..ਜਦੋਂ ਨਾਇਡੂ ਨੇ ਰਾਘਵ ਚੱਢਾ ਨੂੰ ਕਿਹਾ, ਪਹਿਲਾ ਪਿਆਰ ਹੀ ਚੰਗਾ ਹੁੰਦਾ ਹੈ, ਹਮੇਸ਼ਾ ਬਣਿਆ ਰਹਿਣਾ ਚਾਹੀਦੈ

ਏਜੰਸੀ

ਖ਼ਬਰਾਂ, ਪੰਜਾਬ

..ਜਦੋਂ ਨਾਇਡੂ ਨੇ ਰਾਘਵ ਚੱਢਾ ਨੂੰ ਕਿਹਾ, ਪਹਿਲਾ ਪਿਆਰ ਹੀ ਚੰਗਾ ਹੁੰਦਾ ਹੈ, ਹਮੇਸ਼ਾ ਬਣਿਆ ਰਹਿਣਾ ਚਾਹੀਦੈ

image

ਨਵੀਂ ਦਿੱਲੀ, 8 ਅਗੱਸਤ : ਰਾਜ ਸਭਾ ਦੇ ਚੇਅਰਮੈਨ ਐਮ. ਵੈਂਕਈਆ ਨਾਇਡੂ ਨੂੰ ਅੱਜ ਵਿਦਾਇਗੀ ਦਿਤੀ ਗਈ। ਉਨ੍ਹਾਂ ਦਾ ਕਾਰਜਕਾਲ 10 ਅਗੱਸਤ ਨੂੰ ਖ਼ਤਮ ਹੋ ਰਿਹਾ ਹੈ। ਰਾਜ ਸਭਾ ’ਚ ਜਿਥੇ ਸੰਸਦ ਮੈਂਬਰਾਂ ਨੇ ਉਨ੍ਹਾਂ ਦੇ ਹਾਸੇ-ਮਜ਼ਾਕ ਅਤੇ ਸਮਝਦਾਰੀ ਦੀ ਪ੍ਰਸੰਸ਼ਾ ਕੀਤੀ, ਉਥੇ ਹੀ ਨਾਇਡੂ ਨੇ ਆਮ ਆਦਮੀ ਪਾਰਟੀ (ਆਪ) ਮੈਂਬਰ ਰਾਘਵ ਚੱਢਾ ਦੀ ‘ਪਹਿਲੇ ਪਿਆਰ’ ਨੂੰ ਲੈ ਕੇ ਕੀਤੀ ਗਈ ਟਿਪਣੀ ’ਤੇ ਅਜਿਹੀ ਚੁਟਕੀ ਲਈ ਕਿ ਮੈਂਬਰਾਂ ਸਮੇਤ ਪੂਰੇ ਸਦਨ ਵਿਚ ਠਹਾਕੇ ਲੱਗੇ। ਆਮ ਆਦਮੀ ਪਾਰਟੀ ਦੇ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ ਦੇ ਚੇਅਰਮੈਨ ਵਜੋਂ ਨਾਇਡੂ ਦੇ ਯੋਗਦਾਨ ਨੂੰ ਯਾਦ ਕੀਤਾ।
ਸਦਨ ’ਚ ਆਉਣ ਦੇ ਅਪਣੇ ਪਹਿਲੇ ਦਿਨ ਦੇ ਤਜਰਬੇ ਨੂੰ ਯਾਦ ਕਰਦਿਆਂ ਰਾਘਵ ਨੇ ਕਿਹਾ, ‘‘ਹਰ ਕੋਈ ਅਪਣਾ ਪਹਿਲਾ ਅਨੁਭਵ ਯਾਦ ਰਖਦਾ ਹੈ। ਸਕੂਲ ਦਾ ਪਹਿਲਾ ਦਿਨ, ਪਹਿਲਾ ਪਿ੍ਰੰਸੀਪਲ, ਪਹਿਲਾ ਅਧਿਆਪਕ, ਪਹਿਲਾ ਪਿਆਰ।’’ ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਅਪਣਾ ਸੰਸਦੀ ਕਰੀਅਰ ਸ਼ੁਰੂ ਕੀਤਾ ਸੀ ਤਾਂ ਨਾਇਡੂ ਇਸ ਦੇ ਪਹਿਲੇ ਚੇਅਰਮੈਨ ਸਨ, ਇਸ ਲਈ ਉਹ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਣਗੇ।
ਜਦੋਂ ‘ਆਪ’ ਮੈਂਬਰ ਨੇ ਅਪਣੀ ਗੱਲ ਖ਼ਤਮ ਕੀਤੀ ਤਾਂ ਨਾਇਡੂ ਨੇ ਪੁਛਿਆ, “ਰਾਘਵ, ਮੈਨੂੰ ਲਗਦਾ ਹੈ ਕਿ ਪਿਆਰ ਇਕੋ ਜਿਹਾ ਹੁੰਦਾ ਹੈ, ਹੈ ਨਾ? ਇਕ ਵਾਰ, ਦੋ ਵਾਰ, ਤੀਜੀ ਵਾਰ... ਅਜਿਹਾ ਹੁੰਦਾ ਹੈ... ਨਹੀਂ ਨਾ।... ਪਹਿਲਾ ਪਿਆਰ ਸਹੀ ਹੁੰਦਾ ਹੈ?’’ ਇਸ ’ਤੇ ਮੁਸਕਰਾਉਂਦੇ ਹੋਏ ਰਾਘਵ ਚੱਢਾ ਨੇ ਕਿਹਾ, ‘‘ਮੈਂ ਇੰਨਾ ਅਨੁਭਵੀ ਨਹੀਂ ਹਾਂ।’’ ਇਸ ਦੇ ਜਵਾਬ ਵਿਚ ਨਾਇਡੂ ਨੇ ਹੱਸਦੇ ਹੋਏ ਕਿਹਾ, “ਪਹਿਲਾ ਪਿਆਰ ਚੰਗਾ ਹੁੰਦਾ ਹੈ, ਉਹ ਹੀ ਹਮੇਸ਼ਾ ਰਹਿਣਾ ਚਾਹੀਦਾ ਹੈ... ਸਾਰੀ ਉਮਰ ਉਹ ਹੀ ਰਹਿਣਾ ਚਾਹੀਦਾ ਹੈ। ਚੇਅਰਮੈਨ ਦੀ ਇਸ ਟਿਪਣੀ ਤੋਂ ਪੂਰੇ ਸਦਨ ’ਚ ਠਹਾਕੇ ਲੱਗੇ। (ਏਜੰਸੀ)