ਤੀਆਂ ਨੂੰ ਚੜ੍ਹਿਆ ਕਿਸਾਨੀ ਅੰਦੋਲਨ ਦਾ ਰੰਗ, ਔਰਤਾਂ ਨੇ ਬੋਲੀਆਂ ਪਾ ਕੇ ਸਰਕਾਰ ਨੂੰ ਪਾਈਆਂ ਲਾਹਨਤਾਂ
ਕਿਸਾਨੀ ਸੰਘਰਸ਼ ਦੀ ਚੜ੍ਹਦੀ ਕਲਾ ਲਈ ਵੀ ਕੀਤੀ ਅਰਦਾਸ
ਬਰਨਾਲਾ (ਲਖਵੀਰ ਚੀਮਾ) ਖੇਤੀ ਕਾਨੂੰਨਾਂ ਦਾ ਸੰਘਰਸ਼ ਲਗਾਤਾਰ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨਾਂ ਵੱਲੋਂ ਲੜਿਆ ਜਾ ਰਿਹਾ ਹੈ। ਪੂਰਾ ਪੰਜਾਬ ਪਿਛਲੇ 9 ਮਹੀਨਿਆਂ ਤੋਂ ਕਿਸਾਨੀ ਸੰਘਰਸ਼ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਇਸਦਾ ਰੰਗ ਹੁਣ ਪੰਜਾਬ ਦੇ ਸੱਭਿਆਚਾਰ ਤੇ ਵੀ ਪੈਣ ਲੱਗਿਆ ਹੈ। ਸਾਉਣ ਮਹੀਨੇ ਵਿੱਚ ਪਿੰਡਾਂ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।
ਇਸ ਵਾਰ ਤੀਆਂ ਵਿੱਚ ਕਿਸਾਨੀ ਸੰਘਰਸ਼ ਦੀਆਂ ਬੋਲੀਆਂ ਪੈਣ ਲੱਗੀਆਂ। ਬਰਨਾਲਾ ਜਿਲ੍ਹੇ ਦੇ ਪਿੰਡ ਪੱਤੀ ਸੇਖਵਾਂ ਵਿੱਚ ਇਸਦੀ ਝਲਕ ਦੇਖਣ ਨੂੰ ਮਿਲੀ ਹੈ। ਜਿੱਥੇ ਪਿੰਡ ਦੀਆਂ ਔਰਤਾਂ ਵਲੋਂ ਇਕਜੁੱਟ ਹੋ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ।
ਤੀਆਂ ਦੇ ਤਿਉਹਾਰ ਵਿੱਚ ਔਰਤਾਂ ਅਤੇ ਕੁੜੀਆਂ ਵਲੋਂ ਕਿਸਾਨੀ ਸੰਘਰਸ਼ ਦੀਆਂ ਬੋਲੀਆਂ ਪਾਉਣ ਦੇ ਨਾਲ ਨਾਲ ਕੇਂਦਰ ਸਰਕਾਰ ਨੂੰ ਲਾਹਨਤਾਂ ਪਾਈਆਂ ਗਈਆਂ। ਔਰਤਾਂ ਵਲੋਂ ਬੋਲੀਆਂ ਵੀ ਮੋਦੀ ਸਰਕਾਰ ਨੂੰ ਲਾਹਨਤ ਪਾਉਣ ਵਾਲੀਆਂ ਤਿਆਰ ਕੀਤੀਆਂ ਗਈਆਂ।
ਇਸ ਸਬੰਧੀ ਗੱਲਬਾਤ ਕਰਦਿਆਂ ਤੀਆਂ ਮਨਾ ਰਹੀਆਂ ਔਰਤਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਸੰਘਰਸ਼ ਲੜ ਰਹੇ ਹਨ। ਇਸ ਵਾਰ ਉਹਨਾਂ ਵੱਲੋਂ ਮਿਲ ਕੇ ਤੀਆਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕੀਤੀਆਂ ਗਈਆਂ।
ਤੀਆਂ ਦੀਆਂ ਬੋਲੀਆਂ ਵੀ ਕਿਸਾਨਾਂ ਦੇ ਸਮਰਥਨ ਵਾਲੀਆਂ ਹਨ। ਕਿਸਾਨ 9 ਮਹੀਨਿਆਂ ਤੋਂ ਦਿੱਲੀ ਵਿਖੇ ਸੰਘਰਸ਼ ਕਰ ਰਹੇ ਹਨ ਅਤੇ 600 ਦੇ ਕਰੀਬ ਕਿਸਾਨ ਸ਼ਹੀਦ ਹੋ ਗਏ ਹਨ। ਪ੍ਰੰਤੂ ਸਰਕਾਰ ਕਿਸਾਨਾਂ ਦੀ ਸੁਣਵਾਈ ਨਹੀਂ ਕਰ ਰਹੀ।
ਜਿਸ ਕਰਕੇ ਉਹਨਾਂ ਵੱਲੋਂ ਕੇਂਦਰ ਸਰਕਾਰ ਨੂੰ ਤੀਆਂ ਵਿੱਚ ਬੋਲੀਆਂ ਰਾਹੀਂ ਲਾਹਨਤਾਂ ਪਾਈਆਂ ਗਈਆਂ। ਉਹਨਾਂ ਕਿਹਾ ਕਿ ਇਸ ਸੰਘਰਸ਼ ਨੇ ਔਰਤਾਂ ਨੂੰ ਕਾਫ਼ੀ ਜਾਗਰੂਕ ਕੀਤਾ। ਪਹਿਲਾਂ ਔਰਤਾਂ ਸਿਰਫ਼ ਘਰਾਂ ਦੇ ਚੁੱਲਿਆਂ ਤੱਕ ਸੀਮਤ ਸਨ। ਪ੍ਰੰਤੂ ਇਸ ਸੰਘਰਸ਼ ਵਿੱਚ ਔਰਤਾਂ ਘਰਾਂ ਤੋਂ ਬਾਹਰ ਨਿਕਲ ਕੇ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਈਆਂ। ਉਹਨਾਂ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾਏ ਬਿਨ੍ਹਾਂ ਪਿੱਛੇ ਨਹੀਂ ਹਟਾਂਗੇ।