ਸੈਣੀ ਵੱਲੋਂ ਸਰੋਤ ਤੋਂ ਵੱਧ ਆਮਦਨ ਮਾਮਲੇ ’ਚ ਜਮਾਨਤ ਲਈ ਹਾਈਕੋਰਟ ’ਚ ਅਰਜੀ ਦਾਖਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੈਣੀ ਨੇ ਪਹਿਲਾਂ ਮੁਹਾਲੀ ਕੋਰਟ ਦਾ ਦਰਵਾਜਾ ਖੜਕਾਇਆ ਸੀ ਤੇ ਉਥੋਂ ਅਰਜੀ ਰੱਦ ਹੋ ਜਾਣ ਕਾਰਨ ਹੁਣ ਹਾਈਕੋਰਟ ਪਹੁੰਚ ਕੀਤੀ ਹੈ।

Sumedh Singh Saini

ਚੰਡੀਗੜ੍ਹ (ਸੁਰਜੀਤ ਸਿੰਘ ਸੱਤੀ) ਸਾਬਕਾ ਡੀਜੀਪੀ ਸੁਮੇਧ ਸੈਣੀ ਨੇ ਉਸ ਵਿਰੁੱਧ ਪੰਜਾਬ ਵਿਜੀਲੈਂਸ ਵੱਲੋਂ ਦਰਜ ਕੀਤੇ ਗਏ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਹੈ। ਬੀਤੇ ਦਿਨੀਂ ਵਿਜੀਲੈਂਸ ਅਦਾਲਤ ਮੁਹਾਲੀ ਵੱਲੋਂ ਉਸ ਦੀ ਅਗਾਊੰ ਜਮਾਨਤ ਦੀ ਅਰਜੀ ਰੱਦ ਕਰ ਦਿੱਤੀ ਗਈ ਸੀ ਤੇ ਹੁਣ ਹਾਈਕੋਰਟ ਪਹੁੰਚ ਕਰਕੇ ਉਸ ਨੇ ਕਿਹਾ ਹੈ ਕਿ ਉਸ ਵਿਰੁੱਧ ਰਾਜਨੀਤੀ ਤੋਂ ਪ੍ਰੇਰਤ ਹੋ ਕੇ ਇਹ ਮਾਮਲਾ ਬਣਾਇਆ ਗਿਆ ਹੈ ਲਿਹਾਜਾ ਉਸ ਨੂੰ ਅਗਾਊਂ ਜਮਾਨਤ ਦਿੱਤੀ ਜਾਵੇ।

ਸੈਕਟਰ-20 ਵਿਚਲੀ ਇੱਕ ਕੋਠੀ, ਜਿਸ ਵਿਚ ਸੈਣੀ ਰਹਿੰਦਾ ਹੈ ਦੀ ਖਰੀਦ ਫਰੋਖਤ ਇੱਕ ਸੇਵਾਮੁਕਤ ਅਫਸਰ ਵੱਲੋਂ ਕੀਤੀ ਗਈ ਸੀ, ਜਦੋਂਕਿ ਉਸ ਅਫਸਰ ਦੀ ਸਮੁੱਚੀ ਸੇਵਾ ਵਿਚ ਇੰਨੀ ਆਮਦਨ ਨਹੀਂ ਸੀ। ਇਹ ਕੋਠੀ ਸੈਣੀ ਨੇ ਕਿਰਾਏ ’ਤੇ ਲਈ ਹੋਈ ਹੈ ਪਰ ਸੂਤਰ ਦੱਸਦੇ ਹਨ ਕਿ ਵਿਜੀਲੈਂਸ ਨੇ ਵੇਖਿਆ ਹੈ ਕਿ ਕੋਠੀ ਦੇ ਮਾਲਕ ਨੂੰ ਸੈਣੀ ਨੇ ਕਥਿਤ ਤੌਰ ’ਤੇ ਪੈਸੇ ਦਿੱਤੇ।

ਵਿਜੀਲੈਂਸ ਨੇ ਕੋਠੀ ਦੇ ਮਾਲਕ ਤੋਂ ਇਲਾਵਾ ਕੁਝ ਹੋਰ ਵਿਅਕਤੀਆਂ ਸਮੇਤ ਸੈਣੀ ਵਿਰੁੱਧ ਸਰੋਤ ਤੋਂ ਵੱਧ ਆਮਦਨ ਦਾ ਮਾਮਲਾ ਦਰਜ ਕੀਤਾ ਸੀ ਤੇ ਪਿਛਲੇ ਦਿਨੀਂ ਕਈ ਘੰਟੇ ਉਕਤ ਕੋਠੀ ਵਿਚ ਛਾਪੇਮਾਰੀ ਕਰਕੇ ਕਈ ਅਹਿਮ ਦਸਤਾਵੇਜ ਵੀ ਵਿਜੀਲੈਂਸ ਵੱਲੋਂ ਇਕੱਤਰ ਕੀਤੇ ਗਏ ਸੀ। ਇਸੇ ਮਾਮਲੇ ਵਿਚ ਸੈਣੀ ਨੇ ਪਹਿਲਾਂ ਮੁਹਾਲੀ ਕੋਰਟ ਦਾ ਦਰਵਾਜਾ ਖੜਕਾਇਆ ਸੀ ਤੇ ਉਥੋਂ ਅਰਜੀ ਰੱਦ ਹੋ ਜਾਣ ਕਾਰਨ ਹੁਣ ਹਾਈਕੋਰਟ ਪਹੁੰਚ ਕੀਤੀ ਹੈ।