ਮ੍ਰਿਤਕ ਨੌਜਵਾਨ ਦੀ ਲਾਸ਼ ਥਾਣੇ ਮੂਹਰੇ ਰੱਖ ਕੇ ਕੀਤਾ ਰੋਸ ਮੁਜ਼ਾਹਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਥੋਂ ਦੀ ਭਾਨ ਸਿੰਘ ਕਾਲੋਨੀ ਦੇ ਇਕ 17 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿਚ ਹੋਈ ਮੌਤ ਨੇ ਅੱਜ ਨਵਾਂ ਮੋੜ ਲੈ ਲਿਆ.............

Family Members Protesting

ਫ਼ਰੀਦਕੋਟ : ਇਥੋਂ ਦੀ ਭਾਨ ਸਿੰਘ ਕਾਲੋਨੀ ਦੇ ਇਕ 17 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿਚ ਹੋਈ ਮੌਤ ਨੇ ਅੱਜ ਨਵਾਂ ਮੋੜ ਲੈ ਲਿਆ। ਪੁਲਿਸ ਨੇ ਇਸ ਘਟਨਾ ਨੂੰ ਖੁਦਕੁਸ਼ੀ ਘਟਨਾ ਦੱਸ ਕੇ ਕਿਸੇ ਵੀ ਦੋਸ਼ੀ ਵਿਰੁਧ ਕਾਰਵਾਈ ਨਹੀਂ ਕੀਤੀ ਸੀ ਪਰੰਤੂ ਮ੍ਰਿਤਕ ਨੌਜਵਾਨ ਸੋਨੂੰ ਕੁਮਾਰ ਦੇ ਪਿਤਾ ਰਾਕੇਸ਼ ਕੁਮਾਰ ਅਤੇ ਮਾਤਾ ਸੁਨੀਤਾ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਲੜਕੇ ਦੀ ਮੌਤ ਕੁਦਰਤੀ ਤੌਰ 'ਤੇ ਨਹੀਂ ਹੋਈ, ਬਲਕਿ ਉਸ ਨੂੰ ਸਾਜਸ਼ ਤਹਿਤ ਮਾਰਿਆ ਗਿਆ ਹੈ। ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਸੋਨੂੰ ਕੁਮਾਰ ਨੂੰ ਜਖ਼ਮੀ ਹਾਲਤ ਵਿਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਵਿਖੇ ਦਾਖ਼ਲ ਕਰਵਾਇਆ ਗਿਆ ਸੀ।

ਜਿਥੋਂ ਉਸ ਨੂੰ ਪੀ.ਜੀ.ਆਈ ਲਈ ਰੈਫ਼ਰ ਕਰ ਦਿਤਾ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਪੋਸਟਮਾਰਟਮ ਰੀਪੋਰਟ ਅਨੁਸਾਰ ਸੋਨੂੰ ਕੁਮਾਰ ਦੀ ਮੌਤ ਡਿੱਗਣ ਤੋਂ ਬਾਅਦ ਧੌਣ ਦਾ ਮਣਕਾ ਟੁੱਟਣ ਨਾਲ ਹੋਈ ਹੈ ਜਦਕਿ ਵਾਰਸ ਇਸ ਨੂੰ ਕਤਲ ਦੱਸ ਰਹੇ ਹਨ। ਮ੍ਰਿਤਕ ਦੇ ਵਾਰਸਾਂ ਨੇ ਪਹਿਲਾਂ ਥਾਣੇ ਸਾਹਮਣੇ ਲਾਸ਼ ਰੱਖ ਕੇ ਚੱਕਾ ਜਾਮ ਕੀਤਾ। ਐਸ.ਐਚ.ਓ ਗੁਰਦੀਪ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਵਾਰਸਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਵਿਰੁਧ ਆਈ.ਪੀ.ਸੀ ਦੀ ਧਾਰਾ 302 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਐਸ.ਐਚ.ਓ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਕਿਸੇ ਵੀ ਧਿਰ ਨਾਲ ਬੇਇਨਸਾਫ਼ੀ ਨਹੀਂ ਹੋਵੇਗੀ। ਪਰਚਾ ਦਰਜ ਹੋਣ ਤੋਂ ਬਾਅਦ ਮੁਜ਼ਾਹਰਾਕਾਰੀਆਂ ਨੇ ਅਪਣਾ ਮੁਜ਼ਾਹਰਾ ਖ਼ਤਮ ਕਰ ਦਿਤਾ। ਜ਼ਿਲ੍ਹਾ ਪੁਲਿਸ ਮੁਖੀ ਰਾਜ ਬਚਨ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿਚ ਅਜੇ ਕਿਸੇ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋਈ। 
ਉਨ੍ਹਾਂ ਕਿਹਾ ਕਿ ਪੜਤਾਲ ਦੌਰਾਨ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁਧ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ।