ਚੰਡੀਗੜ੍ਹ ਦੀ ਪਾਰਕਿੰਗ 'ਚ ਪਰਚੀਆਂ ਕੱਟ ਰਹੀ ਹੈ ਮੁੱਕੇਬਾਜ਼ ਰਿਤੂ, ਬਿਮਾਰ ਪਿਤਾ ਲਈ ਛੱਡੀ ਬਾਕਸਿੰਗ

ਏਜੰਸੀ

ਖ਼ਬਰਾਂ, ਪੰਜਾਬ

ਚੰਡੀਗੜ੍ਹ ਦੀ ਪਾਰਕਿੰਗ 'ਚ ਪਰਚੀਆਂ ਕੱਟ ਰਹੀ ਹੈ ਮੁੱਕੇਬਾਜ਼ ਰਿਤੂ, ਬਿਮਾਰ ਪਿਤਾ ਲਈ ਛੱਡੀ ਬਾਕਸਿੰਗ

image

ਚੰਡੀਗੜ੍ਹ, 8 ਅਗੱਸਤ (ਸ਼ੈਸ਼ਵ ਨਾਗਰਾ) : ਸਾਰਿਆਂ ਨੂੰ  ਪਤਾ ਹੀ ਹੈ ਕਿ ਉਲੰਪਿਕ ਖੇਡਾਂ ਚਲ ਰਹੀਆਂ ਸਨ ਤੇ ਅੱਜ ਉਨ੍ਹਾਂ ਦੀ ਸਮਾਪਤੀ ਹੋ ਗਈ | ਜਦੋਂ ਕੋਈ ਵੀ ਖਿਡਾਰੀ ਦੇਸ਼ ਲਈ ਮੈਡਲ ਲੈ ਕੇ ਆਉਂਦਾ ਹੈ ਤਾਂ ਸਾਰਿਆਂ ਨੂੰ  ਬਹੁਤ ਖ਼ੁਸ਼ੀ ਹੁੰਦੀ ਹੈ | ਖਿਡਾਰੀ ਦੇਸ਼ ਦਾ ਨਾਮ ਰੋਸ਼ਨ ਕਰਦੇ ਹਨ | ਪਰ ਅੱਜ ਤੁਹਾਨੂੰ ਇਕ ਅਜਿਹੀ ਖਿਡਾਰਨ ਬਾਰੇ ਦੱਸਾਂਗੇ ਜੋ ਘਰ ਦੇ ਹਾਲਾਤ ਮਾੜੇ ਹੋਣ ਕਰ ਕੇ ਅਪਣੀ ਮੰਜ਼ਲ ਨੂੰ  ਹਾਸਲ ਨਹੀਂ ਕਰ ਸਕੀ | ਰੀਤੂ ਜੋ ਕਿ ਬਾਕਸਿੰਗ ਦੀ ਖਿਡਾਰਨ ਹੈ ਤੇ ਨੈਸ਼ਨਲ ਪੱਧਰ 'ਤੇ ਖੇਡ ਚੁੱਕੀ ਹੈ, ਅੱਜ ਰੀਤੂ ਚੰਡੀਗੜ੍ਹ ਦੀ ਪਾਰਕ ਵਿਚ ਕਾਰ ਪਾਰਕਿੰਗ ਦੀਆਂ ਟਿਕਟਾਂ ਕੱਟ ਰਹੀ ਹੈ |  ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਰੀਤੂ ਨੇ ਦਸਿਆ ਕਿ ਉਸ ਨੇ ਦੇਹਰਾਦੂਨ, ਮੱਧ ਪ੍ਰਦੇਸ਼,  ਕਰਨਾਟਕ ਅਤੇ  ਹੋਰ ਵੀ ਬਹੁਤ ਸਾਰੇ ਰਾਜਾਂ ਵਿਚ ਹੋਏ ਬਾਕਸਿੰਗ ਦੇ ਮੁਕਾਬਲਿਆਂ ਵਿਚ ਹਿੱਸਾ ਲਿਆ ਤੇ ਜਿੱਤ ਵੀ ਪ੍ਰਾਪਤ ਕੀਤੀ |
ਰੀਤੂ ਨੇ ਦਸਿਆ ਕਿ ਉਹ ਪਿਛਲੇ ਇਕ ਸਾਲ ਤੋਂ ਕਾਰ ਪਾਰਕਿੰਗ ਦੀਆਂ ਪਰਚੀਆਂ ਕੱਟਣ ਦਾ ਕੰਮ ਕਰ ਰਹੀ ਹੈ ਕਿਉਂਕਿ ਉਸ ਦੇ ਪਿਤਾ ਜੀ ਬੀਮਾਰ ਹੋ ਗਏ ਤੇ ਉਸ ਨੂੰ  ਇਹ ਕੰਮ ਕਰਨਾ ਪਿਆ | ਰੀਤੂ ਨੇ ਦਸਿਆ ਕਿ ਉਸ ਦੇ ਪ੍ਰਵਾਰ ਵਿਚ 8 ਜੀਅ ਹਨ ਤੇ ਉਹ ਚਾਰ ਭੈਣ ਭਰਾ ਹਨ | ਵੱਡਾ ਭਰਾ ਖਰੜ 'ਚ ਕੰਟੀਨ 'ਤੇ ਕੰਮ ਕਰਦਾ ਹੈ ਤੇ ਛੋਟੇ ਭਰਾ ਵੀ ਦਿਹਾੜੀ ਕਰ ਰਹੇ ਹਨ | ਉਸ ਨੂੰ  ਇਕ ਦਿਨ ਦੇ 350 ਰੁਪਏ ਮਿਲਦੇ ਹਨ ਤੇ ਰਾਤ 9 ਵਜੇ ਤੋਂ ਲੈ ਕੇ ਸਵੇਰ ਦੇ 8 ਵਜੇ ਤਕ ਉਸ ਦੀ ਡਿਊਟੀ ਹੁੰਦੀ ਹੈ | ਰੀਤੂ ਨੇ ਦਸਿਆ ਕਿ 2016-17 ਵਿਚ ਆਖ਼ਰੀ ਵਾਰ ਬਾਕਸਿੰਗ ਦਾ ਮੈਚ ਖੇਡਿਆ | ਉਸ ਨੇ ਮੈਡਲ ਵੀ ਜਿੱਤੇ ਪਰ ਕਦੇ ਉਸ ਨੂੰ  ਸਕਾਲਪਸ਼ਿਪ ਨਹੀਂ ਮਿਲੀ ਜਿਸ ਕਰ ਕੇ ਉਸ ਨੂੰ  ਅੱਗੇ ਵਧਣ ਦਾ ਮੌਕਾ ਨਹੀਂ ਮਿਲਿਆ | 
ਸਕਾਲਰਸ਼ਿਪ ਲਈ ਬਹੁਤ ਸਾਰੇ ਫ਼ਾਰਮ ਵੀ ਭਰੇ ਤੇ ਬੜੇ ਦਫ਼ਤਰਾਂ ਦੇ ਚੱਕਰ ਵੀ ਲਾਏ ਪਰ ਹਰ ਵਾਰ ਉਸ ਨੂੰ  ਇਹੀ ਕਿਹਾ ਜਾਂਦਾ ਸੀ ਕਿ ਸਕਾਲਰਸ਼ਿਪ ਆ ਜਾਵੇਗੀ ਪਰ ਉਸ ਨੂੰ  ਅਜੇ ਤਕ ਸਕਾਲਰਸ਼ਿਪ ਨਹੀਂ ਮਿਲੀ |  ਸਾਡੇ ਕੋਲ ਮੈਚ ਖੇਡਣ ਲਈ ਦਸਤਾਨੇ ਵੀ ਨਹੀਂ ਹੁੰਦੇ ਸਨ | ਅਸੀਂ ਦੂਜੇ ਖਿਡਾਰੀਆਂ ਤੋਂ ਮੰਗ ਕੇ ਦਸਤਾਨੇ ਪਾਉਂਦੇ ਸੀ ਤੇ ਮੈਚ ਖੇਡਦੇ ਸੀ | ਰੀਤੂ ਨੇ ਸਰਕਾਰ ਨੂੰ  ਅਪੀਲ ਕੀਤੀ ਕਿ ਉਸ ਨੂੰ  ਤੇ ਉਸ ਵਰਗੇ ਹੋਰ ਖਿਡਾਰੀ ਜਿਨ੍ਹਾਂ ਨੂੰ  ਸਕਾਲਰਸ਼ਿਪ ਨਹੀਂ ਮਿਲੀ ਉਨ੍ਹਾਂ ਨੂੰ  ਸਕਾਲਰਸ਼ਿਪ  ਦਿਤੀ  ਜਾਵੇ ਤੇ ਖੇਡਾਂ ਵਿਚ ਉਨ੍ਹਾਂ ਦੀ ਮਦਦ ਕੀਤੀ ਜਾਵੇ |