ਮੋਦੀ ਕੈਬਨਿਟ ’ਚ ਮੰਤਰੀ ਬਣਦੇ ਹੀ ਹੈਕ ਹੋਇਆ ਸਿੰਧੀਆ ਦਾ ਫ਼ੇਸਬੁੱਕ ਅਕਾਊਂਟ

ਏਜੰਸੀ

ਖ਼ਬਰਾਂ, ਪੰਜਾਬ

ਮੋਦੀ ਕੈਬਨਿਟ ’ਚ ਮੰਤਰੀ ਬਣਦੇ ਹੀ ਹੈਕ ਹੋਇਆ ਸਿੰਧੀਆ ਦਾ ਫ਼ੇਸਬੁੱਕ ਅਕਾਊਂਟ

image

ਭੋਪਾਲ, 8 ਜੁਲਾਈ : ਪ੍ਰਧਾਨ ਮੰਤਰੀ ਮੋਦੀ ਕੈਬਨਿਟ ’ਚ ਕੇਂਦਰੀ ਮੰਤਰੀ ਬਣਦੇ ਹੀ ਜੋਤੀਰਾਦਿੱਤਿਆ ਸਿੰਧੀਆ ਦਾ ਫ਼ੇਸਬੁਕ ਅਕਾਊਂਟ ਹੈਕ ਹੋ ਗਿਆ। ਅਕਾਊਂਟ ਹੈਕ ਹੋਣ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਉਨ੍ਹਾਂ ਦੇ ਫ਼ੇਸਬੁੱਕ ਪੇਜ਼ ’ਤੇ ਇਕ ਪੁਰਾਣਾ ਵੀਡੀਉ ਸ਼ੇਅਰ ਕੀਤਾ ਗਿਆ। ਇਸ ਵੀਡੀਉ ਵਿਚ ਸਿੰਧੀਆ ਕਾਂਗਰਸ ਦੀ ਤਾਰੀਫ਼ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਵਿਰੁਧ ਹਮਲਾਵਰ ਭਾਸ਼ਣ ਵਾਲੇ ਪੁਰਾਣੇ ਵੀਡੀਉ ਵੀ ਅਪਲੋਡ ਕਰ ਦਿਤੇ ਗਏ। ਇਨ੍ਹਾਂ ’ਚ ਸਿੰਧੀਆ, ਮੋਦੀ ਸਰਕਾਰ ਦੀਆਂ ਕਮੀਆਂ ਗਿਣਵਾਉਂਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਉ ਉਸ ਸਮੇਂ ਦੇ ਹਨ, ਜਦੋਂ ਸਿੰਧੀਆ ਕਾਂਗਰਸ ਵਿਚ ਹੁੰਦੇ ਸਨ।
ਅਕਾਊਂਟ ਹੈਕ ਹੋਣ ਦੀ ਖ਼ਬਰ ਜਿਵੇਂ ਹੀ ਫੈਲੀ ਤਾਂ ਮਾਹਰਾਂ ਦੀ ਟੀਮ ਸਰਗਰਮ ਹੋ ਗਈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁੱਝ ਹੀ ਮਿੰਟਾਂ ਵਿਚ ਹੈਕਿੰਗ ਨੂੰ ਰੋਕ ਲਿਆ ਗਿਆ। ਇਸ ਦੇ ਨਾਲ-ਨਾਲ ਅਪਲੋਡ ਪੁਰਾਣੇ ਵੀਡੀਉ ਨੂੰ ਵੀ ਹਟਾ ਲਿਆ ਗਿਆ। ਜਿਸ ਡਾਟਾ ਨਾਲ ਛੇੜਛਾੜ ਕੀਤੀ ਗਈ ਹੈ, ਉਹ ਵੀ ਰਿਕਵਰ ਹੋ ਗਿਆ ਹੈ। ਭੋਪਾਲ ਵਿਚ ਸਿੰਧੀਆ ਸਮਰਥਕ ਕਿ੍ਰਸ਼ਨਾ ਘਾਟਗੇ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਸਿਆ ਕਿ ਅਕਾਊਂਟ ਤੁਰਤ ਰਿਕਵਰ ਹੋਣ ਦੀ ਵਜ੍ਹਾ ਕਰ ਕੇ ਸ਼ਿਕਾਇਤ ਨਹੀਂ ਕੀਤੀ ਜਾਵੇਗੀ। ਕਿ੍ਰਸ਼ਨਾ ਨੇ ਕਿਹਾ ਕਿ ਪਰ ਮਾਹਰਾਂ ਦੀ ਟੀਮ ਅਪਣੇ ਪੱਧਰ ’ਤੇ ਇਹ ਪਤਾ ਲਗਾ ਰਹੀ ਹੈ ਕਿ ਅਕਾਊਂਟ ਨੂੰ ਕਿਸ ਨੇ ਹੈਕ ਕੀਤਾ ਅਤੇ ਕਿੱਥੋਂ ਇਸ ਨੂੰ ਹੈਕ ਕੀਤਾ ਗਿਆ ਸੀ।    (ਏਜੰਸੀ)