ਸਿਮਰਜੀਤ ਬੈਂਸ ਨੇ ਬਰਨਾਲਾ ਜੇਲ੍ਹ ਤੋਂ ਚੁੱਕਿਆ ਪਾਣੀਆਂ ਦੀ ਕੀਮਤ ਵਸੂਲੀ ਦਾ ਮੁੱਦਾ 

ਏਜੰਸੀ

ਖ਼ਬਰਾਂ, ਪੰਜਾਬ

ਦਿੱਲੀ ਸਮੇਤ ਹੋਰਨਾਂ ਸੂਬਿਆਂ ਤੋਂ ਆਪ ਸਰਕਾਰ ਕਰੇ ਪਾਣੀਆਂ ਦੀ ਕੀਮਤ ਵਸੂਲੀ : ਪ੍ਰਦੀਪ ਬੰਟੀ

Simarjeet Bains

ਬਰਨਾਲਾ : ਪੰਜਾਬ ਤੋਂ ਹੋਰਨਾਂ ਸੂਬਿਆਂ ਨੂੰ ਮੁਫਤ ਵਿਚ ਜਾਂਦੇ ਪਾਣੀਆਂ ਦੀ ਕੀਮਤ ਵਸੂਲੀ ਦਾ ਮੁੱਦਾ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਬਰਨਾਲਾ ਜੇਲ੍ਹ ਤੋਂ ਇਕ ਵਾਰ ਫਿਰ ਚੁੱਕਿਆ। ਇਸ ਸਬੰਧੀ ਉਹਨਾਂ ਲੋਕ ਇਨਸਾਫ ਪਾਰਟੀ ਦੇ ਮੀਡੀਆ ਇੰਚਾਰਜ ਨਾਲ ਮੁਲਾਕਾਤ ਦੌਰਾਨ ਇਸ ਮੁੱਦੇ ਨੂੰ ਸਰਕਾਰੇ ਦਰਬਾਰੇ ਪਹੁੰਚਾਉਣ ਅਤੇ ਲੋਕਾਂ ਵਿਚ ਉੱਠਾਣ ਦੀ ਡਿਊਟੀ ਲਗਾਈ।

ਜੇਲ੍ਹ ਵਿੱਚ ਬੈਸ ਨਾਲ ਵਿਸ਼ੇਸ਼ ਮੁਲਾਕਾਤ ਕਰਨ ਲਈ ਪੁੱਜੇ ਪ੍ਰਦੀਪ ਸਿੰਘ ਬੰਟੀ ਨੇ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜਦੋਂ ਬੈਂਸ ਸਾਬ ਨਾਲ ਕੁਝ ਮੁੱਦਿਆਂ 'ਤੇ ਚਰਚਾ ਕਰਨੀ ਸ਼ੁਰੂ ਕੀਤੀ ਤਾਂ ਉਹਨਾਂ ਨੇ ਖੁਦ ਨਾਲ ਸਬੰਧਿਤ ਮੁੱਦਿਆਂ ਨੂੰ ਦਰ ਕਿਨਾਰ ਕਰਦੇ ਹੋਏ ਪੰਜਾਬ ਦੇ ਮੁੱਖ ਮੁੱਦਿਆਂ 'ਤੇ ਹੀ ਗੱਲਬਾਤ ਦੀ ਸ਼ੁਰੂਆਤ ਕੀਤੀ।

ਜਿਸ ਵਿੱਚ ਉਨ੍ਹਾਂ ਨੇ ਵਿਸ਼ੇਸ ਤੌਰ 'ਤੇ ਹਰਿਆਣਾ ਰਾਜਸਥਾਨ ਦਿੱਲੀ ਨੂੰ ਜਾਂਦੇ ਪਾਣੀਆਂ ਦੀ ਕੀਮਤ ਵਸੂਲੀ ਸਬੰਧੀ ਸਰਕਾਰ ਵਲੋਂ ਕੀਤੇ ਜਾ ਰਹੇ ਉਪਰਾਲੇ ਦੀ ਜਾਣਕਾਰੀ ਲਈ ਅਤੇ ਸਾਰਾ ਮਾਮਲਾ ਵਿਸਥਾਰ ਨਾਲ ਸੁਣਾਉਣ ਤੋਂ ਬਾਅਦ ਉਹਨਾਂ ਮੇਰੀ ਡਿਊਟੀ ਇਸ ਮਾਮਲੇ ਸਬੰਧੀ ਸਰਕਾਰ ਨੂੰ ਅਪੀਲ ਕਰਨ ਦੀ ਲਗਾਈ ਕਿ ਦਿੱਲੀ ਤੋਂ ਹਰਿਆਣਾ ਨੂੰ ਜਾਂਦੇ 421 ਕਿਉਸਕ ਪਾਣੀ ਦੀ 4 ਕਰੋੜ ਕੀਮਤ ਦੇ ਸਮਝੌਤੇ ਦੀ ਤਰਜ਼ 'ਤੇ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦਾ ਦਿੱਲੀ ਨੂੰ ਜਾ ਰਹੇ 496 ਕਿਉਸਕ ਪਾਣੀਆਂ ਦਾ ਬਣਦਾ ਹੱਕ ਅਤੇ ਹਰਿਆਣਾ ਤੇ ਰਾਜਸਥਾਨ ਨੂੰ ਜਾ ਰਹੇ ਪਾਣੀਆਂ ਦੀ ਕੀਮਤ ਵਸੂਲੀ ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਹੈ। ਇਸ ਦੀ ਸ਼ੁਰੂਆਤ ਪੰਜਾਬ ਦੀ ਮਾਨ ਸਰਕਾਰ ਦਿੱਲੀ ਦੀ ਕੇਜਰੀਵਾਲ ਸਰਕਾਰ ਤੋਂ ਆਸਾਨੀ ਨਾਲ ਕਰ ਸਕਦੀ ਹੈ।

ਜੇ ਦਿੱਲੀ ਪੰਜਾਬ ਨੂੰ ਪਾਣੀਆਂ ਦੀ ਕੀਮਤ ਦੇਣੇ ਦੀ ਸ਼ੁਰੂਆਤ ਕਰ ਦੇਵੇ ਤਾਂ ਪੰਜਾਬ ਦਾ ਹੋਰਨਾਂ ਸੂਬਿਆਂ ਨੂੰ ਜਾ ਰਹੇ ਪਾਣੀਆਂ ਦੀ ਕੀਮਤ ਵਸੂਲੀ ਲਈ ਰਾਹ ਆਸਾਨ ਹੋ ਸਕਦਾ ਹੈ। ਪਾਣੀਆਂ ਦੀ ਕੀਮਤ ਵਸੂਲੀ ਸਬੰਧੀ ਪਾਰਟੀ ਦੇ ਸਰਪ੍ਰਸਤ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਬੈਂਸ ਵਲੋਂ ਇਕ ਲਿਖਤੀ ਪੱਤਰ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜੀਆਂ ਜਾਵੇਗਾ। ਜਿਸ ਰਾਹੀਂ ਪੰਜਾਬ ਦੇ ਭਲੇ ਨਾਲ ਸਬੰਧਤ ਇਸ ਮੁੱਦੇ 'ਤੇ ਵਿਸਤਾਰ ਨਾਲ ਗੱਲਬਾਤ ਕਰਨ ਲਈ ਸਮਾਂ ਵੀ ਮੰਗਿਆ ਜਾਵੇਗਾ ਤਾਂ ਜੋ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਸੋਚ ਮੁਤਾਬਿਕ ਪੰਜਾਬ ਨੂੰ ਤਰੱਕੀ ਅਤੇ ਖੁਸ਼ਹਾਲੀ ਦੇ ਰਾਹ ਪਾਈਆਂ ਜਾ ਸਕੇ।