ਸਰਕਾਰ ਬਦਲੀ ਪਰ ਸੜਕ ਦੇ ਭਾਗ ਨਾ ਬਦਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਗਰ ਕੌਂਸਲ ਲਾਲੜੂ ਦੇ ਅਧੀਨ ਪੈਦੇ ਪਿੰਡ ਘੋਲੂਮਾਜਰਾ ਨੂੰ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ਨਾਲ ਜੋੜਦੀ ਸੰਪਰਕ ਸੜਕ ਦੀ ਹਾਲਤ ਖਸਤਾ...............

Broken Road

ਲਾਲੜੂ : ਨਗਰ ਕੌਂਸਲ ਲਾਲੜੂ ਦੇ ਅਧੀਨ ਪੈਦੇ ਪਿੰਡ ਘੋਲੂਮਾਜਰਾ ਨੂੰ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ਨਾਲ ਜੋੜਦੀ ਸੰਪਰਕ ਸੜਕ ਦੀ ਹਾਲਤ ਖਸਤਾ ਹੋਣ ਕਾਰਨ ਪਿੰਡ ਵਾਸਿਆਂ ਵੱਲੋਂ ਰੋਸ਼ ਜਤਾਇਆ ਗਿਆ। ਪਿੰਡ ਦੇ ਸਾਬਕਾ ਸਰਪੰਚ ਰਾਮ ਨਿਵਾਸ, ਸਾਬਕਾ ਸਰਪੰਚ ਸੰਤ ਰਾਮ, ਗੁਰਮੀਤ ਸਿੰਘ ਨੰਬਰਦਾਰ, ਵੇਦ ਪ੍ਰਕਾਸ਼ ਨੰਬਰਦਾਰ, ਰਾਣਾ ਰਾਮ, ਰਾਜੇਸ਼ ਕੁਮਾਰ ਅਤੇ ਨਰਿੰਦਰ ਕੁਮਾਰ ਸ਼ਰਮਾ ਆਦਿ ਨੇ ਦੱਸਿਆ ਕਿ ਜਦੋਂ ਦੀ ਸੂਬੇ ਵਿਚ ਕਾਂਗਰਸ ਸਰਕਾਰ ਬਣੀ ਹੈ, ਉਦੋ ਤੋਂ ਹੀ ਪਿੰਡ ਦੇ ਵਿਕਾਸ ਕੰਮ ਠੱਪ ਹੋ ਕੇ ਰਹਿ ਗਏ ਹਨ ਅਤੇ ਉਨ੍ਹਾਂ ਦਾ ਪਿੰਡ ਬੁਨਿਆਦੀ ਸਹੂਲਤਾਂ ਨੂੰ ਤਰਸ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਪਿੰਡ ਦੀ ਸੰਪਰਕ ਸੜਕ ਦੀ ਹਾਲਤ ਬਹੁਤ ਖਸਤਾ ਹੈ ਅਤੇ ਵੱਡੇ-ਵੱਡੇ ਖੱਡੇ ਪਏ ਹੋਏ ਹਨ । ਬਰਸਾਤਾਂ ਦੇ ਕਾਰਨ ਇਹ ਖੱਡੇ ਪਾਣੀ ਨਾਲ ਭਰ ਜਾਂਦੇ ਹਨ ਅਤੇ ਹਾਦਸਿਆਂ ਨੂੰ ਸੱਦਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪਿੰਡ ਦੀਆਂ ਜਿਆਦਾਤਰ ਸਟਰੀਟ ਲਾਇਟਾਂ ਵੀ ਬੰਦ ਪਈਆਂ ਹਨ , ਜਿਸ ਕਾਰਨ ਪਿੰਡ ਵਾਸੀਆਂ ਨੂੰ ਕਾਫੀ ਮੁਸਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆਂ ਕਿ ਫੈਕਟਰੀਆਂ ਦੀ ਬਹੁਤਾਤ ਹੋਣ ਕਾਰਨ ਉਥੇ ਲੋਡ ਅਤੇ ਅਨਲੋਡ ਟਰੱਕ ਹਰ ਸਮੇਂ ਸੜਕ ਦੇ ਕਿਨਾਰੇ ਖੜ੍ਹੇ ਰਹਿੰਦੇ ਹਨ, ਜਿਸ ਕਾਰਨ ਰਾਹਗੀਰਾਂ ਨੂੰ ਆਉਣ-ਜਾਣ ਵਿਚ ਕਾਫ਼ੀ ਦਿੱਕਤਾਂ ਪੇਸ਼ ਆਉਦੀਆਂ ਹਨ।

ਉਨ੍ਹਾਂ ਨਗਰ ਕੌਸਲ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਿੰਡ ਵਿਚ ਵਿਕਾਸ ਕਾਰਜਾਂ ਨੂੰ ਜਲਦ ਤੋਂ ਜਲਦ ਸ਼ੁਰੂ ਕਰਵਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ। ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਪਿੰਡ ਨੇੜੇ ਚਲਦੀ ਇੱਕ ਨਿੱਜੀ ਫੈਕਟਰੀ ਦਾ ਗੰਦਾ ਪਾਣੀ ਪੂਰੀ ਸੜਕ 'ਤੇ ਹੀ ਖੜਿਆ ਰਹਿੰਦਾ ਹੈ, ਜਿਸ ਕਾਰਨ ਲੋਕਾ ਨੂੰ ਲੰਘਣ ਵੇਲੇ ਦਿੱਕਤਾ ਆਉਂਦੀਆਂ ਹਨ।

ਦੂਜੇ ਪਾਸੇ ਕੰਪਨੀ ਦੇ ਮਾਲਕ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੰਪਨੀ ਵਿਚ ਪਾਣੀ ਦੀ ਵਰਤੋਂ ਹੀ ਨਹੀਂ ਹੁੰਦੀ ਤੇ ਨਾ ਹੀ ਉਨ੍ਹਾਂ ਦੀ ਕੰਪਨੀ ਦਾ ਵੇਸਟ ਪਾਣੀ ਸੜਕ 'ਤੇ ਆਉਂਦਾ ਹੈ। ਹਲਕਾ ਵਿਧਾਇਕ ਐਨ. ਕੇ. ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਵੇਲੇ ਇਸ ਸੜਕ ਦੇ ਟੈਂਡਰ ਲੱਗ ਚੁੱਕੇ ਸਨ, ਕੰਮ ਅਲਾਟ ਹੋ ਚੁੱਕਾ ਸੀ, ਪਰ ਸੱਤਾ  ਬਦਲਦਿਆਂ ਹੀ ਕਾਂਗਰਸ ਸਰਕਾਰ ਨੇ ਇਨ੍ਹਾਂ ਟੈਂਡਰਾਂ ਦੀ ਰਕਮ ਵਾਪਸ ਮੰਗਾ ਲਈ, ਜਿਸ ਦੇ ਚਲਦਿਆਂ ਇਹ ਸੜਕ ਦਾ ਕੰਮ ਠੱਪ ਹੋ ਕੇ ਰਹਿ ਗਿਆ।