ਗੁਰਦਾਸਪੁਰ ‘ਚ ਤੀਆਂ ਦੀਆਂ ਰੌਣਕਾਂ, ਸੁਖਜਿੰਦਰ ਰੰਧਾਵਾ ਦੀ ਪਤਨੀ ਨੇ ਆਯੋਜਿਤ ਕਰਵਾਇਆ ਪ੍ਰੋਗਰਾਮ
ਵਿਧਾਇਕ ਸੁਖਜਿੰਦਰ ਰੰਧਾਵਾ ਦੀ ਪਤਨੀ ਨੇ ਆਯੋਜਿਤ ਕਰਵਾਇਆ ਪ੍ਰੋਗਰਾਮ
ਗੁਰਦਾਸਪੁਰ ( ਨਿਤਿਨ ਲੂਥਰਾ) ਤੀਜ ਔਰਤਾਂ ਦਾ ਰਵਾਇਤੀ ਤਿਉਹਾਰ ਮੰਨਿਆ ਜਾਂਦਾ ਹੈ। ਤੀਆਂ ਦਾ ਤਿਉਹਾਰ ਭਾਰਤ ਵਿਚ ਮੁੱਖ ਰਵਾਇਤੀ ਖੇਤਰ ਪੰਜਾਬ, ਹਰਿਆਣਾ, ਰਾਜਸਥਾਨ, ਚੰਡੀਗੜ੍ਹ ਆਦਿ ਵਿਚ ਮਨਾਇਆ ਜਾਂਦਾ ਹੈ। ਪੰਜਾਬ ਵਿਚ ਤੀਜ ਦੇ ਤਿਉਹਾਰ ਨੂੰ 'ਤੀਆਂ ਤੀਜ ਦੀਆਂ' ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਵਿਖੇ ਵੀ ਤੀਆਂ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾਂ ਦੀ ਪਤਨੀ ਤਜਿੰਦਰ ਕੌਰ ਰੰਧਾਵਾਂ ਵਿਸ਼ੇਸ਼ ਤੌਰ 'ਤੇ ਪਹੁੰਚੇ।
ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਤਜਿੰਦਰ ਕੌਰ ਨੇ ਕਿਹਾ ਕਿ ਇਹੋ ਜਿਹੇ ਸਮਾਗਮ ਸਾਨੂੰ ਆਪਣੇ ਵਿਰਸੇ ਨਾਲ ਜੋੜਦੇ ਹਨ। ਅਸੀਂ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਂਦੇ ਰਹਿੰਦੇ ਹਾਂ।
ਸਾਨੂੰ ਇਹੋ ਜਿਹੇ ਪ੍ਰੋਗਰਾਮਾਂ ਵਿੱਚ ਪਹੁੰਚਣਾ ਵੀ ਚਾਹੀਦਾ ਹੈ ਅਤੇ ਇਹਨਾਂ ਦਾ ਹਿੱਸਾ ਬਣਨਾ ਚਾਹੀਦਾ ਹੈ। ਇਸ ਨਾਲ ਲੋਕ ਆਪਣੇ ਪੰਜਾਬੀ ਸਭਿਆਚਾਰ ਨਾਲ ਜੁੜੇ ਰਹਿੰਦੇ ਹਨ। ਇਸ ਨਾਲ ਨਵੀਂ ਪੀੜੀ ਵੀ ਆਪਣੇ ਵਿਰਸੇ ਨਾਲ ਜੁੜੀ ਰਹੇਗੀ।
ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਇਕ ਐਨਜੀਓ ਦੀ ਸ਼ੁਰੂਆਤ ਕਰਾਂਗੇ ਜਿਸ ਨਾਲ ਬੇਰੁਜ਼ਗਾਰ ਔਰਤਾਂ ਨੂੰ ਰੁਜ਼ਗਾਰ ਮਿਲੇਗਾ। ਜਿਸ ਕੰਮ ਵਿਚ ਉਹ ਪ੍ਰਫੁਲਤ ਹਨ ਉਹ ਕੰਮ ਕਰਕੇ ਉਹ ਆਪਣੇ ਪੈਰਾਂ ਤੇ ਖੜੀਆਂ ਹੋ ਸਕਦੀਆਂ ਹਨ।
ਤੀਆਂ ਦਾ ਤਿਉਹਾਰ ਮਨਾ ਰਹੀਆਂ ਕੁੜੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਬਹੁਤ ਵਧੀਆਂ ਲੱਗ ਰਿਹਾ ਹੈ ਤੀਆਂ ਦਾ ਤਿਉਹਾਰ ਮਨਾ ਕੇ ਕਿਉਂਕਿ ਉਹ ਇਸ ਨਾਲ ਆਪਣੇ ਪੁਰਾਣੇ ਵਿਰਸੇ ਨਾਲ ਜੁੜੇ ਰਹਿੰਦੇ ਹਨ। ਇਸ ਸਮਾਗਮ ਵਿਚ ਵੱਖ-ਵੱਖ ਤਰ੍ਹਾਂ ਦੀਆਂ ਸਟਾਲਾਂ ਲਗਾਈਆਂ ਗਈਆਂ ਅਤੇ ਮਹਿਲਾਵਾਂ ਅਤੇ ਕੁੜੀਆਂ ਨੇ ਪੀਂਘਾਂ ਝੂਟੀਆਂ।