ਮੋਦੀ ਕੈਬਨਿਟ : ਚਾਰਜ ਸੰਭਾਲਣ ਵਾਲੇ ਮੰਤਰੀਆਂ ਨੇ ਪ੍ਰਧਾਨ ਮੰਤਰੀ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਅ
ਮੋਦੀ ਕੈਬਨਿਟ : ਚਾਰਜ ਸੰਭਾਲਣ ਵਾਲੇ ਮੰਤਰੀਆਂ ਨੇ ਪ੍ਰਧਾਨ ਮੰਤਰੀ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਅਹਿਦ ਲਿਆ
ਨਵੀਂ ਦਿੱਲੀ, 8 ਜੁਲਾਈ : ਕੇਂਦਰੀ ਕੈਬਨਿਟ ’ਚ ਵੱਡੇ ਫੇਰਬਦਲ ਦੇ ਬਾਅਦ ਅਪਣਾ ਅਪਣਾ ਕਾਰਜਭਾਰ ਸੰਭਾਲਣ ਵਾਲੇ ਕਈ ਮੰਤਰੀਆਂ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕੀਤੀ ਅਤੇ ਦੇਸ਼ ਲਈ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਅਹਿਦ ਲਿਆ। ਕੈਬਨਿਟ ’ਚ ਫੇਰਬਦਲ ਦੇ ਇਕ ਦਿਨ ਬਾਅਦ ਅਸ਼ਵਿਧੀ ਵੈਸ਼ਨਵ, ਅਨੁਰਾਗ ਠਾਕੁਰ, ਮਨਸੁਖ ਮੰਡਾਵੀਆ ਸਮੇਤ ਹੋਰ ਨਵੇਂ ਨਿਯੁਕਤ ਕੀਤੇ ਅਤੇ ਤਰੱਕੀ ਪਾਉਣ ਵਾਲੇ ਮੰਤਰੀਆਂ ਨੇ ਵੀਰਵਾਰ ਨੂੰ ਅਪਣਾ ਅਪਣਾ ਕਾਰਜਭਾਰ ਸੰਭਾਲਿਆ।
ਉਦਮੀ ਤੋਂ ਆਗੂ ਬਣੇ ਵੈਸ਼ਨਵ ਨੇ ਦੇਸ਼ ਦੇ ਨਵੇਂ ਰੇਲ ਮੰਤਰੀ ਦਾ ਕਾਰਜਭਾਰ ਸੰਭਾਲਿਆ ਹੈ। ਉਨ੍ਹਾਂ ਕੋਲ ਸੰਚਾਰ ਅਤੇ ਇਲੈਕਟ੍ਰੋਨਿਕਸ ਅਤੇ ਸੂਚਨਾ ਤੇ ਤਕਨੀਕੀ ਮੰਤਰਾਲੇ ਦਾ ਵੀ ਚਾਰਜ ਹੈ। ਉਥੇ ਹੀ, ਅਨੁਰਾਗ ਠਾਕੁਰ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰੀ ਦੇ ਅਹੁਦੇ ’ਤੇ ਤਰੱਕੀ ਦਿਤੀ ਗਈ ਹੈ ਅਤੇ ਉਨ੍ਹਾਂ ਨੇ ਵੀ ਅਪਣਾ ਕਾਰਜਭਾਰ ਸੰਭਾਲ ਲਿਆ ਹੈ। ਕੈਬਨਿਟ ਮੰਤਰੀ ਵਲੋਂ ਸਹੁੰ ਚੁੱਕਣ ਵਾਲੇ ਜੋਤਿਰਾਦਿੱਤੀਆ ਸਿੰਧਿਆ ਨੇ ਬੁਧਵਾਰ ਦੇਰ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਜੇ.ਪੀ.ਨੱਡਾ ਅਤੇ ਹੋਰ ਪਾਰਟੀ ਆਗੂਆਂ ਦਾ ਉਨ੍ਹਾਂ ’ਤੇ ਭਰੋਸਾ ਕਰਨ ਲਈ ਧਨਵਾਦ ਪ੍ਰਗਟਾਇਆ। ਸਿੰਧਿਆ ਨੂੰ ਸ਼ਹਿਰੀ ਹਵਾਬਾਜ਼ੀ ਮੰਤਰੀ ਬਣਾਇਆ ਗਿਆ ਹੈ।
ਵਾਤਾਵਰਣ, ਜੰਗਲਾਤ ਅਤੇ ਮੌਸਮ ਤਬਦੀਲੀ ਮੰਤਰਾਲੇ ਦਾ ਚਾਰਜ ਸੰਭਾਲਣ ਵਾਲੇ ਭੂਪੇਂਦਰ ਯਾਦਵ ਨੇ ਕਿਹਾ, ‘‘ਮੈਂ ਪ੍ਰਧਾਨ ਮੰਰਤੀ ਦਾ ਧਨਵਾਦੀ ਹਾਂ। ਮੈਂ ਕਿਰਤ ਮੰਤਰੀ ਵਜੋਂ ਕਾਰਜਭਾਰ ਸੰਭਾਲ ਲਿਆ ਹੈ। ਹੁਣ ਮੈਂ ਵਾਤਾਵਰਣ ਮੰਤਰੀ ਦਾ ਚਾਰਜ ਲੈ ਰਿਹਾ ਹਾਂ।
ਦੇਸ਼ ਦੇ ਨਵੇਂ ਸਿਹਤ ਅਤੇ ਪ੍ਰਵਾਰ ਕਲਿਆਣ ਮੰਤਰੀ ਦਾ ਚਾਰਜ ਸੰਭਾਲਣ ਵਾਲੇ ਮਨਸੁਖ ਮੰਡਾਵਿਆ ਨੇ ਕਿਹਾ ਕਿ ਉਹ ਸਿਹਤਮੰਤ ਭਾਰਤ ਦੇ ਪ੍ਰਧਾਨ ਮੰਤਰੀ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹਨ। ਘੱਟ ਗਿਣਤੀ ਮਾਮਲਿਆਂ ਬਾਰੇ ਰਾਜ ਮੰਤਰੀ ਦਾ ਅਹੁਦਾ ਸੰਭਾਲਣ ਵਾਲੇ ਜੌਨ ਬਾਰਲਾ ਨੇ ਪ੍ਰਧਾਨ ਮੰਤਰੀ ਨੂੰ ਇਸ ਜਿੰਮੇਵਾਰੀ ਪ੍ਰਤੀ ਭਰੋਸਾ ਕਰਨ ਲਈ ਧਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਅਪਣੀਆਂ ਜਿੰਮੇਵਾਰੀਆਂ ਨੂੰ ਨਿਭਾਉਣ ਲਈ ਪੂਰੀ ਕੋਸ਼ਿਸ਼ ਕਰਨਗੇ।
ਨਵੇਂ ਸਿਹਤ ਰਾਜ ਮੰਤਰੀ ਵਜੋਂ ਅਹੁਦਾ ਸੰਭਾਲਣ ਵਾਲੇ ਸੁਭਾਸ਼ ਸਰਕਾਰ ਨੇ ਪ੍ਰਧਾਨ ਮੰਤਰੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਪਣੇ ਆਪ ਨੂੰ ਸਮਰਪਿਤ ਕਰਨ ਲਈ ਵਚਨਬੱਧ ਕੀਤਾ। ਅਫ਼ਸਸ਼ਾਹੀ ਤੋਂ ਆਗੂ ਬਣੇ ਸਿੰਘ ਨੇ ਬਿਜਲੀ ਅਤੇ ਨਵੀਨੀਕਰਨ ਉਰਜਾ ਮੰਤਰੀ ਵਜੋਂ ਚਾਰਜ ਸੰਭਾਲਣ ਤੋਂ ਬਾਅਦ ਕਿਹਾ, “ਅਸੀਂ ਬਿਜਲੀਕਰਨ ਲਈ ਪ੍ਰਧਾਨ ਮੰਤਰੀ ਵਲੋਂ ਨਿਰਧਾਰਤ ਟੀਚੇ ਨੂੰ ਤੈਅ ਸਮੇਂ ਤੋਂ ਪਹਿਲਾਂ ਹਾਸਲ ਕਰ ਲਿਆ ਹੈ ਅਤੇ ਇਹ ਯਕੀਨੀ ਕਰਾਂਗੇ ਕਿ ਬਿਜਲੀ ਅਤੇ ਉਦਯੋਗ ਖੇਤਰ ਦੇ ਫ਼ਾਇਦੇ ਆਮ ਆਦਮੀ ਤਕ ਪਹੁੰਚਣ।’’ (ਏਜੰਸੀ)