ਚੰਨੀ ਦੇ ਭਣੇਵੇਂ ਹਨੀ ਦੇ ਨੇੜਲੇ ਕੁਦਰਤਦੀਪ ਵਲੋਂ ਮਾਈਨਿੰਗ ਦੀ ਐਫ਼ਆਈਆਰ ਖ਼ਤਮ ਕਰਨ ਦੀ ਮੰਗ ਬਾਰੇ ਪਟੀਸ਼ਨ ਹੋਈ ਰੱਦ

ਏਜੰਸੀ

ਖ਼ਬਰਾਂ, ਪੰਜਾਬ

ਚੰਨੀ ਦੇ ਭਣੇਵੇਂ ਹਨੀ ਦੇ ਨੇੜਲੇ ਕੁਦਰਤਦੀਪ ਵਲੋਂ ਮਾਈਨਿੰਗ ਦੀ ਐਫ਼ਆਈਆਰ ਖ਼ਤਮ ਕਰਨ ਦੀ ਮੰਗ ਬਾਰੇ ਪਟੀਸ਼ਨ ਹੋਈ ਰੱਦ

image

 

ਚੰਡੀਗੜ, 8 ਅਗੱਸਤ (ਸੁਰਜੀਤ ਸਿੰਘ ਸੱਤੀ) : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਣੇਵੇਂ ਭੁਪਿੰਦਰ ਸਿੰਘ ਹਨੀ ਦੇ ਕਰੀਬੀ ਕੁਦਰਤਦੀਪ ਸਿੰਘ ਵਿਰੁਧ ਨਵਾਂਸ਼ਹਿਰ ਦੇ ਥਾਣਾ ਰਾਹੋਂ ਵਿਖੇ ਦਰਜ ਗ਼ੈਰ ਕਾਨੂੰਨੀ ਮਾਈਨਿੰਗ ਦਾ ਮਾਮਲਾ ਰੱਦ ਕਰਨ ਦੀ ਮੰਗ ਨੂੰ ਲੈ ਦਾਖ਼ਲ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਕਰਮਜੀਤ ਸਿੰਘ ਦੀ ਬੈਂਚ ਨੇ ਰੱਦ ਕਰ ਦਿਤੀ ਹੈ। ਪੁਲਿਸ ਨੇ ਕੁਦਰਤਦੀਪ ਸਿੰਘ ਤੋਂ ਇਲਾਵਾ ਭੁਪਿੰਦਰ ਸਿੰਘ ਹਨੀ ਨੂੰ ਵੀ ਇਸ ਮਾਮਲੇ ਵਿਚ ਨਾਮਜਦ ਕੀਤਾ ਸੀ ਪਰ ਅਜੇ ਕੁਦਰਤਦੀਪ ਸਿੰਘ ਨੇ ਹੀ ਹਾਈਕੋਰਟ ਪਹੁੰਚ ਕੀਤੀ ਸੀ। ਉਨਾਂ ਵਿਰੁੱਧ ਗੈਰ ਕਾਨੂੰਨੀ ਮਾਈਨਿੰਗ, ਆਵੋਹਵਾ ਨੂੰ ਨੁਕਸਾਨ ਪਹੁੰਚਾਉਣ ਤੇ ਕਾਗਜਾਂ ’ਚ ਹੇਰਫੇਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸਰੋਤਾਂ ਤੋਂ ਵਧ ਆਮਦਨ ਦਾ ਮਾਮਲਾ ਦਰਜ ਕੀਤਾ ਸੀ ਤੇ ਕਿਹਾ ਸੀ ਕਿ ਲਗਭਗ 10 ਕਰੋੜ ਰੁਪਏ ਦੀ ਇਹ ਰਕਮ ਗੈਰ ਕਾਨੂੰਨੀ ਮਾਈਨਿੰਗ ਅਤੇ ਸਰਕਾਰ ਕੋਲੋਂ ਬਦਲੀਆਂ ਕਰਵਾਉਣ ਦੇ ਇਵਜ਼ ਵਿੱਚ ਇਕੱਤਰ ਕੀਤੀ ਗਈ ਸੀ। ਇਸ ਮਾਮਲੇ ਵਿੱਚ ਜੁਲਾਈ ਦੇ ਪਹਿਲੇ ਹਫਤੇ ਹੀ ਭੁਪਿੰਦਰ ਹਨੀ ਨੂੰ ਜਮਾਨਤ ਮਿਲੀ ਸੀ ਤੇ ਈਡੀ ਤੋਂ ਇਨਪੁਟ ਮਿਲਣ ’ਤੇ ਪੰਜਾਬ ਪੁਲਿਸ ਨੇ ਨਵਾਂ ਮਾਮਲਾ ਦਰਜ ਕਰ ਲਿਆ ਸੀ। ਨਵੇਂ ਮਾਮਲੇ ਬਾਰੇ ਪੰਜਾਬ ਪੁਲਿਸ ਦਾ ਕਹਿਣਾ ਸੀ ਕਿ ਈਡੀ ਨੂੰ ਵਜ਼ਨ ਕਰਨ ਵਾਲੀਆਂ 73 ਜਾਅਲੀ ਪਰਚੀਆਂ ਬਰਾਮਦ ਹੋਈਆਂ ਸੀ ਤੇ ਇਸ ਬਾਰੇ ਪੜਤਾਲ ਕਰਨ ਉਪਰੰਤ ਈਡੀ ਨੇ ਪੰਜਾਬ ਪੁਲਿਸ ਨੂੰ ਰਿਪੋਰਟ ਭੇਜੀ ਸੀ। ਇਸ ਰਿਪੋਰਟ ’ਤੇ ਮਾਈਨਿੰਗ ਵਿਭਾਗ ਕੋਲੋਂ ਦਰਿਆਫਤ ਕਰਵਾਈ ਗਈ ਤੇ ਜਾਂਚ ਕਰਵਾਈ ਗਈ, ਜਿਸ ’ਤੇ ਇਹ ਵੀ ਸਾਹਮਣੇ ਆਇਆ ਕਿ ਮੰਜੂਰੀ ਤੋਂ ਕਿਤੇ ਵੱਧ ਮਾਈਨਿੰਗ ਕੀਤੀ ਗਈ ਤੇ ਇਸੇ ਕਾਰਨ ਉਪਰੋਕਤ ਮਾਮਲਾ ਦਰਜ ਕੀਤਾ ਗਿਆ ਸੀ ਤੇ ਇਹੋ ਮਾਮਲਾ ਰੱਦ ਕਰਨ ਲਈ ਕੁਦਰਤਦੀਪ ਨੇ ਹਾਈਕੋਰਟ ਪਹੁੰਚ ਕੀਤੀ ਸੀ। ਕੁਦਰਤਦੀਪ ਦੇ ਵਕੀਲਾਂ ਨੇ ਦਲੀਲ ਰੱਖੀ ਸੀ ਕਿ ਇੱਕੋ ਤੱਥਾਂ ‘ਤੇ ਦੋ ਐਫਆਈਆਰਜ ਨਹੀਂ ਹੋ ਸਕਦੀਆਂ, ਪਹਿਲਾਂ ਈਡੀ ਨੇ ਮਾਮਲਾ ਦਰਜ ਕੀਤਾ ਤੇ ਫੇਰ ਈਡੀ ਵੱਲੋਂ ਮਿਲੇ ਇਨਪੁੱਟ ਦੇ ਅਧਾਰ ‘ਤੇ ਪੰਜਾਬ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਦੋਵੇਂ ਮਾਮਲਿਆਂ ਵਿੱਚ ਤੱਥ ਇੋਕੇ ਜਿਹੇ ਹਨ, ਲਿਹਾਜਾ ਪੁਲਿਸ ਵੱਲੋਂ ਦਰਜ ਐਫਆਈਆਰ ਰੱਦ ਕੀਤੀ ਜਾਣੀ ਚਾਹੀਦੀ ਹੈ। ਸਰਕਾਰ ਵੱਲੋਂ ਗੌਰਵ ਗਰਗ ਧੂਰੀਵਾਲਾ ਨੇ ਪੈਰਵੀ ਕਰਦਿਆਂ ਪਟੀਸਨ ਦਾ ਵਿਰੋਧ ਕੀਤਾ ਸੀ ਤੇ ਦਲੀਲਾਂ ਸੁਣਨ ਉਪਰੰਤ ਮਾਮਲੇ ਵਿੱਚ ਫੈਸਲਾ ਰਾਖਵਾਂ ਕਰ ਲਿਆ ਸੀ ਤੇ ਅੱਜ ਪਟੀਸਨ ਰੱਦ ਕਰ ਦਿੱਤੀ ਹੈ। ਜਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਰਾਹੋਂ ਪੁਲਿਸ ਕੁਦਰਤਦੀਪ ਨੂੰ ਪ੍ਰੋਡਕਸਨ ਵਾਰੰਟ ‘ਤੇ ਲਿਆ ਕੇ ਗਿਰਫਤਾਰੀ ਪਾ ਚੁੱਕੀ ਹੈ ਪਰ ਅਜੇ ਹਨੀ ਨੂੰ ਗਿਰਫਤਾਰ ਨਹੀਂ ਕੀਤਾ ਗਿਆ ਹੈ।