CM ਪੰਜਾਬ ਵੱਲੋਂ ਵਾਇਰਸ ਦੇ ਬਦਲਦੇ ਸਰੂਪ ਦੀ ਜਾਂਚ ਵਿੱਚ ਵਾਧਾ ਕਰਨ ਦੇ ਹੁਕਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਵਿਡ ਦੇ ਸਰੂਪਾਂ ਦੀ ਪਛਾਣ ਲਈ ਪੰਜਾਬ ਵੱਲੋਂ ਸੁੱਕੀ ਪੱਟੀ ਨਾਲ ਜਾਂਚ ਸ਼ੁਰੂ ਕਰਨ ਦੀ ਤਿਆਰੀ ਮੁਕੰਮਲ

CM Punjab

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਸਬੰਧਤ ਵਿਭਾਗਾਂ ਨੂੰ ਵਾਇਰਸ ਦੇ ਬਦਲਦੇ ਸਰੂਪਾਂ ਦੀ ਜਾਂਚ ਵਿਚ ਵਾਧਾ ਕਰਨ ਦੇ ਹੁਕਮ ਦਿੱਤੇ ਤਾਂ ਜੋ ਕੋਵਿਡ ਦੇ ਨਵੇਂ ਪ੍ਰਕਾਰ ਦੇ ਕੇਸਾਂ ਦੀ ਪਛਾਣ ਕੀਤੀ ਜਾ ਸਕੇ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਮੋਹਾਲੀ ਦੇ ਰਿਜਨਲ ਇੰਸਟੀਚਿਊਟ ਆਫ ਵਾਇਰੌਲੌਜੀ ਲਈ ਆਈ.ਸੀ.ਐਮ.ਆਰ. ਨਾਲ ਐਮ.ਓ.ਯੂ. ਪੂਰਾ ਕਰਨ ਦੇ ਪ੍ਰਾਜੈਕਟ ਵਿਚ ਤੇਜ਼ੀ ਲਿਆਉਣ ਦੇ ਵੀ ਹੁਕਮ ਦਿੱਤੇ।

ਹਾਲਾਂਕਿ ਡੈਲਟਾ ਪਲਸ ਪ੍ਰਕਾਰ (ਮਈ ਮਹੀਨੇ ਦੀ ਸੈਂਪਲਿੰਗ ਦੇ ਅਧਾਰ 'ਤੇ ਪਹਿਲਾਂ ਆਏ ਦੋ ਕੇਸਾਂ ਤੋਂ ਇਲਾਵਾ) ਦੇ ਕੋਈ ਵੀ ਨਵੇਂ ਕੇਸ ਸੂਬੇ ਵਿਚ ਨਹੀਂ ਆਏ ਹਨ, ਪਰ ਇਸ ਦੇ ਬਾਵਜੂਦ ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਪਟਿਆਲਾ ਵਿਖ ਵਾਇਰਸ ਦੇ ਬਦਲਦੇ ਸਰੂਪਾਂ ਦੀ ਪਛਾਣ ਸਬੰਧੀ ਲੈਬਰਾਟਰੀ, ਜੋ ਕਿ ਪੀ.ਏ.ਟੀ.ਐਚ. ਦੀ ਮਦਦ ਨਾਲ ਤਿਆਰ ਹੋ ਰਹੀ ਹੈ, ਇਸੇ ਮਹੀਨੇ ਹਰ ਹਾਲਤ ਵਿਚ ਸ਼ੁਰੂ ਕੀਤੀ ਜਾਵੇਗੀ। ਪੀ.ਏ.ਟੀ.ਐਚ. ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਮਸ਼ੀਨਾਂ 25 ਜੁਲਾਈ ਤੱਕ ਸਥਾਪਤ ਕਰ ਦਿੱਤੀਆਂ ਜਾਣਗੀਆਂ।

ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਪਟਿਆਲਾ ਦੀ ਯੌਨ ਰੋਗਾਂ ਦੀ ਖੋਜ ਸਬੰਧੀ ਲੈਬਾਰੇਟਰੀ ਵੱਲੋਂ ਆਈ.ਐਨ.ਐਸ.ਏ.ਸੀ.ਓ.ਜੀ. ਨਾਲ ਰਜਿਸਟਰੇਸ਼ਨ ਲਈ ਅਰਜੀ ਵੀ ਦੇ ਦਿੱਤੀ ਗਈ ਹੈ। ਕੋਵਿਡ ਦੇ ਸਰੂਪਾਂ ਦੀ ਪਛਾਣ ਲਈ ਪੰਜਾਬ ਵੱਲੋਂ ਸੁੱਕੀ ਪੱਟੀ ਨਾਲ ਜਾਂਚ ਸ਼ੁਰੂ ਕਰਨ ਦੀ ਤਿਆਰੀ ਮੁਕੰਮਲਕੋਵਿਡ ਸਥਿਤੀ ਦੀ ਵਰਚੁਅਲ ਸਮੀਖਿਆ ਕਰਦੇ ਹੋਏ, ਮੁੱਖ ਮੰਤਰੀ ਨੇ ਇਸ ਗੱਲ ਉੱਤੇ ਤਸੱਲੀ ਪ੍ਰਗਟ ਕੀਤੀ ਕਿ ਸੂਬੇ ਵੱਲੋਂ ਅਗਲੇ ਹਫਤੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਪਟਿਆਲਾ ਵਿਖੇ ਇੱਕ ਪਾਇਲਟ ਪ੍ਰਾਜੈਕਟ ਰਾਹੀਂ ਸੁੱਕੀ ਪੱਟੀ ਨਾਲ ਜਾਂਚ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।

ਆਰ.ਟੀ.ਪੀ.ਸੀ.ਆਰ. ਜਾਂਚ ਦੀ ਤੁਲਨਾ ਵਿਚ ਸੁੱਕੀ ਪੱਟੀ ਨਾਲ ਜਾਂਚ ਦੇ ਢੰਗ ਦੀ ਸੰਵੇਦਨਸ਼ੀਲਤਾ 79 ਫੀਸਦੀ ਜਦੋਂ ਕਿ ਸਟੀਕਤਾ 99 ਫੀਸਦੀ ਹੈ। ਇਸ ਦੀ ਘੱਟ ਕੀਮਤ ਅਤੇ ਤੇਜ਼ ਵਾਰੀ ਨੂੰ ਧਿਆਨ ਵਿੱਚ ਰੱਖਦਿਆਂ ਸੁੱਕੀ ਪੱਟੀ ਵੇਰੀਐਂਟ ਵਿਧੀ ਨੂੰ ਸਿਰਫ ਉਹਨਾਂ ਮੌਕਿਆਂ ਉੱਤੇ ਹੀ ਸਕਰੀਨਿੰਗ ਦੇ ਸਾਧਨ ਵਜੋਂ ਵਰਤਿਆ ਜਾ ਸਕਦਾ ਹੈ ਜਿੱਥੇ ਸਵੈ-ਚਾਲਤ ਆਰ.ਐਨ.ਏ. ਐਕਸਟਰੈਕਸ਼ਨ ਉਪਲੱਬਧ ਨਹੀਂ ਹੈ।

ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਪੰਜਾਬ ਨੇ 10 ਸਿਹਤ ਸੰਸਥਾਨਾਂ ਦੀ ਪਛਾਣ ਕੀਤੀ ਹੈ ਅਤੇ ਪ੍ਰਤੀ ਸਥਾਨ ਘੱਟੋ-ਘੱਟ 15 ਸੈਂਪਲ ਹਰੇਕ 15 ਦਿਨਾਂ ਬਾਅਦ ਵਾਇਰਸ ਦੇ ਬਦਲਦੇ ਸਰੂਪਾਂ ਦੀ ਪਛਾਣ ਲਈ ਭੇਜੇ ਜਾ ਰਹੇ ਹਨ। ਮੀਟਿੰਗ ਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਟੀਕਾਕਰਨ ਤੋਂ ਬਾਅਦ ਆਏ ਪਾਜ਼ੇਟਿਵ ਸੈਂਪਲ, ਮੁੜ ਸੰਕ੍ਰਮਣ, ਮੌਤ ਅਤੇ ਗੰਭੀਰ ਕੇਸਾਂ ਤੋਂ ਇਲਾਵਾ ਕਲਸਟਰਿੰਗ ਆਦਿ ਦੇ ਪਾਜ਼ੇਟਿਵ ਸੈਂਪਲਾਂ ਨੂੰ ਵੀ ਵਾਇਰਸ ਦੇ ਬਦਲਦੇ ਸਰੂਪ ਦੀ ਪਛਾਣ ਲਈ ਭੇਜਿਆ ਜਾ ਰਿਹਾ ਹੈ।