ਵਿਦੇਸ਼ ਜਾਣ ਲਈ IELTS ਪਾਸ ਕੁੜੀ ਨਾਲ ਕਰਵਾਇਆ ਵਿਆਹ, ਖਰਚਾ ਕਰਵਾ ਕੇ ਕੁੜੀ ਕਹਿੰਦੀ ਤੂੰ ਕੌਣ ਮੈਂ ਕੌਣ
ਵਿਦੇਸ਼ ਜਾਣ ਦੀ ਚਾਹਤ ਵਿੱਚ ਪੰਜਾਬ ਦੇ ਲੋਕ ਸਭ ਤੋਂ ਅੱਗੇ ਹਨ, ਬਾਹਰ ਜਾਣ ਦੇ ਚੱਕਰ ਵਿਚ ਆਪਣਾ ਘਰ ਬਾਰ ਜ਼ਮੀਨ ਤੱਕ ਵੇਚ ਦਿੰਦੇ ਹਨ
ਫ਼ਿਰੋਜ਼ਪੁਰ (ਮਲਕੀਅਤ ਸਿੰਘ ) ਵਿਦੇਸ਼ ਜਾਣ ਦੀ ਚਾਹਤ ਵਿੱਚ ਪੰਜਾਬ ਦੇ ਲੋਕ ਸਭ ਤੋਂ ਅੱਗੇ ਹਨ, ਬਾਹਰ ਜਾਣ ਦੇ ਚੱਕਰ ਵਿਚ ਆਪਣਾ ਘਰ ਬਾਰ ਜ਼ਮੀਨ ਤੱਕ ਵੇਚ ਦਿੰਦੇ ਹਨ। ਕਈ ਵਾਰ ਆਈਲੈਟਸ ਪਾਸ (IELTS pass girl) ਲੜਕੀ ਮਿਲ ਜਾਵੇ ਤਾਂ ਆਪਣੇ ਬੇਟੇ ਨਾਲ ਵਿਆਹ ਕਰ ਲੜਕੀ ਦਾ ਸਾਰਾ ਖਰਚ ਚੁੱਕ ਕੇ ਉਸਨੂੰ ਵਿਦੇਸ਼ ਭੇਜਦੇ। ਪਰ ਵਿਦੇਸ਼ ਦੀ ਚਾਹਤ ਸਾਰਿਆਂ ਨੂੰ ਰਾਸ ਨਹੀਂ ਆਉਂਦੀ।
ਪੰਜਾਬ ਵਿਚ ਇਸ ਤਰ੍ਹਾਂ ਦੇ ਕਈ ਮਾਮਲੇ ਪੁਲਿਸ ਥਾਣਿਆਂ ਵਿਚ ਦਰਜ ਹਨ ਜਿਸ ਵਿੱਚ ਆਪਣੇ ਲੜਕੇ ਨੂੰ ਵਿਦੇਸ਼ ਭੇਜਣ ਲਈ ਆਈਲੈਟਸ ਪਾਸ ਕੁੜੀ (IELTS pass girl) ਨਾਲ ਵਿਆਹ ਕਰ ਵਿਦੇਸ਼ ਭੇਜਣ ਤਕ ਅਤੇ ਉਸ ਦੀ ਪੜ੍ਹਾਈ ਤੱਕ ਦਾ ਖਰਚਾ ਕਰ ਦਿੰਦੇ ਹਨ ਪਰ ਆਖਰ ਉਹ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਜਿਸ ਤੋਂ ਬਾਅਦ ਪਰਿਵਾਰ ਬਰਬਾਦ ਹੋ ਜਾਂਦਾ ਹੈ।
ਇਹੀ ਹੋਇਆ ਜ਼ਿਲ੍ਹਾ ਫਿਰੋਜ਼ਪੁਰ ਦੇ ਤਲਵੰਡੀ ਭਾਈ ਦੇ ਵਸਨੀਕ ਓਮਕਾਰ ਸਿੰਘ ਨਾਲ। ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਲੜਕੀ ਨੂੰ ਵਿਦੇਸ਼ ਭੇਜਣ ਦਾ ਸਾਰਾ ਖਰਚਾ ਚੁੱਕਿਆ ਅਤੇ ਲੜਕਾ ਲੜਕੀ ਦਾ ਵਿਆਹ ਹੋ ਗਿਆ ਅਤੇ ਲਗਭਗ ਇਕ ਸਾਲ ਬਾਅਦ ਲੜਕੀ ਲੜਕੇ ਨੂੰ ਆਪਣੇ ਨਾਲ ਬਾਹਰ ਲੈ ਲਈ। ਵਿਆਹ ਤੋਂ ਬਾਅਦ ਲੜਕੀ ਦਾ ਰਵੱਈਆ ਬਦਲਣਾ ਸ਼ੁਰੂ ਹੋ ਗਿਆ ਸੀ।
ਕੈਨੇਡਾ ਜਾਣ ਤੋਂ ਚਾਰ ਦਿਨ ਬਾਅਦ ਅਜਿਹੀ ਸਥਿਤੀ ਆਈ ਕਿ ਲੜਕੀ ਨੇ ਲੜਕੇ ਤੇ ਝੂਠੇ ਦਾਜ ਅਤੇ ਕੁੱਟਮਾਰ ਕਰਨ ਦੇ ਆਰੋਪ ਲਗਾਏ ਤੇ ਕੈਨੇਡਾ ਵਿੱਚ ਐਫਆਈਐਰ ਕਰਵਾ ਦਿੱਤੀ ਜਿਥੇ ਲੜਕਾ ਓਮਕਾਰ ਨੌਂ ਦਿਨ ਜੇਲ੍ਹ ਵਿੱਚ ਰਿਹਾ ਅਤੇ ਉਸ ਤੋਂ ਬਾਅਦ ਜ਼ਮਾਨਤ ਮਿਲੀ ਅਤੇ ਹੁਣ ਲੜਕੇ ਦਾ ਕੇਸ ਚੱਲ ਰਿਹਾ ਹੈ, ਉਹੀ ਲੜਕੀ ਨੇ ਖਰਚ ਕਰਵਾ ਕੇ ਲੜਕੇ ਤੋਂ ਤਲਾਕ ਲੈ ਲਿਆ।
ਸਪੋਕਸਮੈਨ ਦਾ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਲੜਕੇ ਓਮਕਾਰ ਦੇ ਪਿਤਾ ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਅਸੀਂ ਲੜਕੀ ਨੂੰ ਵਿਦੇਸ਼ ਭੇਜਣ ਲਈ 50 ਲੱਖ ਦੇ ਕਰੀਬ ਖਰਚ ਕੀਤਾ। ਵਿਦੇਸ਼ ਦੀ ਪੜ੍ਹਾਈ ਦੇ ਖਰਚ ਤੋਂ ਲੈ ਕੇ ਵਿਆਹ ਦਾ ਸਾਰਾ ਖਰਚਾ ਅਸੀਂ ਕੀਤਾ। ਵਿਆਹ ਤੋਂ ਲਗਭਗ ਇਕ ਸਾਲ ਬਾਅਦ ਲੜਕੀ ਮੁੰਡੇ ਨੂੰ ਆਪਣੇ ਨਾਲ ਕੈਨੇਡਾ ਲੈ ਗਈ ਪਰ ਲੜਕੀ ਨੇ ਮੇਰੇ ਪੁੱਤ ਤੇ ਝੂਠਾ ਕੇਸ ਦਰਜ ਕਰਵਾ ਦਿੱਤਾ ਤੇ ਇਸਨੂੰ ਜੇਲ੍ਹ ਵਿਚ ਬੰਦ ਕਰਵਾ ਦਿੱਤਾ।
ਉਹਨਾਂ ਕਿਹਾ ਕਿ ਸਾਡੀ ਜ਼ਿੰਦਗੀ ਨਰਕ ਬਣ ਗਈ ਹੈ ਤੇ ਇਧਰ ਸਾਡੇ ਨਾਲ ਹਾਦਸਾ ਵਾਪਰ ਗਿਆ ਤੇ ਮੇਰੀ ਪਤਨੀ ਦੀ ਮੌਤ ਹੋ ਗਈ ਸੀ। ਸਾਡੀ ਜ਼ਿੰਦਗੀ ਖਰਾਬ ਹੋ ਗਈ। ਓਂਕਾਰ ਦੇ ਭਰਾ ਹਰਪ੍ਰੀਤ ਸਿੰਘ, ਜੋ ਵਿਦੇਸ਼ ਵਿਚ ਰਹਿੰਦੇ ਹਨ, ਨੇ ਕਿਹਾ ਕਿ ਸਾਡਾ ਸਭ ਕੁਝ ਖਤਮ ਹੋ ਗਿਆ ਹੈ, ਭਰਾ ਤੇ ਮੇਰੀ ਮਾਂ ਦਾ ਬਾਹਰ ਜਾਣ ਦਾ ਸੁਪਨਾ ਸੀ ਪਰ ਨਾ ਤਾਂ ਮੇਰੀ ਮਾਂ ਰਹੀ ਅਤੇ ਭਰਾ ਪਰੇਸ਼ਾਨ ਹੈ, ਉਸਦਾ ਪਾਸਪੋਰਟ ਜ਼ਬਤ ਹੈ ਅਤੇ ਕੇਸ ਚੱਲ ਰਿਹਾ ਹੈ। ਉਧਰ ਡੀਐਸਪੀ ਦਿਹਾਤੀ ਸਤਨਾਮ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਸ਼ਿਕਾਇਤ ਆਈ ਸੀ, ਜਿਸ ਕਾਰਨ ਕੇਸ ਦਰਜ ਕੀਤਾ ਗਿਆ ਹੈ।