ਰਾਘਵ ਚੱਢਾ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਕੀਤੀ ਮੁਲਾਕਾਤ

ਏਜੰਸੀ

ਖ਼ਬਰਾਂ, ਪੰਜਾਬ

ਰਾਘਵ ਚੱਢਾ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਕੀਤੀ ਮੁਲਾਕਾਤ

image


ਰਾਘਵ ਚੱਢਾ ਨੇ ਮਨਦੀਪ ਕੌਰ ਦੀ ਮ੍ਰਿਤਕ ਦੇਹ ਭਾਰਤ ਵਾਪਸ ਲਿਆਉਣ ਦੀ ਕੀਤੀ ਅਪੀਲ

ਚੰਡੀਗੜ੍ਹ, 8 ਅਗੱਸਤ (ਨਰਿੰਦਰ ਸਿੰਘ ਝਾਂਮਪੁਰ): ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਰਾਘਵ ਚੱਢਾ ਨੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਉਨ੍ਹਾਂ ਦੇ ਦਫ਼ਤਰ ਵਿਚ ਮੁਲਾਕਾਤ ਕੀਤੀ ਅਤੇ ਨਿਊਯਾਰਕ ਵਿਚ ਇਕ 30 ਸਾਲਾ ਭਾਰਤੀ ਮੂਲ ਦੀ ਔਰਤ ਵਲੋਂ ਕੀਤੀ ਖ਼ੁਦਕੁਸ਼ੀ ਦੇ ਮਾਮਲੇ ਵਿਚ ਤੁਰਤ ਦਖ਼ਲ ਦੇਣ, ਪੀੜਤਾਂ ਅਤੇ ਦੁਖੀ ਪ੍ਰਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ।
ਉਨ੍ਹਾਂ ਕੇਂਦਰੀ ਮੰਤਰੀ ਨੂੰ ਵੀ ਮਨਦੀਪ ਕੌਰ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਵਾਪਸ ਲਿਆਉਣ ਦੀ ਵੀ ਅਪੀਲ ਕੀਤੀ। ਅਪਣੇ ਪਤੀ ਰਣਜੋਧਬੀਰ ਸਿੰਘ ਸੰਧੂ ਦੁਆਰਾ ਘਰੇਲੂ ਸ਼ੋਸ਼ਣ ਦਾ ਸ਼ਿਕਾਰ ਹੋਈ ਮਨਦੀਪ ਕੌਰ ਨੇ 3 ਅਗੱਸਤ ਨੂੰ ਨਿਊਯਾਰਕ, ਅਮਰੀਕਾ ਵਿਚ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਤੋਂ ਪਹਿਲਾਂ ਉਨ੍ਹਾਂ ਦੁਆਰਾ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਉਨ੍ਹਾਂ ਨੇ ਸਾਲਾਂ ਤੋਂ ਅਪਣੇ ਨਾਲ ਹੋ ਰਹੇ ਸਰੀਰਕ ਅਤੇ ਮਾਨਸਕ ਤਸ਼ੱਦਦ ਬਾਰੇ ਦਸਿਆ। ਕੇਂਦਰੀ ਮੰਤਰੀ ਨਾਲ ਮੁਲਾਕਾਤ ਦੌਰਾਨ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਮਨਦੀਪ ਕੌਰ ਜੋ ਕਿ ਅਪਣੇ ਪਿੱਛੇ ਇਕ ਦੁਖੀ ਪ੍ਰਵਾਰ ਅਤੇ ਦੋ ਬੱਚੇ ਛੱਡ ਗਈ ਹੈ, ਦੀ ਦੁਖਦਾਈ ਮੌਤ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿਤਾ। ਚੱਢਾ ਨੇ ਕੇਂਦਰੀ ਮੰਤਰੀ ਨੂੰ ਸੌਂਪੇ ਅਪਣੇ ਮੰਗ ਪੱਤਰ ਵਿਚ ਕਿਹਾ, “ਅਸੀਂ ਉਨ੍ਹਾਂ ਨੂੰ ਵਾਪਸ ਨਹੀਂ ਲਿਆ ਸਕਦੇ। ਪਰ ਮੈਂ ਵਿਦੇਸ਼ ਮੰਤਰਾਲੇ ਨੂੰ ਇਹ ਯਕੀਨੀ ਬਣਾਉਣ ਲਈ ਬੇਨਤੀ ਕਰਦਾ ਹਾਂ ਕਿ ਦੋਸ਼ੀਆਂ ਨੂੰ ਇਨਸਾਫ਼ ਦੇ ਦਾਇਰੇ ਵਿਚ ਲਿਆਂਦਾ ਜਾਵੇ ਅਤੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਬਾਰੇ ਉਸ ਦੇ ਪ੍ਰਵਾਰ ਦੀਆਂ ਮੰਗਾਂ ਨੂੰ ਵੀ ਤੁਰਤ ਪੂਰਾ ਕੀਤਾ ਜਾਵੇ।”
ਇਸ ਘਟਨਾ ’ਤੇ ਅਫ਼ਸੋਸ ਜ਼ਾਹਰ ਕਰਦਿਆਂ ਚੱਢਾ ਨੇ ਕਿਹਾ ਕਿ ਸੱਭ ਤੋਂ ਦੁਖਦਾਈ ਗੱਲ ਇਹ ਹੈ ਕਿ ਮਨਦੀਪ ਕੌਰ ਨੇ ਅਪਣੇ ਅਪਮਾਨਜਨਕ ਵਿਆਹ ਤੋਂ ਬਚਣ ਲਈ ਕਈ ਅਸਫ਼ਲ ਕੋਸ਼ਿਸ਼ਾਂ ਕੀਤੀਆਂ ਅਤੇ ਇਹ ਸੋਚ ਕੇ ਦਿਲ ਕੰਬ ਜਾਂਦਾ ਹੈ ਕਿ ਅਜਿਹੀਆਂ ਕਿੰਨੀਆਂ ਹੀ ਹੋਰ ਭਾਰਤੀ ਮਹਿਲਾਵਾਂ ਵਿਦੇਸ਼ਾਂ ’ਚ ਘਰੇਲੂ ਸ਼ੋਸ਼ਣ ਦਾ ਸ਼ਿਕਾਰ ਹਨ। ਉਨ੍ਹਾਂ ਨੇ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਤੁਰਤ ਕਦਮ ਚੁਕਣ ਅਤੇ ਵਿਦੇਸ਼ਾਂ ਵਿਚ ਰਹਿ ਰਹੀਆਂ ਭਾਰਤੀ ਔਰਤਾਂ ਨੂੰ ਅਜਿਹੇ ਸ਼ੋਸ਼ਣ ਅਤੇ ਹਿੰਸਕ ਸਥਿਤੀਆਂ ਤੋਂ ਨਿਕਲਣ ਲਈ ਰਸਤਾ ਅਤੇ ਸਾਧਨ ਮੁਹਈਆ ਕਰਵਾਏ ਜਾਣ।
ਐਸਏਐਸ-ਨਰਿੰਦਰ-8-3ਏ