ਐਸ.ਐਸ. ਬੋਰਡ ਦੀ ਭਰਤੀ ਪ੍ਰੀਖਿਆ ਸਮੇਂ ਸਿੱਖਾਂ ਦੇ ਧਾਰਮਕ ਚਿੰਨ੍ਹਾਂ ਦੀ ਹੋਈ ਬੇਅਦਬੀ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਐਸ.ਐਸ. ਬੋਰਡ ਦੀ ਭਰਤੀ ਪ੍ਰੀਖਿਆ ਸਮੇਂ ਸਿੱਖਾਂ ਦੇ ਧਾਰਮਕ ਚਿੰਨ੍ਹਾਂ ਦੀ ਹੋਈ ਬੇਅਦਬੀ

image

ਉਮੀਦਵਾਰਾਂ ਨੂੰ  ਕੜੇ ਤੇ ਸ੍ਰੀ ਸਾਹਿਬ ਉਤਾਰਨ ਲਈ ਕਿਹਾ ਗਿਆ

ਚੰਡੀਗੜ੍ਹ, 8 ਅਗੱਸਤ (ਗੁਰਉਪਦੇਸ਼ ਭੁੱਲਰ): ਐਸ.ਐਸ. ਬੋਰਡ ਪੰਜਾਬ ਵਲੋਂ ਅੱਜ ਪਟਵਾਰੀਆਂ ਦੀ ਭਰਤੀ ਲਈ ਕਰਵਾਈ ਗਈ ਪ੍ਰੀਖਿਆ ਸਮੇਂ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿਚ ਸਿੱਖਾਂ ਦੇ ਧਾਰਮਕ ਚਿੰਨ੍ਹਾਂ ਦੀ ਬੇਅਦਬੀ ਹੋਈ ਹੈ | ਇਸ ਨੂੰ  ਲੈ ਕੇ ਪੰਜਾਬ ਦੇ ਵੱਖ ਵੱਖ ਜ਼ਿਲਿ੍ਹਆਂ ਵਿਚੋਂ ਅਪਣੇ ਬੱਚਿਆਂ ਨਾਲ ਆਏ ਉਨ੍ਹਾਂ ਦੇ ਮਾਪਿਆਂ ਵਿਚ ਭਾਰੀ ਰੋਸ ਪੈਦਾ ਹੋ ਗਿਆ ਅਤੇ ਚੰਡੀਗੜ੍ਹ ਦੇ ਐਸ.ਡੀ.ਕਾਲਜ ਸੈਕਟਰ 32 ਵਿਚ ਬਣੇ ਪ੍ਰੀਖਿਆ ਸੈਂਟਰ 'ਤੇ ਤਾਂ ਸਥਿਤੀ ਤਣਾਅ ਵਾਲੀ ਵੀ ਬਣੀ ਪਰ ਮਾਪਿਆਂ ਅਤੇ ਸਿੰਘ ਸਭਾ ਦੇ ਮੈਂਬਰਾਂ ਦੇ ਵਿਰੋਧ ਕਾਰਨ ਉਮੀਦਵਾਰਾਂ ਨੂੰ  ਅੰਦਰ ਜਾਣ ਦਿਤਾ ਗਿਆ |
ਸੈਕਟਰ 32 ਦੇ ਐਸ.ਡੀ. ਕਾਲਜ ਵਿਚ ਬਣੇ ਪ੍ਰੀਖਿਆ ਕੇਂਦਰ ਦੇ ਬਾਹਰ ਹੀ ਉਮੀਦਵਾਰਾਂ ਨੂੰ  ਤਲਾਸ਼ੀ ਲੈਣ ਸਮੇਂ ਕੜੇ ਤੋਂ ਇਲਾਵਾ ਸ੍ਰੀ ਸਾਹਿਬ ਤਕ ਲਾਹੁਣ ਲਈ ਕਿਹਾ ਗਿਆ | ਇਹ ਸਿੱਖਾਂ ਦੇ ਪੰਜ ਕਕਾਰਾਂ ਵਿਚ ਸ਼ਾਮਲ ਹਨ | ਉਥੇ ਮੌਜੂਦ ਕਾਲਜ ਦੇ ਸੁਰੱਖਿਆ ਅਮਲੇ ਨੇ ਕਿਹਾ ਕਿ ਪ੍ਰੀਖਿਆ ਕੇਂਦਰ ਵਿਚ ਕੋਈ ਵੀ ਚੀਜ਼ ਲੈ ਕੇ ਜਾਣ ਦੀ ਆਗਿਆ ਨਹੀਂ | ਐਸ.ਐਸ. ਬੋਰਡ ਦੇ ਚੇਅਰਮੈਨ ਰਮਨ ਬਹਿਲ ਨੇ ਵੀ ਇਸ ਪ੍ਰੀਖਿਆ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਪ੍ਰੀਖਿਆ ਕੇਂਦਰ ਵਿਚ ਉਮੀਦਵਾਰਾਂ ਨੂੰ  ਬਾਹਰੋਂ ਪੈਨਸਲ ਤਕ ਲਿਜਾਣ ਦੀ ਆਗਿਆ ਨਹੀਂ ਹੋਵੇਗੀ ਪਰ ਪ੍ਰੀਖਿਆ ਕੇਂਦਰ ਸਾਹਮਣੇ ਲਾਏ ਨੋਟਿਸ ਵਿਚ ਸ੍ਰੀ ਸਾਹਿਬ ਤੇ ਕੜੇ ਦਾ ਕੋਈ ਜ਼ਿਕਰ ਨਹੀਂ ਸੀ ਪਰ ਇਸ ਦੇ ਬਾਵਜੂਦ ਉਮੀਦਵਾਰਾਂ ਨੂੰ  ਲਾਹੁਣ ਲਈ ਜ਼ੋਰ ਪਾਇਆ ਗਿਆ | ਨਵਵਿਆਹੁਤਾ ਲੜਕੀਆਂ ਦੇ ਚੂੜੇ ਤੇ ਨੱਕਾਂ ਵਿਚੋਂ ਕੋਕੇ ਤਕ ਉਤਰਵਾਏ ਗਏ | ਇਸ ਮੌਕੇ ਸੈਕਟਰ 32 ਵਿਖੇ ਮਾਪਿਆਂ ਵਲੋਂ ਮੌਜੂਦ ਲੋਕ ਸੰਪਰਕ ਵਿਭਾਗ ਪੰਜਾਬ ਦੇ ਸਾਬਕਾ ਅਧਿਕਾਰੀ ਡਾ. ਮੇਘਾ ਸਿੰਘ ਨੇ ਕਿਹਾ ਕਿ ਸ਼ਰੇਆਮ ਸਿੱਖ ਕਕਾਰਾਂ ਦੀ ਬੇਅਦਬੀ ਹੋਈ ਹੈ ਅਤੇ ਉਹ ਐਸ.ਐਸ.ਬੋਰਡ ਤੇ ਪ੍ਰੀਖਿਆ ਕੇਂਦਰ ਪ੍ਰਬੰਧਕਾਂ ਵਿਰੁਧ ਅਕਾਲ ਤਖ਼ਤ ਸਾਹਿਬ 'ਤੇ ਸ਼ਿਕਾਇਤ ਕਰਨਗੇ | ਉਨ੍ਹਾਂ ਦਸਿਆ ਕਿ ਉਮੀਦਵਾਰਾਂ ਦਾ ਜੋ ਸਮਾਨ ਉਤਰਵਾਇਆ ਜਾ ਰਿਹਾ ਹੈ ਉਸ ਦੇ ਰੱਖਣ ਦਾ ਵੀ ਕੋਈ ਪ੍ਰਬੰਧ ਨਹੀਂ ਅਤੇ ਸ੍ਰੀ ਸਾਹਿਬ 'ਤੇ ਟੇਪ ਲਾ ਕੇ ਉਮੀਦਵਾਰਾਂ ਨੂੰ  ਅੰਦਰ ਜਾਣ ਦਿਤਾ ਗਿਆ |