀ ਹੋਈ ਬੇਅਦਬੀ ਦੇ ਮਾਮਲੇ 'ਚ ਉਕਤ ਡੇਰਾ ਪ੍ਰੇਮੀ ਮੁਲਜ਼ਮ ਦੇ ਤੌਰ 'ਤੇ ਭਗੌੜੇ ਐਲਾਨੇ ਜਾ ਚੁੱਕੇ ਹਨ। ਇਹ ਵੀ ਖਦਸ਼ਾ ਹੈ ਕਿ ਬੇਅਦਬੀ ਕਾਂਡ ਦੀ ਜਾਂਚ ਸੀਬੀਆਈ ਕੋਲ ਜਾਣ ਤੋਂ ਬਾਅਦ ਉਕਤ ਤਿੰਨੋ ਮੁਲਜ਼ਮ ਵਿਦੇਸ਼ ਭੱਜ ਗਏ ਹਨ।

ਜ਼ਿਕਰਯੋਗ ਹੈ ਕਿ ਕੋਟਕਪੂਰਾ ਗੋਲੀਕਾਂਡ ਵਿੱਚ ਉਸ ਵੇਲੇ ਉੱਥੇ ਤਾਇਨਾਤ ਬਤੌਰ ਡੀ.ਐੱਸ.ਪੀ. ਬਲਜੀਤ ਸਿੰਘ ਸਿੱਧੂ ਨੇ ਇੱਥੋਂ ਦੀ ਅਦਾਲਤ ਵਿੱਚ ਅਰਜੀ ਦੇ ਕੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਵਿਸ਼ੇਸ਼ ਜਾਂਚ ਟੀਮ ਕਿਸੇ ਵੀ ਸਮੇਂ ਉਸ ਨੂੰ ਗ੍ਰਿਫਤਾਰ ਕਰ ਸਕਦੀ ਹੈ। ਇਸ ਲਈ ਉਸ ਦੀ ਗ੍ਰਿਫਤਾਰੀ ਉੱਪਰ ਰੋਕ ਲਾਈ ਜਾਵੇ। ਹੁਣ ਪਦਉਨਤ ਹੋਣ ਤੋਂ ਬਾਅਦ ਐਸ.ਪੀ. ਬਣੇ ਬਲਜੀਤ ਸਿੰਘ ਸਿੱਧੂ ਨੂੰ ਵਿਸ਼ੇਸ਼ ਜਾਂਚ ਟੀਮ ਨੇ ਪੁੱਛਗਿੱਛ ਲਈ ਟੀਮ ਦੇ ਦਫਤਰ ਅੰਮ੍ਰਿਤਸਰ ਵਿਖੇ ਦੋ ਵਾਰ ਬੁਲਾਇਆ ਸੀ ਪਰ ਉਹ ਜਾਂਚ ਟੀਮ ਸਾਹਮਣੇ ਪੇਸ਼ ਨਹੀ ਹੋਏ।

ਐਸ.ਪੀ. ਦੀ ਅਰਜੀ 'ਤੇ ਵਧੀਕ ਸ਼ੈਸ਼ਨ ਜੱਜ ਰਾਜੇਸ਼ ਕੁਮਾਰ ਨੇ 13 ਜੁਲਾਈ ਲਈ ਪੰਜਾਬ ਸਰਕਾਰ ਅਤੇ ਵਿਸ਼ੇਸ਼ ਜਾਂਚ ਟੀਮ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਐਸ.ਪੀ. ਬਲਜੀਤ ਸਿੰਘ ਸਿੱਧੂ ਨਾਲ ਸਬੰਧਤ ਮਾਮਲੇ ਦਾ ਸਾਰਾ ਰਿਕਾਰਡ ਅਦਾਲਤ ਵਿੱਚ ਪੇਸ਼ ਕਰਨ ਲਈ ਕਿਹਾ ਹੈ। ਇਸੇ ਦਰਮਿਆਨ ਪਤਾ ਲੱਗਾ ਹੈ ਕਿ ਵਿਸ਼ੇਸ਼ ਜਾਂਚ ਟੀਮ ਨੇ ਐਸ.ਪੀ. ਬਲਜੀਤ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਕੌਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਵਿਸ਼ੇਸ਼ ਜਾਂਚ ਟੀਮ ਐੱਸ.ਪੀ. ਬਲਜੀਤ ਸਿੰਘ ਸਮੇਤ ਦੋ ਹੋਰ ਪੁਲਿਸ ਅਧਿਕਾਰੀਆਂ ਫਰੀਦਕੋਟ ਦੇ ਤਤਕਾਲੀਨ ਐਸਐਸਪੀ ਸੁਖਮੰਦਰ ਸਿੰਘ ਅਤੇ ਐਸ.ਪੀ. ਬਲਵੀਰ ਸਿੰਘ ਨੂੰ ਕੋਟਕਪੂਰਾ ਗੋਲੀਕਾਂਡ ਬਾਰੇ ਪੁੱਛ-ਪੜਤਾਲ ਕਰਨਾ ਚਾਹੁੰਦੀ ਸੀ ਪਰ ਇਹ ਦੋਵੇ ਅਧਿਕਾਰੀ ਜਾਂਚ ਟੀਮ ਸਾਹਮਣੇ ਪੇਸ਼ ਨਹੀ ਹੋਏ।