ਕੋਟਕਪੂਰਾ ਗੋਲੀਕਾਂਡ ਮਾਮਲਾ : SIT ਸਾਹਮਣੇ ਪੇਸ਼ ਹੋਣ ਲਈ ਸੁਮੇਧ ਸੈਣੀ ਨੇ ਮੰਗਿਆ ਸਮਾਂ

ਏਜੰਸੀ

ਖ਼ਬਰਾਂ, ਪੰਜਾਬ

ADGP ਐਲਕੇ ਯਾਦਵ ਦੀ ਅਗਵਾਈ ਵਾਲੀ SIT ਕੋਲੋਂ ਮੰਗਿਆ 3 ਹਫ਼ਤੇ ਦਾ ਸਮਾਂ

Sumedh Saini

ਚੰਡੀਗੜ੍ਹ : ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਜਾਂਚ ਕਰ ਰਹੀ SIT ਵਲੋਂ ਤਲਬ ਕੀਤਾ ਗਿਆ ਸੀ ਪਰ ਸਾਬਕਾ DGP ਜਾਂਚ ਵਿਚ ਸ਼ਾਮਲ ਨਹੀਂ ਹੋਏ ਅਤੇ ਉਨ੍ਹਾਂ ਨੇ ਪੁੱਛਗਿੱਛ ਵਿਚ ਸ਼ਾਮਲ ਹੋਣ ਲਈ ਕੁਝ ਸਮੇਂ ਦੀ ਮੰਗ ਕੀਤੀ ਹੈ।

ਜਾਣਕਾਰੀ ਅਨੁਸਾਰ ਸੁਮੇਧ ਸੈਣੀ ਨੇ ਨਵੀਂ ਦਿੱਲੀ ਵਿਚ ਇਕ ਅਦਾਲਤੀ ਮਾਮਲੇ ਵਿਚ ਰੁੱਝੇ ਹੋਣ ਦਾ ਹਵਾਲਾ ਦਿੰਦੇ ਹੋਏ ਸ਼ੁੱਕਰਵਾਰ ਨੂੰ ਹਾਜ਼ਰ ਹੋਣ ‘ਚ ਅਸਮਰਥਾ ਪ੍ਰਗਟਾਈ। ਦੱਸ ਦੇਈਏ ਕਿ ਏਡੀਜੀਪੀ ਐਲਕੇ ਯਾਦਵ ਦੀ ਅਗਵਾਈ ਵਾਲੀ SIT ਨੇ ਸੁਮੇਧ ਸੈਣੀ ਨੂੰ ਚੰਡੀਗੜ੍ਹ ਸਥਿਤ ਪੰਜਾਬ ਪੁਲਿਸ ਅਫਸਰ ਇੰਸਟੀਚਿਊਟ ਵਿਚ ਸਵੇਰੇ 10.30 ਵਜੇ ਪੇਸ਼ ਹੋਣ ਲਈ ਸੰਮਨ ਭੇਜਿਆ ਸੀ

ਪਰ ਸੈਣੀ ਨੇ ਇੱਕ ਚਿੱਠੀ ਭੇਜ ਕੇ ਨਵੀਂ ਦਿੱਲੀ ਵਿਚ ਨਿਰਧਾਰਤ ਅਦਾਲਤੀ ਤਰੀਕਾਂ ਦੇ ਕਾਰਨ SIT ਸਾਹਮਣੇ ਪੇਸ਼ ਹੋਣ ਲਈ ਤਿੰਨ ਹਫਤੇ ਦਾ ਸਮਾਂ ਮੰਗਿਆ ਹੈ। ਜ਼ਿਕਰਯੋਗ ਹੈ ਕਿ ਐੱਸ. ਆਈ. ਟੀ. ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਸੈਣੀ ਤੇ ਹੋਰ ਦੋਸ਼ੀ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਨੂੰ ਕੇਂਦਰੀ ਏਜੰਸੀ ਨੂੰ ਟਰਾਂਸਫਰ ਕਰਨ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਖਾਰਜ ਕਰਨ ਦੇ ਕੁਝ ਦਿਨ ਬਾਅਦ ਸੈਣੀ ਨੂੰ ਤਲਬ ਕੀਤਾ ਸੀ।