ਸੀਕਰ ਦੇ ਖਾਟੂ ਸ਼ਿਆਮ ਮੰਦਰ ਬਾਹਰ ਮਚੀ ਭਾਜੜ, 3 ਔਰਤਾਂ ਦੀ ਮੌਤ
ਸੀਕਰ ਦੇ ਖਾਟੂ ਸ਼ਿਆਮ ਮੰਦਰ ਬਾਹਰ ਮਚੀ ਭਾਜੜ, 3 ਔਰਤਾਂ ਦੀ ਮੌਤ
ਸੀਕਰ, 8 ਅਗੱਸਤ : ਰਾਜਸਥਾਨ ਦੇ ਸੀਕਰ ਜ਼ਿਲ੍ਹੇ ’ਚ ਸੋਮਵਾਰ ਤੜਕੇ ਖਾਟੂ ਸ਼ਿਆਮ ਮੰਦਰ ਦੇ ਬਾਹਰ ਭਾਜੜ ’ਚ 3 ਔਰਤਾਂ ਦੀ ਮੌਤ ਹੋ ਗਈ ਜਦਕਿ ਚਾ ਹੋਰ ਸ਼ਰਧਾਲੂ ਜ਼ਖ਼ਮੀ ਹੋ ਗਏ ਪੁਲਿਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਹਾਦਸੇ ਨੂੰ ਲੈ ਕੇ ਖਾਟੂ ਸ਼ਿਆਮ ਦੀ ਐਸਐਚਓ ਰਿਆ ਚੌਧਰੀ ਨੂੰ ਮੁਅੱਤਲ ਕਰ ਦਿਤਾ ਗਿਆ ਹੈ। ਸੀਕਰ ਦੇ ਪੁਲਿਸ ਅਧਿਕਾਰੀ ਕੁੰਵਰ ਰਾਸ਼ਟਰਦੀਪ ਨੇ ਦਸਿਆ ਕਿ ਹਾਦਸਾ ਤੜਕੇ ਸਾਢੇ 4 ਵਜੇ ਉਸ ਸਮੇਂ ਵਾਪਰਿਆ, ਜਦੋਂ ਮੰਦਰ ਖੁਲ੍ਹਿਆ। ਮੰਦਰ ਦੇ ਬਾਹਰ ਲੰਬੀਆਂ ਕਤਾਰਾਂ ਸਨ। ਭਾਰੀ ਭੀੜ ’ਚ ਇਕ ਕਤਾਰ ’ਚ ਖੜ੍ਹੀ 63 ਸਾਲਾ ਔਰਤ ਹੇਠਾਂ ਡਿੱਗ ਪਈ। ਉਸ ਨੂੰ ਦਿਲ ਦੀ ਬੀਮਾਰੀ ਸੀ। ਉਸ ਦੇ ਪਿੱਛੇ ਖੜ੍ਹੀਆਂ ਦੋ ਹੋਰ ਔਰਤਾਂ ਵੀ ਡਿੱਗ ਪਈਆਂ। ਭਾਜੜ ’ਚ ਉਨ੍ਹਾਂ ਦੀ ਮੌਤ ਹੋ ਗਈ। ਉਧਰ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਔਰਤਾਂ ਦੀ ਮੌਤ ’ਤੇ ਦੁੱਖ ਜਾਹਰ ਕਰਦੇ ਹੋਏ ਮਿ੍ਰਤਕ ਪਰਵਾਰਾਂ ਪ੍ਰਤੀ ਹਮਦਰਦੀ ਜਾਹਰ ਕੀਤੀ ਹੈ। ਗਹਿਲੋਤ ਨੇ ਟਵੀਟ ਕੀਤਾ, ‘‘ਸੀਕਰ ’ਚ ਖਾਟੂਸ਼ਿਆਮ ਜੀ ਦੇ ਮੰਦਰ ’ਚ ਭਾਜੜ ਮਚ ਜਾਣ ਨਾਲ 3 ਮਹਿਲਾ ਸ਼ਰਧਾਲੂਆਂ ਦੀ ਮੌਤ ਬੇਹੱਦ ਦੁੱਖਦ ਅਤੇ ਬਦਕਿਸਮਤੀਪੂਰਨ ਹੈ। ਮੇਰੀ ਹਮਦਰਦੀ ਮਿ੍ਰਤਕ ਪਰਵਾਰਾਂ ਨਾਲ ਹੈ। ਪਰਮਾਤਮਾ ਉਨ੍ਹਾਂ ਨੂੰ ਇਹ ਦੁੱਖ ਸਹਿਣ ਦੀ ਸ਼ਕਤੀ ਬਖਸ਼ੇ ਅਤੇ ਮਰਹੂਮ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ। ਭਾਜੜ ’ਚ ਜ਼ਖ਼ਮੀ ਹੋਏ ਸ਼ਰਧਾਲੂਆਂ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ। (ਏਜੰਸੀ)