ਆਈਟੀ ਨਿਯਮਾਂ ਦਾ ਉਲੰਘਣ ਕਰਨ ’ਤੇ ਕੇਂਦਰ ਟਵਿੱਟਰ ਵਿਰੁਧ ਕਾਰਵਾਈ ਲਈ ਆਜ਼ਾਦ : ਹਾਈ ਕੋਰਟ
ਆਈਟੀ ਨਿਯਮਾਂ ਦਾ ਉਲੰਘਣ ਕਰਨ ’ਤੇ ਕੇਂਦਰ ਟਵਿੱਟਰ ਵਿਰੁਧ ਕਾਰਵਾਈ ਲਈ ਆਜ਼ਾਦ : ਹਾਈ ਕੋਰਟ
ਨਵੀਂ ਦਿੱਲੀ, 8 ਜੁਲਾਈ : ਦਿੱਲੀ ਹਾਈ ਕੋਰਟ ਨੇ ਨਿਯਮਾਂ ਦਾ ਉਲੰਘਣ ਕਰਨ ’ਤੇ ਸੋਸ਼ਲ ਮੀਡੀਆ ਪਲੇਟਫ਼ਾਰਮ ਟਵਿੱਟਰ ਵਿਰੁਧ ਕਾਰਵਾਈ ਲਈ ਕੇਂਦਰ ਸਰਕਾਰ ਨੂੰ ਛੋਟ ਦੇ ਦਿਤੀ ਹੈ। ਕੋਰਟ ਨੇ ਕਿਹਾ ਜੇ ਟਵਿੱਟਰ ਆਈਟੀ ਨਿਯਮਾਂ ਦਾ ਉਲੰਘਣ ਕਰਦਾ ਹੈ ਤਾਂ ਕੇਂਦਰ ਟਵਿੱਟਰ ਵਿਰੁਧ ਕੋਈ ਵੀ ਕਾਰਵਾਈ ਕਰਨ ਲਈ ਆਜ਼ਾਦ ਹੈ। ਇਸ ਦੇ ਨਾਲ ਹੀ ਮਾਮਲਾ 28 ਜੁਲਾਈ ਲਈ ਮੁਲਤਵੀ ਕਰ ਦਿਤਾ ਹੈ। ਟਵਿੱਟਰ ਅੰਤਰਿਮ ਅਧਿਕਾਰੀ ਦੀ ਨਿਯੁਕਤੀ ਦੇ ਸਬੰਧ ’ਚ ਇਕ ਹਲਫਾਨਾਮ ਦਾਖ਼ਲ ਕਰੇਗਾ।
ਸ਼ਿਕਾਇਤ ਨਿਵਾਰਣ ਅਧਿਕਾਰੀ ਦੀ ਨਿਯੁਕਤੀ ਨੂੰ ਲੈ ਕੇ ਟਵਿੱਟਰ ਵਲੋ ਵੀਰਵਾਰ ਨੂੰ ਦਿੱਲੀ ਹਾਈ ਕੋਰਟ ’ਚ ਜਾਣਕਾਰੀ ਦਿਤੀ ਕਿ 8 ਹਫ਼ਤੇ ਦੇ ਅੰਦਰ ਉਚਿਤ ਕਦਮ ਉਠਾਏਗਾ। ਸੱਚ ਗੱਲ ਤਾਂ ਇਹ ਹੈ ਕਿ ਟਵਿੱਟਰ ’ਤੇ ਕੇਂਦਰ ਸਰਕਾਰ ਦੀ ਚਿਤਾਵਨੀ ਦਾ ਕੋਈ ਅਸਰ ਨਹੀਂ ਹੈ। ਸ਼ਿਕਾਇਤ ਅਧਿਕਾਰੀ ਦੀ ਨਿਯੁਕਤੀ ਨੂੰ ਲੈ ਕੇ ਟਵਿੱਟਰ ਵਾਰ-ਵਾਰ ਸਰਕਾਰ ਨੂੰ ਤਰੀਕ ਦੇ ਰਿਹਾ ਹੈ।
ਟਵਿੱਟਰ ਨੇ ਨਿਯਮ ਅਨੁਸਾਰ ਸ਼ਿਕਾਇਤ ਅਧਿਕਾਰੀ ਦੀ ਨਿਯੁਕਤੀ ਕੀਤੀ ਸੀ ਪਰ ਪਿਛਲੇ ਮਹੀਨੇ 27 ਜੂਨ ਨੂੰ ਅੰਤਰਿਮ ਸ਼ਿਕਾਇਤ ਅਧਿਕਾਰੀ ਧਰਮਿੰਦਰ ਚਤੁਰ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ। ਉਸ ਤੋਂ ਬਾਅਦ ਟਵਿੱਟਰ ਨਵੇਂ ਸ਼ਿਕਾਇਤ ਅਧਿਕਾਰੀ ਦੀ ਤਲਾਸ਼ ’ਚ ਹੈ। ਹੁਣ ਟਵਿੱਟਰ ਨੇ ਦਿੱਲੀ ਹਾਈ ਕੋਰਟ ਨੂੰ ਦਸਿਆ ਹੈ ਕਿ ਉਸ ਨਵੇਂ ਸ਼ਿਕਾਇਤ ਅਧਿਕਾਰੀ ਨੂੰ ਨਿਯੁਕਤ ਕਰਨ ਲਈ 8 ਹਫ਼ਤੇ ਦਾ ਸਮਾਂ ਚਾਹੀਦਾ।
ਟਵਿੱਟਰ ਨੇ ਵੀਰਵਾਰ ਨੂੰ ਕੋਰਟ ਨੂੰ ਇਹ ਵੀ ਦਸਿਆ ਹੈ ਕਿ ਫਿਲਹਾਲ ਉਸ ਨੇ ਥਰਡ ਪਾਰਟੀ ਸੋਰਸ ਦੇ ਜ਼ਰੀਏ 6 ਜੁਲਾਈ ਨੂੰ ਮੁੱਖ ਸ਼ਿਕਾਇਤ ਅਧਿਕਾਰੀ ਨਿਯੁਕਤ ਕੀਤਾ ਹੈ ਤੇ ਇਸ ਸਬੰਧ ’ਚ ਸੂਚਨਾ ਤੇ ਤਕਨੀਕੀ ਮੰਤਰਾਲੇ ਨੂੰ ਵੀ ਸੂਚਿਤ ਕੀਤਾ ਹੈ। ਜ਼ਿਕਰਯੋਗ ਹੈ ਕਿ ਨਵੇਂ ਸੂਚਨਾ ਤਕਨੀਕੀ ਨਿਯਮਾਂ ਤਹਿਤ ਭਾਰਤੀ ਖਪਤਕਾਰਾਂ ਦੀ ਸ਼ਿਕਾਇਤਾਂ ’ਤੇ ਕਾਰਵਾਈ ਲਈ ਮੁੱਖ ਸੋਸ਼ਲ ਮੀਡੀਆ ਕੰਪਨੀਆਂ ’ਚ ਸ਼ਿਕਾਇਤ ਅਧਿਕਾਰੀ ਦੀ ਨਿਯੁਕਤੀ ਜ਼ਰੂਰੀ ਹੈ। (ਏਜੰਸੀ)