ਪੁਰਾਤਨ ਸਫ਼ਰੀ ਸਰੂਪ ਚੋਰੀ ਕੀਤੇ ਜਾਣ ਦਾ ਮਾਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਦੀ ਅਗਵਾਈ 'ਚ ਐਸਐਸਪੀ ਦਫ਼ਤਰ ਅੱਗੇ ਧਰਨਾ

Photo

ਪਟਿਆਲਾ, 8 ਅਗੱਸਤ (ਤੇਜਿੰਦਰ ਫ਼ਤਿਹਪੁਰ) : ਗੁਰਦਵਾਰਾ ਸ੍ਰੀ ਅਰਦਾਸਪੁਰਾ ਸਾਹਿਬ ਕਲਿਆਣ ਵਿਖੇ 100 ਸਾਲਾ ਪੁਰਾਤਨ ਪਾਵਨ ਸਫ਼ਰੀ ਸਰੂਪ ਚੋਰੀ ਕੀਤੇ ਜਾਣ ਦੇ ਰੋਸ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਲੜੀਵਾਰ ਆਰੰਭ ਕੀਤੇ ਗਏ ਰੋਸ ਮੁਜ਼ਾਹਰੇ ਦੇ ਦੂਜੇ ਦਿਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਦੀ ਅਗਵਾਈ 'ਚ ਐਸਐਸਪੀ ਪਟਿਆਲਾ ਦਫ਼ਤਰ ਦੇ ਬਾਹਰ ਧਰਨਾ ਦਿਤਾ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਧਰਨੇ 'ਚ ਸ਼ਿਰਕਤ ਕਰ ਕੇ ਸ਼ਾਂਤਮਈ ਢੰਗ ਨਾਲ ਅਪਣਾ ਰੋਸ ਪ੍ਰਗਟ ਕੀਤਾ।

ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਦੀ ਅਗਵਾਈ 'ਚ ਧਰਨੇ ਦੀ ਸ਼ੁਰੂਆਤ ਮੂਲ ਮੰਤਰ ਅਤੇ ਵਾਹਿਗੁਰੂ ਦੇ ਜਾਪ ਨਾਲ ਕੀਤੀ ਗਈ।  ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਗੁਰਦਵਾਰਾ ਸ੍ਰੀ ਅਰਦਾਸਪੁਰਾ ਸਾਹਿਬ ਕਲਿਆਣ ਤੋਂ ਪੁਰਾਤਨ ਸਫ਼ਰੀ ਸਰੂਪ ਚੋਰੀ ਹੋਏ ਨੂੰ ਤਿੰਨ ਹਫ਼ਤਿਆਂ ਤੋਂ ਵੱਧ ਦਾ ਸਮਾਂ ਲੰਘ ਚੁੱਕਿਆ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਈ ਠੋਸ ਕਦਮ ਨਾ ਚੁਕਿਆ ਜਾਣਾ ਇਹ ਸਪੱਸ਼ਟ ਕਰਦਾ ਹੈ ਕਿ ਸਿੱਖਾਂ ਦੇ ਮਸਲਿਆਂ ਪ੍ਰਤੀ ਕਾਂਗਰਸ ਸਰਕਾਰ ਕਦੇ ਵੀ ਗੰਭੀਰ ਨਹੀਂ ਹੋਈ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਕਾਂਗਰਸ ਦੇ ਰਾਜ 'ਚ ਅੱਜ ਵੀ ਸਿੱਖਾਂ ਨਾਲ ਵਧੀਕੀਆਂ ਦਾ ਸਿਲਸਿਲਾ ਜਾਰੀ ਹੈ।

ਧਰਨੇ ਦੌਰਾਨ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਮਹਿਤਾ, ਜੂਨੀਅਰ ਮੀਤ ਪ੍ਰਧਾਨ ਗੁਰਬਖਸ਼ ਸਿੰਘ ਖਾਲਸਾ, ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ, ਅੰਤ੍ਰਿੰਗ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ, ਜਥੇਦਾਰ ਜਗਸੀਰ ਸਿੰਘ ਮਾਗੇਆਣਾ, ਜਥੇਦਾਰ ਮਗਵਿੰਦਰ ਸਿੰਘ ਖਾਪਰਖੇੜੀ, ਬੀਬੀ ਕੁਲਦੀਪ ਕੌਰ ਟੌਹੜਾ, ਜਥੇਦਾਰ ਭਗਵੰਤ ਸਿੰਘ ਸਿਆਲਕਾ, ਜਥੇਦਾਰ ਗੁਰਚਰਨ ਸਿੰਘ ਗਰੇਵਾਲ ਆਦਿ ਹਾਜ਼ਰ ਸਨ।

ਭਾਈ ਗੋਬਿੰਦ ਸਿੰਘ ਲੋਂਗੋਵਾਲ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਦੀ ਅਗਵਾਈ 'ਚ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਵਫ਼ਦ ਨੇ ਆਈ.ਜੀ. ਜਤਿੰਦਰ ਸਿੰਘ ਔਲਖ, ਐਸਐਸਪੀ ਵਿਕਰਮਜੀਤ ਸਿੰਘ ਦੁੱਗਲ ਨੂੰ ਪੁਰਾਤਨ ਸਫ਼ਰੀ ਸਰੂਪ ਚੋਰੀ ਕਰਨ ਵਾਲੇ ਦੋਸ਼ੀਆਂ ਵਿਰੁਧ ਕਾਰਵਾਈ ਨੂੰ ਲੈ ਕੇ ਮੈਮੋਰੰਡਮ ਵੀ ਸੌਂਪਿਆ। ਵਫ਼ਦ 'ਚ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਮਹਿਤਾ, ਜੂਨੀਅਰ ਮੀਤ ਪ੍ਰਧਾਨ ਗੁਰਬਖਸ਼ ਸਿੰਘ ਖਾਲਸਾ, ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ, ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ, ਮੈਨੇਜਰ ਕਰਨੈਲ ਸਿੰਘ ਨਾਭਾ ਆਦਿ ਸ਼ਾਮਲ ਸਨ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਵਫ਼ਦ ਨੂੰ ਸਖਤ ਕਾਰਵਾਈ ਕੀਤੇ ਜਾਣ ਦਾ ਭਰੋਸਾ ਵੀ ਦਿਵਾਇਆ।