197 ਲੱਖ ਟਨ ਝੋਨਾ ਖ਼ਰੀਦਣ ਲਈ ਅਗਾਊਾ ਪ੍ਰਬੰਧ ਤੇਜ਼ੀ ਨਾਲ
197 ਲੱਖ ਟਨ ਝੋਨਾ ਖ਼ਰੀਦਣ ਲਈ ਅਗਾਊਾ ਪ੍ਰਬੰਧ ਤੇਜ਼ੀ ਨਾਲ
ਚੰਡੀਗੜ੍ਹ, 8 ਅਗੱਸਤ (ਜੀ.ਸੀ.ਭਾਰਦਵਾਜ): ਇਕ ਪਾਸੇ, ਹਜ਼ਾਰਾਂ ਕਿਸਾਨਾਂ ਨੇ ਦਿੱਲੀ ਦੀਆਂ ਸਰਹੱਦਾਂ 'ਤੇ ਕੇਂਦਰੀ 3 ਖੇਤੀ ਐਕਟਾਂ ਵਿਰੁਧ 8 ਮਹੀਨੇ ਤੋਂ ਸੰਘਰਸ਼ ਛੇੜਿਆ ਹੋਇਆ ਹੈ ਅਤੇ ਵਿਰੋਧੀ ਧਿਰਾਂ ਨੇ ਸੰਸਦ ਵਿਚ ਪਿਛਲੇ 2 ਹਫ਼ਤੇ ਤੋਂ ਸਰਕਾਰ ਦਾ ਨੱਕ ਵਿਚ ਦਮ ਕੀਤਾ ਹੈ, ਦੂਜੇ ਪਾਸੇ ਪੰਜਾਬ ਦੇ ਅਨਾਜ ਸਪਲਾਈ ਮੰਤਰੀ ਨੇ ਅਧਿਕਾਰੀਆਂ ਦੀ ਮਦਦ ਨਾਲ ਇਸ ਸੀਜ਼ਨ ਵਿਚ 197 ਲੱਖ ਟਨ ਖ਼ਰੀਦ ਲਈ ਪ੍ਰਬੰਧ ਕਰਨ ਵਾਸਤੇ ਜ਼ੋਰ ਲਗਾਇਆ ਹੋਇਆ ਹੈ |
ਰੋਜ਼ਾਨਾ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦਸਿਆ ਕਿ 26,60,00,000 ਬੋਰੀਆਂ ਦਾ ਪ੍ਰਬੰਧ ਕਰਨ ਵਾਸਤੇ 5,32,000 ਗੰਢਾਂ ਦੇ ਟੈਂਡਰ ਕੀਤੇ ਹਨ ਜਿਸ ਵਿਚੋਂ ਡੇਢ ਗੰਢ ਪਹੁੰਚ ਚੁੱਕੀ ਹੈ | ਬਾਕੀ ਨੈਫੇਡ ਤੇ ਕਲਕੱਤਾ ਦੀ ਜੂਟ ਕੰਪਨੀ ਤੋਂ ਛੇਤੀ ਆ ਰਹੀ ਹੈ | ਆਸ਼ੂ ਦਾ ਦਾਅਵਾ ਹੈ ਕਿ ਬਾਰਦਾਨੇ ਦੇ ਪ੍ਰਬੰਧ ਦਾ 60 ਫ਼ੀ ਸਦੀ ਕੰਮ ਪੂਰਾ ਹੋ ਚੁੱਕਾ ਹੈ ਅਤੇ ਝੋਨੇ ਦੀ ਖ਼ਰੀਦ 27 ਸਤੰਬਰ ਤੋਂ ਸ਼ੁਰੂ ਕੀਤੀ ਜਾਵੇਗੀ | ਉਨ੍ਹਾਂ ਦਸਿਆ ਕਿ ਕੇਂਦਰ ਤੋਂ 3500 ਕਰੋੜ ਦਾ ਬਕਾਇਆ ਜਿਸ ਵਿਚ 1500 ਕਰੋੜ ਦਿਹਾਤੀ ਵਿਕਾਸ ਫ਼ੰਡ ਵਾਲਾ ਸ਼ਾਮਲ ਹੈ, ਦੇ ਪਹੁੰਚਣ ਤੋਂ ਇਸ਼ਾਰਾ ਮਿਲਿਆ ਹੈ ਕਿ ਕੇਂਦਰ ਸਰਕਾਰ ਦਾ ਰਵਈਆ ਕੁੱਝ ਨਰਮ ਪਿਆ ਹੈ |
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਇਹ ਬਕਾਇਆ ਰਿਲੀਜ਼ ਕਰਨ ਵੇਲੇ ਭਵਿੱਖ ਵਿਚ ਕੀਤੀ ਜਾਣ ਵਾਲੀ ਕਣਕ ਤੇ ਝੋਨੇ ਦੀ ਖ਼ਰੀਦ ਸਬੰਧੀ ਤੈਅ ਸ਼ੁਦਾ ਸ਼ਰਤਾਂ ਅਤੇ ਵਿਕਾ ਫ਼ੰਡਾਂ 3 ਫ਼ੀਸਦੀ ਅਤੇ ਮੰਡੀ ਫ਼ੀਸ ਵੀ 3 ਫ਼ੀਸਦੀ ਉਗਰਾਹੁਣ ਉਪਰੰਤ ਇਸ ਵੱਡੀ ਰਕਮ ਦੇ ਖ਼ਰਚੇ ਦਾ ਹਿਸਾਬ ਕਿਤਾਬ ਜ਼ਰੂਰ ਦੇਣਾ ਪਵੇਗਾ | ਸਾਢੇ 3 ਸਾਲ ਪਹਿਲਾਂ 2018 ਵਿਚ ਕੈਬਨਿਟ ਮੰਤਰੀ ਬਣੇ ਭਾਰਤ ਭੂਸ਼ਣ ਆਸ਼ੂ ਨੇ ਕਣਕ ਝੋਨਾ ਖ਼ਰੀਦ ਦੇ 6 ਸੀਜ਼ਨ ਕਾਮਯਾਬੀ ਨਾਲ ਨਿਭਾਏ ਹਨ ਅਤੇ ਇਹ ਸੱਤਵਾਂ ਮੌਕਾ ਹੈ ਜਦੋਂ ਕੇਂਦਰੀ ਭੰਡਾਰ ਵਾਸਤੇ ਪੰਜਾਬ ਦੇ 15 ਲੱਖ ਤੋਂ 20 ਲੱਖ ਤਕ ਕਿਸਾਨ ਪ੍ਰਵਾਰਾਂ ਦੀ ਸੋਨੇ ਰੰਗੀ ਫ਼ਸਲ ਦਾ ਮੁੱਲ ਤਾਰ ਕੇ ਦੇਸ਼ ਦੇ ਕਰੋੜਾਂ ਲੋਕਾਂ ਦਾ ਢਿੱਡ ਭਰਨ ਦੀ ਜ਼ਿੰਮੇਵਾਰੀ ਨਿਭਾਉਣੀ ਹੈ | ਮੰਤਰੀ ਨੇ ਦਸਿਆ ਕਿ 1872 ਪੱਕੀਆਂ ਮੰਡੀਆਂ ਵਿਚ ਲਗਭਗ ਬਿਜਲੀ ਪਾਣੀ ਦੇ ਪ੍ਰਬੰਧ ਪੂਰੇ ਹਨ, ਰਹਿੰਦੇ ਕੀਤੇ ਜਾ ਰਹੇ ਹਨ ਅਤੇ ਜੇ ਕੋਰੋਨਾ ਦਾ ਪ੍ਰਕੋਪ ਜਾਰੀ ਰਿਹਾ ਤਾਂ ਹੋਰ ਵਾਧੂ ਖ਼ਰੀਦ ਕੇਂਦਰ ਸਥਾਪਤ ਕਰ ਦਿਤੇ ਜਾਣਗੇ ਅਤੇ 27 ਸਤੰਬਰ ਤੋਂ ਸ਼ੁਰੂ ਕੀਤੀ ਜਾਣ ਵਾਲੀ ਵੱਡੀ ਮੁਹਿੰਮ ਨੇਪਰੇ ਚਾੜ੍ਹਨ ਲਈ ਪਨਸਪ, ਪਨਗਰੇਨ, ਮਾਰਕਫ਼ੈੱਡ ਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਅਧਿਕਾਰੀ, ਸਟਾਫ਼, ਕਰਮਚਾਰੀ ਡਿਊਟੀ ਨਿਭਾਉਣਗੇ |
ਉਨ੍ਹਾਂ ਕਿਹਾ ਕਿ ਫ਼ਸਲ ਖ਼ਰੀਦ ਦੀ ਅਦਾਇਗੀ ਕਰਨ ਵਾਸਤੇ 38,000 ਕਰੋੜ ਦੀ ਕੈਸ਼ ਕ੍ਰੈਡਿਟ ਲਿਮਟ ਦੀ ਪ੍ਰਵਾਨਗੀ ਕੇਂਦਰ ਸਰਕਾਰ ਤੇ ਰਿਜ਼ਰਵ ਬੈਂਕ ਤੋਂ ਲੈਣ ਲਈ ਪੰਜਾਬ ਸਰਕਾਰ ਦਾ ਵਿੱਤ ਵਿਭਾਗ, ਕੇਂਦਰੀ ਵਿੱਤ ਮੰਤਰੀ ਨੂੰ ਅਗਲੇ ਮਹੀਨੇ ਲਿਖੇਗਾ | ਪਿਛਲੇ ਸੀਜ਼ਨ ਵਿਚ 1 ਕੁਇੰਟਲ ਝੋਨੇ ਦੀ ਘੱਟੋ ਘੱਟ ਕੀਮਤ 1888 ਰੁਪਏ ਸੀ, ਜਿਸ ਵਿਚ ਕੇਂਦਰ ਨੇ 72 ਰੁਪਏ ਵਧਾ ਕੇ 1960 ਰੁਪਏ ਕੀਤੇ ਸਨ | ਮੰਤਰੀ ਨੇ ਦਸਿਆ ਕਿ ਕੇਂਦਰੀ ਅਨਾਜ ਕਾਰਪੋਰੇਸ਼ਨ ਨੇ ਕੇਵਲ 5 ਫ਼ੀ ਸਦੀ ਖ਼ਰੀਦ ਦੀ ਜ਼ਿੰਮੇਵਾਰੀ ਲਈ ਹੈ, ਬਾਕੀ 95 ਫ਼ੀਸਦੀ ਪੰਜਾਬ ਦੀਆਂ 4 ਏਜੰਸੀਆਂ ਨੇ ਖ਼ਰੀਦ ਕਰ ਕੇ ਸ਼ੈਲਰ ਮਾਲਕਾਂ ਪਾਸ ਲਗਾਉਣਾ ਹੈ, ਜਿਸ ਦੀ ਮਿਿਲੰਗ ਕਰ ਕੇ ਸਟੋਰਾਂ ਵਿਚ ਪਹੁੰਚਣਾ ਹੈ |