ਭਾਰੀ ਮੀਂਹ ਕਾਰਨ ਪਹਾੜੀ ਦੇ ਮਲਬੇ ਹੇਠਾਂ ਆਏ ਵਿਅਕਤੀ ਦੀ ਮੌਤ
ਬਰਸਾਤੀ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਦੌਰਾਨ ਵਾਪਰਿਆ ਹਾਦਸਾ
ਰੂਪਨਗਰ : ਜ਼ਿਲ੍ਹੇ ਵਿਚ ਸ਼ਨੀਵਾਰ ਸਵੇਰ ਤੋਂ ਪਏ ਮੀਂਹ ਕਾਰਨ ਸਥਿਤੀ ਚਿੰਤਾਜਨਕ ਹੋ ਗਈ ਹੈ। ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਨੇ ਜ਼ਿਲ੍ਹੇ ਵਿਚ ਹਾਈ ਅਲਰਟ ਐਲਾਨ ਦਿਤਾ ਹੈ। ਜ਼ਿਲ੍ਹੇ ਨੂੰ ਆਉਣ ਵਾਲੀਆਂ ਸਾਰੀਆਂ ਰੇਲਗੱਡੀਆਂ ਰੱਦ ਕਰ ਦਿਤੀਆਂ ਗਈਆਂ ਹਨ। ਇਸੇ ਦੌਰਾਨ ਪਿੰਡ ਬਠਲੌਰ ਬਲਾਕ ਨੂਰਪੁਰ ਬੇਦੀ ਦੇ 45 ਸਾਲਾ ਸੁਖਵਿੰਦਰ ਸਿੰਘ ਪੁੱਤਰ ਭਗਤਰਾਮ ਦੀ ਪਹਾੜੀ ਦੇ ਮਲਬੇ ਹੇਠਾਂ ਆਉਣ ਕਾਰਨ ਮੌਤ ਹੋ ਗਈ।
ਇਹ ਵੀ ਪੜ੍ਹੋ: ਨਾਨਕਮੱਤਾ ’ਚ ਹੋਵੇਗੀ ਸਿੱਖ ਕਾਨਫ਼ਰੰਸ, ਮੁੱਖ ਮੰਤਰੀ ਧਾਮੀ ਹੋਣਗੇ ਮੁੱਖ ਮਹਿਮਾਨ
ਦਸਿਆ ਜਾ ਰਿਹਾ ਹੈ ਕਿ ਸੁਖਵਿੰਦਰ ਸਿੰਘ ਅਪਣੇ ਘਰ ਦੇ ਪਿੱਛੇ ਪਹਾੜੀਆਂ ਤੋਂ ਆਉਂਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰ ਰਿਹਾ ਸੀ। ਇਸ ਦੌਰਾਨ ਪਹਾੜੀ ਦਾ ਵੱਡਾ ਹਿੱਸਾ ਉਸ ਉੱਤੇ ਡਿੱਗ ਪਿਆ। ਮਲਬੇ 'ਚ ਫਸੇ ਸੁਖਵਿੰਦਰ ਸਿੰਘ ਨੂੰ ਬਾਹਰ ਕੱਢਣ ਲਈ ਪਿੰਡ ਵਾਸੀਆਂ ਯਤਨ ਕੀਤੇ ਪਰ ਉਨ੍ਹਾਂ ਨੂੰ ਕਰੀਬ 2 ਘੰਟੇ ਦਾ ਸਮਾਂ ਲੱਗਾ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।
ਪ੍ਰਾਪਤ ਵੇਰਵਿਆਂ ਅਨੁਸਾਰ ਸ਼ਹਿਰ ਦੀਆਂ ਸਾਰੀਆਂ ਨਦੀਆਂ-ਨਾਲੇ ਨੱਕੋ-ਨੱਕ ਭਰੇ ਹੋਏ ਹਨ। ਰੋਪੜ ਸ਼ਹਿਰ ਦੀ ਬਸੰਤ ਵਿਹਾਰ ਕਲੋਨੀ ਦੇ 50 ਤੋਂ ਵੱਧ ਘਰ ਹੜ੍ਹ ਦੇ ਪਾਣੀ ਵਿਚ ਡੁੱਬ ਗਏ ਹਨ। ਇਸ ਦੇ ਨਾਲ ਹੀ ਸਭ ਤੋਂ ਵੱਧ ਨੁਕਸਾਨ ਬੀ ਬਲਾਕ ਨੂੰ ਹੋਇਆ ਹੈ। ਜਿਥੇ ਮੀਂਹ ਦਾ ਪਾਣੀ ਕਰੀਬ 70 ਪਿੰਡਾਂ ਵਿਚ ਦਾਖਲ ਹੋ ਗਿਆ। ਫਿਲਹਾਲ ਪ੍ਰਸ਼ਾਸਨ ਵਲੋਂ ਕੰਟਰੋਲ ਰੂਮ ਦੇ ਨੰਬਰ ਜਾਰੀ ਕੀਤੇ ਗਏ ਹਨ।