ਚੰਡੀਗੜ੍ਹ ’ਚ ਪ੍ਰਸਿਧ ਟੀਵੀ ਸ਼ੋਅ ‘ਉਡਾਰੀਆਂ’ ਦੇ ਸੈਟ ’ਤੇ ਹੋਈ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ
ਚੈਨਲ ਨੇ ਮੰਗੀ ਮਾਫ਼ੀ
ਚੰਡੀਗੜ੍ਹ: ਰਵੀ ਦੂਬੇ ਤੇ ਸਰਗੁਣ ਮਹਿਤਾ ਦੀ ਪ੍ਰੋਡਕਸ਼ਨ ਹੇਠ ਚੱਲ ਰਿਹਾ ਪ੍ਰਸਿੱਧ ਟੀਵੀ ਸ਼ੋਅ ‘ਉਡਾਰੀਆਂ’ ਕੁਝ ਪੰਥਕ ਕਾਰਣਾਂ ਕਰ ਕੇ ਵਿਵਾਦਾਂ ’ਚ ਘਿਰ ਗਿਆ ਹੈ। ਕਲ ਸੋਮਵਾਰ ਨੂੰ ਜਦੋਂ ਇਸ ਸ਼ੋਅ ਦੇ ਸੈਟ ਉਤੇ ਸ਼ੂਟਿੰਗ ਚਲ ਰਹੀ ਸੀ, ਤਾਂ ਸਿੱਖਾਂ ਦੇ ਇਕ ਸਮੂਹ ਨੇ ਉਥੇ ਪੁੱਜ ਕੇ ਰੋਸ ਮੁਜ਼ਾਹਰਾ ਕੀਤਾ। ਦਰਅਸਲ, ਸ਼ੋਅ ਦੀ ਕਹਾਣੀ ਅਨੁਸਾਰ ਗੁਰਦੁਆਰਾ ਸਾਹਿਬ ਦੇ ਅੰਦਰ ਕੁਝ ਦ੍ਰਿਸ਼ ਫ਼ਿਲਮਾਏ ਜਾਣੇ ਸਨ; ਜਿਸ ਲਈ ਇਕ ਗੁਰੂਘਰ ਦਾ ਸੈੱਟ ਤਿਆਰ ਕੀਤਾ ਗਿਆ ਸੀ। ਸਿੱਖ ਸਮੂਹ ਨੂੰ ਇਸ ਸੈੱਟ ਦੀ ਗ਼ੈਰ-ਵਾਜਬ ਵਰਤੋਂ ’ਤੇ ਡਾਢਾ ਇਤਰਾਜ਼ ਸੀ। ਇਸ ਰੋਸ ਮੁਜ਼ਾਹਰੇ ਦੇ ਰੌਲੇ-ਰੱਪੇ ਕਾਰਣ ਸੈੱਟ ਦੇ ਦੂਜੇ ਪਾਸੇ ਚੱਲ ਰਹੀ ਇਕ ਹੋਰ ਸ਼ੂਟਿੰਗ ਵੀ ਰੋਕਣੀ ਪਈ। ਉਥੇ ਸੰਭਾਵੀ ਟਕਰਾਅ ਟਾਲਣ ਲਈ ਯੂਨਿਟ ਦੇ ਕਈ ਮੈਂਬਰ ਇਸ ਹੰਗਾਮੇ ਦੌਰਾਨ ਇਧਰ-ਉਧਰ ਹੋ ਗਏ।
ਮੀਡੀਆ ਰਿਪੋਰਟਾਂ ਅਨੁਸਾਰ ਗੁਰਦੁਆਰਾ ਸਾਹਿਬ ਦੇ ਸੈੱਟ ’ਤੇ ਯੂਨਿਟ ਦੇ ਲੋਕ ਜੁੱਤੀਆਂ ਪਾ ਕੇ ਘੁੰਮ ਰਹੇ ਸਨ, ਇਸ ’ਤੇ ਸਿੱਖਾਂ ਦਾ ਇਤਰਾਜ਼ ਬਿਲਕੁਲ ਜਾਇਜ਼ ਸੀ। ਯੂਨਿਟ ਦੇ ਇੰਚਾਰਜ ਨੇ ਦਸਿਆ ਕਿ ਅੱਗੇ ਤੋਂ ਸਿੱਖ ਰਹਿਤ ਮਰਿਆਦਾ ਦਾ ਪੂਰਾ ਖ਼ਿਆਲ ਰਖਿਆ ਜਾਵੇਗਾ।
ਇਸ ਤੋਂ ਪਹਿਲਾਂ ਯੂਨਿਟ ਦੇ ਹੀ ਕਿਸੇ ਮੈਂਬਰ ਨੇ ਪਹਿਲਾਂ ‘ਉਡਾਰੀਆਂ’ ਦੇ ਸੈਟ ’ਤੇ ਚੱਲ ਰਹੀ ਸ਼ੂਟਿੰਗ ਦੀ ਇਕ ਵੀਡੀਉ ਕਲਿੱਪ ਰਿਕਾਰਡ ਕਰ ਕੇ ਕਿਸੇ ਗਰੁੱਪ ’ਚ ਸ਼ੇਅਰ ਕਰ ਦਿਤੀ ਸੀ। ਉਹ ਵੀਡੀਉ ਵੇਖਣ ਵਾਲੇ ਨੂੰ ਇੰਝ ਜਾਪ ਰਿਹਾ ਸੀ ਕਿ ਜਿਵੇਂ ਕਿਸੇ ਗੁਰਦੁਆਰਾ ਸਾਹਿਬ ’ਚ ਲੋਕ ਜੁੱਤੀਆਂ ਲੈ ਕੇ ਘੁੰਮ ਰਹੇ ਹੋਣ। ਅਜਿਹੀ ਵੀਡੀਉ ਕਲਿਪਿੰਗ ’ਤੇ ਪੰਥਕ ਹਲਕਿਆਂ ਦੇ ਨਾਲ-ਨਾਲ ਆਮ ਸੰਗਤ ਵਲੋਂ ਇਤਰਾਜ਼ ਕੀਤਾ ਜਾਣਾ ਸੁਭਾਵਕ ਤੌਰ ’ਤੇ ਲਾਜ਼ਮੀ ਸੀ। ਯੂਨਿਟ ਦੇ ਸੀਨੀਅਰ ਮੈਂਬਰਾਂ ਨੇ ਇਸ ਬੇਅਦਬੀ ਲਈ ਮਾਫ਼ੀ ਮੰਗਦਿਆਂ ਕਿਹਾ ਕਿ ਅੱਗੇ ਤੋਂ ਅਜਿਹਾ ਕੁੱਝ ਨਹੀਂ ਹੋਵੇਗਾ।
ਇਸ ਸ਼ੋਅ ਦੇ ਨਿਰਮਾਤਾ ਸਰਗੁਣ ਮਹਿਤਾ ਤੇ ਰਵੀ ਦੂਬੇ ਇਸ ਮਾਮਲੇ ’ਤੇ ਕਿਸੇ ਤਰ੍ਹਾਂ ਦੀ ਟਿਪਣੀ ਲਈ ਉਪਲਬਧ ਨਹੀਂ ਹੋ ਸਕੇ। ਉਂਝ ਟੀਵੀ ਚੈਨਲ ਵਲੋਂ ਇਕ ਬਿਆਨ ਜਾਰੀ ਕਰ ਕੇ ਆਖਿਆ ਗਿਆ,‘‘ਅਸੀਂ ਅਜਿਹਾ ਕੰਟੈਂਟ ਤਿਆਰ ਕਰਨ ਲਈ ਵਚਨਬਧ ਹਾਂ, ਜਿਹੜਾ ਸਾਰੇ ਧਰਮਾਂ ਤੇ ਸਭਿਆਚਾਰਾਂ ਦੀ ਕਦਰ ਕਰਦਾ ਹੋਵੇ।’’