ਪੰਜਾਬ 'ਚ ਵਪਾਰੀਆਂ ਨੇ ਇਕਜੁੱਟ ਹੋ ਬਣਾਈ ਨਵੀਂ ਪਾਰਟੀ, Gurnam Charuni ਨੂੰ ਦਿੱਤਾ ਸਮਰਥਨ
ਦੇਸ਼ ਭਰ ਦੇ ਵਪਾਰੀਆਂ ਵੱਲੋਂ ਇਕਜੁੱਟ ਹੋ ਕੇ ਬੀਏਪੀ ਪਾਰਟੀ ਦਾ ਨਿਰਮਾਣ ਕੀਤਾ ਗਿਆ ਹੈ।
ਲੁਧਿਆਣਾ (ਰਾਜਵਿੰਦਰ ਸਿੰਘ): ਦੇਸ਼ ਭਰ ਦੇ ਵਪਾਰੀਆਂ ਵੱਲੋਂ ਇਕਜੁੱਟ ਹੋ ਕੇ ਬੀਏਪੀ ਪਾਰਟੀ ਦਾ ਨਿਰਮਾਣ ਕੀਤਾ ਗਿਆ ਹੈ। ਪਾਰਟੀ ਦੇ ਕੌਮੀ ਪ੍ਰਧਾਨ ਤਰੁਨ ਬਾਵਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਵਪਾਰੀ ਇਕੱਠੇ ਹੋਏ। ਪਾਰਟੀ ਵੱਲੋਂ ਮਿਸ਼ਨ ਪੰਜਾਬ 2022 ਲਹਿਰ ਤਹਿਤ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ। ਪਾਰਟੀ ਆਗੂਆਂ ਨੇ ਕਿਹਾ ਕਿ ਪਾਰਟੀ 117 ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ।
ਉਹਨਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦਾ ਮੋਰਚਾ ਫਤਹਿ ਕਰਨ ਤੋਂ ਬਾਅਦ ਫਿਰ 2024 ’ਤੇ ਉਨ੍ਹਾਂ ਦੀ ਨਜ਼ਰ ਹੋਵੇਗੀ। ਵਪਾਰੀਆਂ ਨੇ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੂੰ ਆਪਣਾ ਸਮਰਥਨ ਦਿੱਤਾ ਅਤੇ ਕਿਹਾ ਕਿ ਉਹ ਉਹਨਾਂ ਦੀ ਅਗਵਾਈ ’ਚ ਪੰਜਾਬ ਵਿਚ ਇਹ ਮਿਸ਼ਨ ਫਤਿਹ ਕਰਨਗੇ। ਇਸ ਮੌਕੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਸਾਫ ਕਿਹਾ ਕਿ ਸਿਰਫ ਅੰਦੋਲਨ ਕਰਨ ਨਾਲ ਕੁਝ ਨਹੀਂ ਹੋਵੇਗਾ ਜੇਕਰ ਅੰਦੋਲਨ ਸਫਲ ਵੀ ਹੋ ਜਾਂਦਾ ਹੈ ਤਾਂ ਵੀ ਕਿਸਾਨਾਂ ਦਾ ਇਹੀ ਹਾਲ ਰਹੇਗਾ ਕਿਉਂਕਿ ਕਾਲੇ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਵੀ ਕਿਸਾਨ ਖੁਦਕੁਸ਼ੀਆਂ ਕਰਦੇ ਸਨ।
ਇਸ ਲਈ ਜੇਕਰ ਕਿਸਾਨਾਂ ਪ੍ਰਤੀ ਆਮ ਲੋਕਾਂ ਪ੍ਰਤੀ ਨੀਤੀਆਂ ਵਿਚ ਬਦਲਾਅ ਕਰਨਾ ਹੈ ਤਾਂ ਕਿਸਾਨਾਂ, ਚੰਗੇ ਲੋਕਾਂ, ਇਮਾਨਦਾਰ ਲੋਕਾਂ ਨੂੰ ਸਿਆਸਤ ਵਿਚ ਆਉਣਾ ਹੀ ਪਵੇਗਾ। ਗੁਰਨਾਮ ਸਿੰਘ ਚੜੂਨੀ ਨੇ ਸਾਫ ਕਿਹਾ ਕਿ ਪੰਜਾਬ ਦੇ ਲੋਕ ਸਮਝਦਾਰ ਹਨ ਅਤੇ ਇਸ ਕਰਕੇ ਮਿਸ਼ਨ ਪੰਜਾਬ ਦੀ ਸ਼ੁਰੁਆਤ ਕੀਤੀ ਗਈ ਹੈ। ਇੱਥੋਂ ਹੀ ਵਿਧਾਨ ਸਭਾ ਚੋਣਾਂ ’ਚ ਹਿੱਸਾ ਲੈਣ ਤੋਂ ਬਾਅਦ ਉਹ ਆਪਣਾ ਅਗਲਾ ਸਫ਼ਰ ਤੈਅ ਕਰਨਗੇ। ਹਾਲਾਂਕਿ ਚੜੂਨੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਨਵੀਂ ਪਾਰਟੀ ਤਾਂ ਨਹੀਂ ਬਣਾਈ ਗਈ ਪਰ ਇਸ ਦਾ ਫ਼ੈਸਲਾ ਆਉਣ ਵਾਲੇ ਕੁਝ ਦਿਨਾਂ ਵਿਚ ਕੀਤਾ ਜਾਵੇਗਾ।
ਸੰਯੁਕਤ ਕਿਸਾਨ ਮੋਰਚੇ ਬਾਰੇ ਗੱਲ ਕਰਦਿਆਂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਹਰੇਕ ਪਰਿਵਾਰ ਵਿਚ ਵਿਚਾਰਧਾਰਾ ਦਾ ਫਰਕ ਹੁੰਦਾ ਹੈ। ਉਹਨਾਂ ਕਿਹਾ ਕਿ ਅਸੀਂ ਅੰਦੋਲਨ ਜ਼ਰੀਏ ਨੀਤੀਆਂ ਨਹੀਂ ਬਦਲ ਸਕਦੇ। ਕਿਸਾਨ ਆਗੂ ਨੇ ਕਿਹਾ ਕਿ ਅਸੀਂ ਯੂਪੀ ਵਿਚ ਭਾਜਪਾ ਨੂੰ ਹਰਾਉਣ ਲਈ ਕੰਮ ਕਰਾਂਗੇ।