ਕਿਸਾਨਾਂ ਦੀਆਂ ਫ਼ਸਲਾਂ ਜੰਗਲੀ ਸੂਰ ਕਰ ਰਹੇ ਨੇ ਖ਼ਰਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਜ਼ਦੀਕ ਪਿੰਡ ਅਮਲਾਲਾ ਅਤੇ ਈਸਾਪੁਰ ਵਿਖੇ ਕਿਸਾਨਾਂ ਦੀਆਂ ਫ਼ਸਲਾਂ ਤੇ ਜੰਗਲੀ ਸੂਰਾਂ ਦੇ ਹਮਲੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਜਾਰੀ ਹਨ..........

Farmer showing Maize Crop

ਡੇਰਾਬੱਸੀ : ਨਜ਼ਦੀਕ ਪਿੰਡ ਅਮਲਾਲਾ ਅਤੇ ਈਸਾਪੁਰ ਵਿਖੇ ਕਿਸਾਨਾਂ ਦੀਆਂ ਫ਼ਸਲਾਂ ਤੇ ਜੰਗਲੀ ਸੂਰਾਂ ਦੇ ਹਮਲੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਜਾਰੀ ਹਨ। ਉਨ੍ਹਾਂ ਦੀ ਪੁੱਤਾਂ ਵਾਂਗੂ ਪਾਲੀਆਂ ਫ਼ਸਲਾਂ ਜੰਗਲੀ ਸੂਰ ਖ਼ਰਾਬ ਕਰ ਰਹੇ ਹਨ। ਪਿੰਡ ਅਮਲਾਲਾ ਦੇ ਕਿਸਾਨ ਬਲਬੀਰ ਸਿੰਘ ਪੁੱਤਰ ਸਮਸ਼ੇਰ ਸਿੰਘ ਅਤੇ ਈਸਾਪੁਰ ਦੇ ਕਿਸਾਨ ਹਰਵਿੰਦਰ ਸਿੰਘ ਪੁੱਤਰ ਪ੍ਰੇਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪਿਛਲੇ ਕਈ ਸਾਲਾਂ ਤੋਂ ਜੰਗਲੀ ਸੂਰਾਂ ਨੇ ਉਨ੍ਹਾਂ ਦਾ ਜੀਉਣਾ ਹਰਾਮ ਕੀਤਾ ਹੋਇਆ ਹੈ। ਉਨ੍ਹਾਂ ਦਸਿਆ ਕਿ ਪਿਛਲੇ ਸਾਲ ਸੂਰਾਂ ਨੇ ਉਨ੍ਹਾਂ ਦੀ ਆਲੂਆਂ ਦੀ ਫ਼ਸਲ ਖ਼ਰਾਬ ਕਰ ਦਿਤੀ ਸੀ।

ਇਸ ਵਾਰ ਉਨ੍ਹਾਂ ਮੱਕੀ ਦੀ ਫ਼ਸਲ ਲਗਾਈ ਹੋਈ ਸੀ ਜੋ ਜੰਗਲੀ ਸੂਰਾਂ ਨੇ ਖ਼ਰਾਬ ਕਰ ਦਿੱਤੀ। ਉਨ੍ਹਾਂ ਦਸਿਆ ਕਿ ਮੱਕੀ ਦੀ ਫ਼ਸਲ ਵਿਚ ਹੁਣ ਜਦੋਂ ਟਾਂਡਿਆਂ ਨੂੰ ਛੱਲੀਆਂ ਲੱਗਣ ਲੱਗੀਆਂ ਤਾਂ ਜੰਗਲੀ ਸੂਰਾਂ ਨੇ ਛੱਲੀਆਂ ਖਾਣ ਦੇ ਲਈ ਸਾਰੀ ਫਸਲ ਬਰਬਾਦ ਕਰ ਦਿਤੀ। ਗੁਰਮੀਤ ਸਿੰਘ, ਹਰਪ੍ਰੀਤ ਸਿੰਘ, ਗੁਰਧਿਆਨ ਸਿੰਘ, ਬਲਜੀਤ ਸਿੰਘ, ਮਨੂੰ, ਗੁਰਜੀਤ ਗੋਲਡੀ ਆਦਿ ਨੇ ਦਸਿਆ ਕਿ ਸਾਡੇ ਪਿੰਡਾਂ ਦੇ ਨਾਲ ਨਾਲ ਘੱਗਰ ਨਦੀ ਅਤੇ ਚੋਅ ਹੈ ਅਤੇ ਜੰਗਲੀ ਸੂਰ ਇਸ ਵਿੱਚ ਦਿਨ ਨੂੰ ਲੁਕ ਜਾਂਦੇ ਹਨ

ਅਤੇ ਰਾਤ ਨੂੰ ਇਹ ਸੂਰ ਫ਼ਸਲਾਂ 'ਤੇ ਹਮਲੇ ਕਰ ਕੇ ਫ਼ਸਲਾਂ ਨੂੰ ਬਰਬਾਦ ਕਰ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਜੰਗਲੀ ਸੂਰਾਂ ਦਾ ਕੋਈ ਠੋਸ ਪ੍ਰਬੰਧ ਕੀਤਾ ਜਾਵੇ। ਇਨ੍ਹਾਂ ਸੂਰਾਂ ਨੂੰ ਫੜ੍ਹਕੇ ਜੰਗਲ ਵਿਚ ਛਡਿਆ ਜਾਵੇ ਤਾਂ ਜੋ ਕਿਸਾਨਾਂ ਦਾ ਜੋ ਨੁਕਸਾਨ ਹੋ ਰਿਹਾ ਹੈ ਉਸ ਨੂੰ ਰੋਕਿਆ ਜਾਵੇ। ਉਨ੍ਹਾਂ ਸਰਕਾਰ ਤੋਂ ਸੂਰਾਂ ਵਲੋਂ ਖ਼ਰਾਬ ਕੀਤੀਆਂ ਫ਼ਸਲਾਂ ਦੇ ਬਣਦੇ ਮੁਆਵਜੇ ਦੀ ਮੰਗ ਕੀਤੀ ਹੈ।