ਵਿਦੇਸ਼ ਜਾਣ ਲਈ IELTS ਪਾਸ ਕੁੜੀ ਨਾਲ ਕਰਵਾਇਆ ਵਿਆਹ, ਖਰਚਾ ਕਰਵਾ ਕੇ ਕੁੜੀ ਕਹਿੰਦੀ 'ਤੂੰ ਕੌਣ ਮੈਂ ਕੌਣ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਪਿਆਂ ਦਾ ਰੋ-ਰੋ ਬੁਰਾ ਹਾਲ

photo

 

ਸਮਰਾਲਾ : ਵਿਦੇਸ਼ ਜਾਣ ਦੀ ਚਾਹਤ ਵਿੱਚ ਪੰਜਾਬ ਦੇ ਲੋਕ ਸਭ ਤੋਂ ਅੱਗੇ ਹਨ, ਬਾਹਰ ਜਾਣ ਦੇ ਚੱਕਰ ਵਿਚ ਆਪਣਾ ਘਰ ਬਾਰ ਜ਼ਮੀਨ ਤੱਕ ਵੇਚ ਦਿੰਦੇ ਹਨ।  ਕਈ ਵਾਰ ਆਈਲੈਟਸ ਪਾਸ (IELTS pass girl) ਲੜਕੀ ਮਿਲ ਜਾਵੇ ਤਾਂ ਆਪਣੇ ਬੇਟੇ ਨਾਲ ਵਿਆਹ ਕਰ ਲੜਕੀ ਦਾ ਸਾਰਾ ਖਰਚ ਚੁੱਕ ਕੇ  ਉਸਨੂੰ ਵਿਦੇਸ਼ ਭੇਜਦੇ। ਪਰ ਵਿਦੇਸ਼ ਦੀ ਚਾਹਤ ਸਾਰਿਆਂ ਨੂੰ ਰਾਸ ਨਹੀਂ ਆਉਂਦੀ।

ਪੰਜਾਬ ਵਿਚ ਇਸ ਤਰ੍ਹਾਂ ਦੇ ਕਈ ਮਾਮਲੇ ਪੁਲਿਸ ਥਾਣਿਆਂ ਵਿਚ ਦਰਜ ਹਨ ਜਿਸ ਵਿੱਚ ਆਪਣੇ  ਲੜਕੇ ਨੂੰ ਵਿਦੇਸ਼ ਭੇਜਣ ਲਈ ਆਈਲੈਟਸ ਪਾਸ ਕੁੜੀ (IELTS pass girl) ਨਾਲ ਵਿਆਹ ਕਰ ਵਿਦੇਸ਼ ਭੇਜਣ ਤਕ ਅਤੇ ਉਸ ਦੀ ਪੜ੍ਹਾਈ ਤੱਕ ਦਾ ਖਰਚਾ ਕਰ ਦਿੰਦੇ ਹਨ ਪਰ ਆਖਰ ਉਹ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਜਿਸ ਤੋਂ ਬਾਅਦ ਪਰਿਵਾਰ ਬਰਬਾਦ ਹੋ ਜਾਂਦਾ ਹੈ। ਇਹੀ ਹੋਇਆ ਸਮਰਾਲਾ ਦੇ ਪਿੰਡ ਗੋਸਲਾਂ ਦੇ ਗਗਨਦੀਪ ਸਿੰਘ ਨਾਲ। 

 

 

ਜਾਣਕਾਰੀ ਅਨੁਸਾਰ  ਸਤੰਬਰ 2021 ‘ਚ ਗਗਨਦੀਪ ਦੀ ਪਤਨੀ ਸਿਮਰਨਜੀਤ ਕੌਰ ਕੈਨੇਡਾ ਗਈ ਸੀ। ਵਿਆਹ ਤੋਂ ਲੈ ਕੇ ਕੈਨੇਡਾ ਤੱਕ ਦਾ ਸਾਰਾ ਖਰਚ ਗਗਨਦੀਪ  ਦੇ ਪਰਿਵਾਰ ਵੱਲੋਂ ਕੀਤਾ ਗਿਆ। ਕੈਨੇਡਾ ਜਾ ਕੇ ਵੀ ਸਿਮਰਨਜੀਤ ਕੌਰ ਲਗਾਤਾਰ ਪੈਸਿਆਂ ਦੀ ਮੰਗ ਕਰਦੀ ਰਹੀ। ਜਿਸ ਤੋਂ ਦੁਖੀ ਹੋ ਕੇ ਗਗਨਦੀਪ ਨੇ ਖੁਦਕੁਸ਼ੀ ਕਰ ਲਈ।

ਮ੍ਰਿਤਕ ਗਗਨਦੀਪ ਸਿੰਘ (22) ਦੇ ਪਿਤਾ ਸੋਹਣ ਸਿੰਘ ਨੇ ਦੱਸਿਆ ਕਿ 31 ਮਈ ਨੂੰ ਉਹ ਸਕੂਲ ‘ਚੋਂ ਸੇਵਾਮੁਕਤ ਹੋਏ ਸੀ ਤਾਂ ਉਹ ਸਕੂਲ ‘ਚ ਕਾਗਜੀ ਕਾਰਵਾਈ ਲਈ ਗਏ ਸਨ। ਮਗਰੋਂ ਉਹਨਾਂ ਦੀ ਨੂੰਹ ਦੇ ਪਿਤਾ ਦਾ ਫੋਨ ਆਇਆ ਕਿ ਗਗਨਦੀਪ ਉਹਨਾਂ ਦਾ ਫੋਨ ਨਹੀਂ ਚੁੱਕ ਰਿਹਾ। ਜਦੋਂ ਉਹਨਾਂ ਨੇ ਆਪਣੇ ਲੜਕੇ ਨੂੰ ਫੋਨ ਕੀਤਾ ਤਾਂ ਉਸਦਾ ਫੋਨ ਵੀ ਗਗਨਦੀਪ ਨੇ ਨਾ ਚੁੱਕਿਆ। ਉਹ ਤੁਰੰਤ ਘਰ ਪਹੁੰਚੇ ਤਾਂ ਵੇਖਿਆ ਕਿ ਗਗਨਦੀਪ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਗਗਨਦੀਨ ਨੇ ਇਹ ਖੁਦਕੁਸ਼ੀ ਮੋਬਾਇਲ ‘ਤੇ ਆਪਣੀ ਪਤਨੀ ਨਾਲ ਗੱਲਬਾਤ ਮਗਰੋਂ ਕੀਤੀ।

ਸੋਹਣ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਮੁੰਡੇ ਦੇ ਵਿਆਹ ‘ਤੇ ਕਰੀਬ 20 ਲੱਖ ਰੁਪਏ ਖਰਚ ਕੀਤੇ ਸੀ। ਹੁਣ ਜੁਲਾਈ ‘ਚ ਉਸ ਦੀ ਫਾਈਲ ਕੈਨੇਡਾ ਲਾਈ ਜਾਣੀ ਸੀ। ਕੈਨੇਡਾ ਰਹਿੰਦੀ ਨੂੰਹ ਉਸ ਦੇ ਮੁੰਡੇ ਕੋਲੋਂ ਮੋਬਾਇਲ ਤੇ ਹੋਰ ਮੰਗਾਂ ਕਰ ਰਹੀ ਸੀ। ਇਸ ਤੋਂ ਦੁਖੀ ਕੇ ਗਗਨਦੀਪ ਨੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰ ਲਏ ਸੀ। ਜਾਂਚ ਅਧਿਕਾਰੀ ਬਲਦੇਵ ਸਿੰਘ ਨੇ ਦੱਸਿਆ ਕਿ ਫਿਲਹਾਲ ਕਿਸੇ ਦੇ ਖਿਲਾਫ ਕੋਈ ਮੁਕੱਦਮਾ ਦਰਜ ਨਹੀਂ ਕੀਤਾ ਗਿਆ।

ਗਗਨਦੀਪ ਦੇ ਪਰਿਵਾਰ ਕੋਲੋਂ ਸਬੂਤ ਮੰਗੇ ਗਏ ਹਨ ਅਤੇ ਮੋਬਾਈਲ ਕਾਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਕਿਸੇ ਤਰ੍ਹਾਂ ਦਾ ਕੋਈ ਸੁਸਾਇਡ ਨੋਟ ਨਹੀਂ ਮਿਲਿਆ ਹੈ। ਫਿਲਹਾਲ ਪੁਲਿਸ ਨੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਮਗਰੋਂ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।